ਜਲਾਲ ਵਿਖੇ ਲਗਾਏ ਗਏ 236ਵੇਂ ਮੁਫ਼ਤ ਅਪ੍ਰੇਸ਼ਨ ਲੈਂਜ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
–ਹਸਪਤਾਲ ਵੱਲੋਂ ਕੀਤੇ ਜਾ ਰਹੇ ਇਸ ਨੇਕ ਉਪਰਾਲੇ ਦੀ ਸਿਹਤ ਮੰਤਰੀ ਨੇ ਕੀਤੀ ਸ਼ਲਾਘਾ
ਸੁਖਜਿੰਦਰ ਮਾਨ
ਜਲਾਲ/ਬਠਿੰਡਾ, 29 ਅਕਤੂਬਰ : ਵਿਵੇਕ ਚੈਰੀਟੇਬਲ ਅੱਖਾਂ ਦੇ ਹਸਪਤਾਲ ਵੱਲੋਂ ਅੱਜ ਪਿੰਡ ਜਲਾਲ ਵਿਖੇ 236ਵਾਂ ਮੁਫ਼ਤ ਅਪ੍ਰੇਸ਼ਨ ਲੈਂਜ ਕੈਂਪ ਲਗਾਇਆ ਗਿਆ, ਜਿਸ ਵਿੱਚ ਪੰਜਾਬ ਦੇ ਸਿਹਤ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਸ੍ਰੀ ਬਲਕਾਰ ਸਿੱਧੂ ਵਿਸ਼ੇਸ਼ ਮਹਿਮਾਨ ਵਜੋਂ ਅਤੇ ਚੇਅਰਮੈਨ ਟ੍ਰੇਡਰਜ਼ ਬੋਰਡ ਸ਼੍ਰੀ ਅਨਿੱਲ ਠਾਕੁਰ, ਚੇਅਰਮੈਨ ਜੰਗਲਾਤ ਵਿਭਾਗ ਸ੍ਰੀ ਰਾਕੇਸ਼ ਪੁਰੀ, ਚੇਅਰਮੈਨ ਸੂਗਰਫੈਡ ਪੰਜਾਬ ਸ੍ਰੀ ਨਵਦੀਪ ਜੀਦਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਅੰਮ੍ਰਿਤ ਲਾਲ ਅਗਰਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।ਇਸ ਮੌਕੇ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਵੱਧ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਹੀ ਵਧੀਆ ਸਿਹਤ ਸੇਵਾਵਾਂ ਦੇਣ ਦੇ ਮਕਸਦ ਲਈ ਸੂਬੇ ਭਰ ਵਿੱਚ ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ। ਇਨ੍ਹਾਂ ਮੁਹੱਲਾ ਕਲੀਨਿਕਾਂ ਵਿੱਚ ਸੂਬੇ ਦੇ ਲੋਕਾਂ ਨੂੰ ਵਧੀਆ ਤੇ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਪੰਜਾਬ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਹਰ ਯਤਨ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਬਣਾਉਣ ਦੇ ਸਿਰਫ਼ 7 ਮਹੀਨਿਆਂ ਦੇ ਅੰਦਰ ਹੀ ਉਨਾਂ ਦੀ ਸਰਕਾਰ ਵੱਲੋਂ ਫ਼ਸਲਾਂ ਦੀ ਸੁਚੱਜੀ ਖਰੀਦ ਦੇ ਨਾਲ-ਨਾਲ ਪੱਕੀਆਂ ਭਰਤੀਆਂ, ਹਰ ਵਰਗ ਦੇ ਪਰਿਵਾਰਾਂ ਨੂੰ 600 ਯੂਨਿਟ ਮੁਫ਼ਤ ਬਿਜਲੀ, ਪੰਜਾਬ ਦੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਵਰਗੇ ਇਤਿਹਾਸਿਕ ਫ਼ੈਸਲੇ ਲੈ ਕੇ ਕਰਕੇ ਰੰਗਲਾ ਪੰਜਾਬ ਬਣਾਉਣ ਵੱਲ ਅਹਿਮ ਕਦਮ ਪੁੱਟੇ ਹਨ।ਵਿਵੇਕ ਚੈਰੀਟੇਬਲ ਟ੍ਰਸਟ ਮੁਖੀ ਸ਼੍ਰੀਮਾਨ ਮਹੰਤ ਗੰਗਾ ਰਾਮ ਜੀ ਦੇ ਉਪਰਾਲੇ ਸਦਕਾ ਚਲਾਏ ਜਾ ਰਹੇ ਅੱਖਾਂ ਦੇ ਹਸਪਤਾਲ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਲੋਕ ਇਸ ਹਸਪਤਾਲ ਵਿੱਚੋਂ ਆਪਣਾ ਮੁਫ਼ਤ ਵਿੱਚ ਇਲਾਜ ਕਰਵਾਕੇ ਦੁਬਾਰਾ ਆਪਣੀਆਂ ਅੱਖਾਂ ਦੀ ਰੋਸ਼ਨੀ ਪ੍ਰਾਪਤ ਕਰਕੇ ਆਪਣਾ ਜੀਵਣ ਬਸਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਚੈਰੀਟੇਬਲ ਹਸਪਤਾਲ ਵੱਲੋਂ ਆਮ ਲੋਕਾਂ ਨੂੰ ਅੱਖਾਂ ਦੀ ਰੋਸ਼ਨੀ ਦੁਬਾਰਾ ਦੇ ਕੇ ਇੱਕ ਵਾਰ ਫ਼ਿਰ ਤੋਂ ਜੱਗ ਦਿਖਾਉਣ ਵਾਲਾ ਕੰਮ ਬਹੁਤ ਹੀ ਨੇਕ ਤੇ ਪੁੰਨ ਵਾਲਾ ਕੰਮ ਹੁੰਦਾ ਹੈ ਅਤੇ ਰੋਸ਼ਨੀ ਪ੍ਰਾਪਤ ਕਰਨ ਵਾਲੇ ਮਰੀਜ਼ਾਂ ਦੀਆਂ ਅਸੀਸ਼ਾਂ ਬਹੁਤ ਹੀ ਵੱਡਮੁੱਲੀਆਂ ਹੁੰਦੀਆਂ ਹਨ। ਕੈਬਨਿਟ ਮੰਤਰੀ ਨੇ ਇਸ ਮੌਕੇ ਕਿਹਾ ਕਿ ਆਪਣੇ ਵਾਸਤੇ ਤਾਂ ਸਾਰੀ ਦੁਨੀਆਂ ਹੀ ਕੰਮ ਕਰਦੀ ਹੈ, ਪਰ ਜੋ ਕਿ ਕੰਮ ਦੂਜਿਆਂ ਦੀ ਭਲਾਈ ਲਈ ਕੀਤਾ ਜਾਂਦਾ ਹੈ ਕਿ ਉਸ ਕੰਮ ਨੂੰ ਹਮੇਸ਼ਾਂ ਹੀ ਯਾਦ ਰੱਖਿਆ ਜਾਂਦਾ ਹੈ।ਕੈਬਨਿਟ ਮੰਤਰੀ ਵੱਲੋਂ ਹਸਪਤਾਲ ਵਿਖੇ ਬਣੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਦਿਆਂ ਹਸਪਤਾਲ ਵਿਖੇ ਆਧੁਨਿਕ ਤਕਨੀਕ ਦੀਆਂ ਅੱਖਾਂ ਦੀਆਂ ਮਸ਼ੀਨਾ ਬਾਰੇ ਵੀ ਸਟਾਫ਼ ਨਾਲ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਸ੍ਰੀ ਜੋੜਾਮਾਜਰਾ ਵੱਲੋਂ ਮੌਕੇ ਤੇ ਮਰੀਜਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾ ਹਾਲਚਾਲ ਵੀ ਪੁੱਛਿਆ ਅਤੇ ਅੱਖਾਂ ਦੇ ਡਾਕਟਰ ਤੋਂ ਆਪਣੀਆਂ ਅੱਖਾਂ ਦਾ ਵੀ ਚੈਕਅੱਪ ਕਰਵਾਇਆ। ਵਿਵੇਕ ਚੈਰੀਟੇਬਲ ਅੱਖਾਂ ਦੇ ਹਸਪਤਾਲ ਦੇ ਆਈ ਸਰਜਨ ਮੈਡਮ ਮੀਨਾਕਸ਼ੀ ਸਿੰਧੂ ਨੇ ਹਸਪਤਾਲ ਬਾਰੇ ਚਾਨਣਾ ਪਾਉਂਦੇ ਦੱਸਿਆ ਕਿ ਸਾਲ 1987 ਤੋਂ ਸ਼ੁਰੂ ਹੋਏ ਇਸ ਹਸਪਤਾਲ ਦੁਆਰਾ ਹੁਣ ਤੱਕ ਕਰੀਬ 2 ਲੱਖ ਅੱਖਾਂ ਦੇ ਮਰੀਜਾਂ ਦਾ ਮੁਫ਼ਤ ਵਿੱਚ ਇਲਾਜ ਕੀਤਾ ਜਾ ਚੁੱਕਾ ਹੈ ਅਤੇ ਜ਼ਰੂਰਤ ਮੰਦਾਂ ਨੂੰ ਮੁਫ਼ਤ ਚ ਲੈਂਜ ਪਾਏ ਗਏ ਹਨ।ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਜੌੜਾਮਾਜਰਾ ਵਿਵੇਕ ਆਸ਼ਰਮ ਜਲਾਲ ਵਿਖੇ ਵੀ ਨਤਮਸਤਕ ਹੋਏ ਅਤੇ ਇੱਥੇ ਬਣੀ ਗਊਸ਼ਾਲਾ ਨੂੰ ਵੀ ਦੇਖਿਆ। ਵਿਵੇਕ ਆਸ਼ਰਮ ਮੁਖੀ ਸ਼੍ਰੀਮਾਨ ਸਵਾਮੀ ਬ੍ਰਹਮ ਮੁਨੀ ਜੀ ਸ਼ਾਸਤਰੀ ਵੱਲੋਂ ਕੈਬਨਿਟ ਮੰਤਰੀ ਸ੍ਰੀ ਚੇਤਨ ਸਿੰਘ ਜੌੜਾਮਾਜਰਾ ਨੂੰ ਸਨਮਾਨ ਚਿੰਨ ਭੇਂਟ ਕੀਤਾ ਗਿਆ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਰਾਮੁਪਰਾ ਫੂਲ ਸ੍ਰੀ ਓਮ ਪ੍ਰਕਾਸ਼, ਸਿਵਲ ਸਰਜਨ ਸ੍ਰੀ ਤੇਜਵੰਤ ਸਿੰਘ ਢਿੱਲੋਂ, ਸ੍ਰੀ ਬਰਿੰਦਰ ਕੁਮਾਰ ਮਧੇਕੇ ਆਪ ਸੂਬਾ ਸੰਯੁਕਤ ਸਕੱਤਰ ਯੂਥ, ਸ੍ਰੀ ਗੁਲਾਬ ਚੰਦ ਸਿੰਗਲਾ ਆਦਿ ਹਾਜ਼ਰ ਸਨ।
Share the post "ਸੂਬਾ ਸਰਕਾਰ ਆਮ ਲੋਕਾਂ ਨੂੰ ਮੁੱਢਲੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਵੱਧ : ਚੇਤਨ ਸਿੰਘ ਜੌੜਾਮਾਜਰਾ"