ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ‘ਚ ਇਕੱਤਰ ਕੀਤੀ ਜਾ ਰਹੀ ਹੈ ਪਿੰਡਾਂ ‘ਚੋਂ ਰਸਦ ‘ਤੇ ਮਾਇਆ
ਸੁਖਜਿੰਦਰ ਮਾਨ
ਬਠਿੰਡਾ, 2 ਸਤੰਬਰ: ਆਉਣ ਵਾਲੀ 12 ਸਤੰਬਰ ਤੋਂ ਸੰਗਰੂਰ ਵਿਖੇ ਲੱਗਣ ਜਾ ਰਹੇ ਬੇਜਮੀਨੇ-ਸਾਧਨਹੀਨ ਪੇਂਡੂ ਕਿਰਤੀਆਂ ਦੇ ਦਿਨ-ਰਾਤ ਦੇ ਪੱਕੇ ਧਰਨੇ ਪ੍ਰਤੀ ਮਜ਼ਦੂਰਾਂ ‘ਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਉਹ ਧਰਨੇ ਦੀ ਲਾਮਿਸਾਲ ਕਾਮਯਾਬੀ ਲਈ ਪਰਿਵਾਰਾਂ ਸਮੇਤ ਦਿਨ-ਰਾਤ ਇਕ ਕਰ ਰਹੇ ਹਨ। ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਵਿਤ ਸਕੱਤਰ ਸਾਥੀ ਮਹੀਪਾਲ ਨੇ ਦੱਸਿਆ ਕਿ ਉਕਤ ਪੱਕਾ ਧਰਨਾ ਮੁੱਖ ਮੰਤਰੀ ਪੰਜਾਬ ਦੀ ਸੰਗਰੂਰ ਵਿਚਲੀ ਰਿਹਾਇਸ਼ ਮੂਹਰੇ ਪੰਜਾਬ ਦੇ ਸੱਤ ਮਜਦੂਰ ਸੰਗਠਨਾਂ ਵਲੋਂ ਗਠਿਤ ਕੀਤੇ ਗਏ ‘ਪੇਂਡੂ ਤੇ ਖੇਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ‘ ਦੇ ਸੱਦੇ ‘ਤੇ ਮਾਰਿਆ ਜਾ ਰਿਹਾ ਹੈ। ਉਨ੍ਹਾਂ ਅੱਗੋਂ ਦੱਸਿਆ ਕਿ ਦਿਹਾਤੀ ਮਜ਼ਦੂਰ ਸਭਾ ਦੀਆਂ ਚਾਰ ਟੀਮਾਂ ਜਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ, ਜਨਰਲ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ, ਮੀਤ ਪ੍ਰਧਾਨ ਮੱਖਣ ਸਿੰਘ ਤਲਵੰਡੀ ਅਤੇ ਜਿਲ੍ਹਾ ਆਗੂ ਸੁਖਦੇਵ ਸਿੰਘ ਰਾਜਗੜ੍ਹ ਕੁੱਬੇ ਦੀ ਅਗਵਾਈ ਵਿੱਚ ਕ੍ਰਮਵਾਰ ਸੰਗਤ ਮੰਡੀ, ਨਥਾਣਾ, ਤਲਵੰਡੀ ਅਤੇ ਮੌੜ ਇਲਾਕਿਆਂ ਵਿੱਚੋਂ ਕਿਰਤੀ ਪ੍ਰੀਵਾਰਾਂ ‘ਚੋਂ ਰਸਦ ਤੇ ਮਾਇਆ ਇਕੱਤਰ ਕਰਨ ਦੇ ਨਾਲ-ਨਾਲ ਵਧੇਰੇ ਤੋਂ ਵਧੇਰੇ ਗਿਣਤੀ ‘ਚ ਬਾਲ-ਬੱਚਿਆਂ ਸਮੇਤ 12 ਸਤੰਬਰ ਨੂੰ ਸੰਗਰੂਰ ਪੁੱਜਣ ਦਾ ਸੱਦਾ ਦੇ ਰਹੀਆਂ ਹਨ। ਇਸੇ ਤਰ੍ਹਾਂ ਭਰਾਤਰੀ ਸੰਗਠਨ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਸੂਬਾਈ ਆਗੂ ਬੀਬੀ ਦਰਸ਼ਨਾ ਜੋਸ਼ੀ ਦੀ ਅਗਵਾਈ ਵਿੱਚ ਬੀਬੀਆਂ ਦੇ ਜੱਥੇ ਵੱਲੋਂ ਵੀ ਪੱਕੇ ਧਰਨੇ ਦੀ ਜਬਰਦਸਤ ਤਿਆਰੀ ਕੀਤੀ ਜਾ ਰਹੀ ਹੈ। ਉਪਰੋਕਤ ਪ੍ਰਮੁੱਖ ਆਗੂਆਂ ਦੇ ਨਾਲ ਇਲਾਕੇ ਦੇ ਆਗੂ ਦਰਸ਼ਨ ਸਿੰਘ ਬਾਜਕ, ਗੁਰਮੀਤ ਸਿੰਘ ਨੰਦਗੜ੍ਹ, ਮੱਖਣ ਸਿੰਘ ਪੂਹਲੀ, ਸ਼ੰਕਰ ਲਾਲ ਜੱਸੀ ਬਾਗ ਵਾਲੀ ਵੀ ਡਟੇ ਹੋਏ ਹਨ। ਸਾਥੀ ਮਹੀਪਾਲ ਨੇ ਦਸਿਆ ਕਿ ਜੇ ਪੰਜਾਬ ਸਰਕਾਰ ਨੇ ਮਜ਼ਦੂਰ ਮੰਗਾਂ ਪ੍ਰਤੀ ਇਸੇ ਤਰ੍ਹਾਂ ਮੁਜਰਮਾਨਾ ਚੁਪ ਵੱਟੀ ਰੱਖੀ ਤਾਂ ਸਾਂਝਾਂ ਮਜ਼ਦੂਰ ਮੋਰਚੇ ਵਲੋਂ ਹੋਰ ਵੀ ਤਿੱਖਾ ਸੰਘਰਸ਼ ਛੇੜਿਆ ਜਾਵੇਗਾ।
Share the post "ਸੰਗਰੂਰ ਪੱਕੇ ਧਰਨੇ ਦੀ ਜੋਰਦਾਰ ਤਿਆਰੀ ‘ਚ ਜੁਟੇ ਬੇਜਮੀਨੇ-ਸਾਧਨਹੀਨ ਪੇਂਡੂ ਕਿਰਤੀ"