ਸ਼ਹਿਰ ਦੇ ਵੱਖ ਵੱਖ ਹਿੱਸਿਆਂ ਚ ਭਰਵੇਂ ਚੋਣ ਜਲਸਿਆਂ ਨੂੰ ਕੀਤਾ ਸੰਬੋਧਨ
ਸਾਬਕਾ ਵਿਧਾਇਕ ਵੱਲੋਂ ਕਰਵਾਏ ਹਵਨ ਯੱਗ ਵਿੱਚ ਸ਼ਾਮਲ ਹੋਏ ਸਾਬਕਾ ਕੇਂਦਰੀ ਮੰਤਰੀ
ਸਾਬਕਾ ਕੇਂਦਰੀ ਮੰਤਰੀ ਨੇ ਖਜਾਨਾ ਮੰਤਰੀ, ਕੇਜਰੀਵਾਲ ,ਭਗਵੰਤ ਮਾਨ ਤੇ ਚੰਨੀ ਨੂੰ ਲਿਆ ਕਰੜੇ ਹੱਥੀਂ
“ਜੀਜਾ ਸਾਲਾ“ ਗੈਂਗ ਦਾ ਗੁੰਡਾ ਰਾਜ ਖ਼ਤਮ ਕਰਨਾ ਹੀ ਮੁੱਖ ਮਕਸਦ : ਸਰੂਪ ਸਿੰਗਲਾ
ਸੁਖਜਿੰਦਰ ਮਾਨ
ਬਠਿੰਡਾ, 13 ਫ਼ਰਵਰੀ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਚੋਣ ਮੁਹਿੰਮ ਨੂੰ ਭਖਵਾਂ ਰੂਪ ਦਿੰਦੇ ਹੋਏ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਅਤੇ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ ।ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੇ ਪਰਿਵਾਰ ਵੱਲੋਂ ਕਰਵਾਏ ਹਵਨ ਯੱਗ ਵਿਚ ਵੀ ਸ਼ਾਮਲ ਹੋਏ ਤੇ ਅਕਾਲੀ ਬਸਪਾ ਗੱਠਜੋੜ ਦੀ ਜਿੱਤ ਲਈ ਅਰਦਾਸ ਕੀਤੀ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਭਰਵੇਂ ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਹੋਏ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਧਾਨ ਭਗਵੰਤ ਮਾਨ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਰੜੇ ਹੱਥੀਂ ਲਿਆ ਤੇ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀ ਬੀ ਟੀਮ ਕਰਾਰ ਦਿੱਤਾ ।ਇਸ ਮੌਕੇ ਉਨਾਂ ਸਰੂਪ ਚੰਦ ਸਿੰਗਲਾ ਨੂੰ ਸ਼ਰੀਫ ਸਿਆਸਤਦਾਨ ਦੱਸਦੇ ਹੋਏ ਉਨਾਂ ਦੀ ਜਿੱਤ ਦੀ ਅਪੀਲ ਕੀਤੀ ਤੇ ਕਿਹਾ ਕਿ ਸਿੰਗਲਾ ਦੀ ਜਿੱਤ ਨਾਲ ਬਠਿੰਡਾ ਦਾ ਨਕਸ਼ਾ ਬਦਲਦਾ ਹੋਇਆ ਨਜ਼ਰ ਆਵੇਗਾ । ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਗੱਲਬਾਤ ਦੌਰਾਨ ਕਿਹਾ ਕਿ ਕੇਜਰੀਵਾਲ ਦੀ ਸੋਚ ਪੰਜਾਬ ਦੇ ਪਾਣੀਆਂ ਨੂੰ ਖੋਹਣ ਦੀ ਹੈ, ਜੋ ਕਦੇ ਕਾਮਯਾਬ ਨਹੀਂ ਹੋਣ ਦੇਵਾਂਗੇ। ਉਨਾਂ ਕਿਹਾ ਕਿ ਦਿੱਲੀ ਵਾਲੇ ਦਲ ਸ਼੍ਰੋਮਣੀ ਅਕਾਲੀ ਦਲ ਦਾ ਮੁਕਾਬਲਾ ਨਹੀਂ ਕਰ ਸਕਦੇ, ਪੰਜਾਬ ਵਾਸੀ ਆਪਣੀ ਮਾਂ ਬੋਲੀ ਪਾਰਟੀ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਾਉਣਗੇ। ਉਨਾਂ ਕਿਹਾ ਕਿ ਜਿਥੇ ਕਾਂਗਰਸ ਦੀ ਆਪ ਬੀ ਟੀਮ ਹੈ ਉੱਥੇ ਹੀ ਕਰੋੜਪਤੀ ਮੁੱੱਖ ਮੰਤਰੀ ਚੰਨੀ ਸਭ ਤੋਂ ਗਰੀਬ ਮੁੱਖਮੰਤਰੀ ਹਨ ਅਜਿਹਾ ਗਰੀਬ ਹਰ ਘਰ ਵਿੱਚ ਪੈਦਾ ਹੋਵੇ ।ਉਨਾਂ ਖਜਾਨਾ ਮੰਤਰੀ ਨੂੰ ਫੇਲ ਮੰਤਰੀ ਕਰਾਰ ਦਿੰਦਿਆਂ ਕਿਹਾ ਕਿ ਉਸ ਦੀਆਂ ਨੀਤੀਆਂ ਕਰਕੇ ਅੱਜ ਹਰ ਵਰਗ ਤ੍ਰਾਹੀ ਤ੍ਰਾਹੀ ਕਰ ਰਿਹਾ ਹੈ । ਸਾਬਕਾ ਕੇਂਦਰੀ ਮੰਤਰੀ ਨੇ ਭਗਵੰਤ ਮਾਨ ਨੂੰ ਸ਼ਰਾਬੀ ਦੱਸਦੇ ਹੋਏ ਕਿਹਾ ਕਿ ਪੰਜਾਬ ਨੂੰ ਅਜਿਹੇ ਮੁੱਖ ਮੰਤਰੀ ਦੀ ਲੋੜ ਨਹੀਂ । ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਸ਼ਹਿਰੀਆਂ ਦੀ ਖੁਸ਼ਹਾਲ ਜ਼ਿੰਦਗੀ ਲਈ “ਜੀਜਾ ਸਾਲਾ“ ਗੈਂਗ ਦਾ ਗੁੰਡਾ ਰਾਜ ਖ਼ਤਮ ਕਰਨਾ ਹੀ, ਉਨਾਂ ਦਾ ਮਕਸਦ ਹੈ ਤਾਂ ਜੋ ਸ਼ਹਿਰ ਵਾਸੀ ਅਮਨ ਕਾਨੂੰਨ ਦੀ ਕਾਇਮ ਸਥਿਤੀ ਵਿੱਚ ਜੀਵਨ ਬਸਰ ਕਰ ਸਕਣ, ਜਿਸ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਬਠਿੰਡਾ ਆਮਦ ਨੇ ਬਰਬਾਦ ਕਰਕੇ ਰੱਖ ਦਿੱਤਾ ਹੈ, ਹਰ ਪਾਸੇ ਨਾਜਾਇਜ਼ ਧੰਦੇ, ਧੱਕੇਸ਼ਾਹੀਆਂ, ਗੁੰਡਾਗਰਦੀ ਦਾ ਬੋਲਬਾਲਾ ਹੈ ।ਉਨਾਂ ਕਿਹਾ ਕਿ ਆਪ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ ਪਹਿਲਾਂ ਧੱਕੇਸ਼ਾਹੀਆਂ ਵਿੱਚ ਸਾਮਲ ਰਹੇ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਲਈ ਡਰਾਮੇ ਕਰ ਰਹੇ ਹਨ, ਪਰ ਲੋਕ ਇਨਾਂ ਦੀਆਂ ਚਾਲਾਂ ਵਿਚ ਨਹੀਂ ਆਉਣਗੇ ।ਉਨਾਂ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਅਕਾਲੀ ਭਾਜਪਾ ਗੱਠਜੋੜ ਦੀ ਜਿੱਤ ਦਾ ਹਿੱਸਾ ਬਣਨ ਤਾਂ ਜੋ ਪੰਜਾਬ ਤੇ ਬਠਿੰਡਾ ਨੂੰ ਖ਼ੁਸ਼ਹਾਲ ਬਣਾਇਆ ਜਾ ਸਕੇ। ਇਸ ਮੌਕੇ ਉਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਵੱਖ ਵੱਖ ਵਿੰਗਾਂ ਦੇ ਪ੍ਰਧਾਨ ਸਾਹਿਬ ਤੇ ਵਰਕਰ ਵੱਡੀ ਗਿਣਤੀ ਵਿਚ ਹਾਜਰ ਸਨ ।
ਹਰਸਿਮਰਤ ਕੌਰ ਬਾਦਲ ਨੇ ਭਖਾਈ ਸਰੂਪ ਚੰਦ ਸਿੰਗਲਾ ਦੀ ਚੋਣ ਮੁਹਿੰਮ
8 Views