ਆਰਟੀਏ ਅੰਮਿ੍ਰਤਸਰ ਤੇ ਗੁਰਦਾਸਪੁਰ ’ਤੇ ਲਗਾਏ ਗੰਭੀਰ ਦੋਸ਼
ਸੁਖਜਿੰਦਰ ਮਾਨ
ਬਠਿੰਡਾ, 18 ਦਸੰਬਰ :-ਸੂਬੇ ਦੇ ਕੁੱਝ ਚਰਚਿਤ ਹਲਕਿਆਂ ਵਿਚੋਂ ਇੱਕ ਮੰਨੇ ਜਾਣ ਵਾਲੇ ਗਿੱਦੜਵਹਾ ਦੇ ਸਿਆਸੀ ਆਗੂਆਂ ਵਿਚਕਾਰ ਚੱਲ ਰਹੀ ਕੁੜੱਤਣ ਦਿਨ-ਬ-ਦਿਨ ਵਧਣ ਲੱਗੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਨਿਊ ਦੀਪ ਟ੍ਰਾਂਸਪੋਰਟ ਕੰਪਨੀ ਦੇ ਐਮ.ਡੀ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਦਾਅਵਾ ਕੀਤਾ ਕਿ ‘‘ ਹਾਈਕੋਰਟ ਵਲੋਂ 6 ਦਸੰਬਰ ਨੂੰ ਜਾਰੀ ਹੁਕਮਾਂ ਦੇ ਬਾਵਜੂਦ ਉਸਦੀ ਕੰਪਨੀਆਂ ਦੀਆਂ ਬੱਸਾਂ ਹਾਲੇ ਤੱਕ ਛੱਡੀਆਂ ਨਹੀਂ ਜਾ ਰਹੀਆਂ। ’’ ਉਨ੍ਹਾਂ ਆਰਟੀਏ ਅੰਮਿ੍ਰਤਸਰ ਅਤੇ ਗੁਰਦਾਸਪੁਰ ’ਤੇ ਗੰਭੀਰ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ਜਿੱਥੇ ਇੱਕ ਆਰਟੀਏ ਵਲੋਂ ਉਸਦੀ ਕੰਪਨੀ ਦੀਆਂ ਬੱਸਾਂ ਛੱਡਣ ਬਦਲੇ ਰਿਸ਼ਵਤ ਲਈ ਗਈ ਤੇ ਦੂਜੇ ਵਲੋਂ ਗਿੱਦੜਵਹਾ ਹਲਕੇ ’ਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਡਿੰਨਰ ਸੈਟ ਵੰਡੇ ਜਾ ਰਹੇ ਹਨ। ਢਿੱਲੋਂ ਨੇ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ’ਤੇ ਸਿਆਸੀ ਬਦਲਾਖੋਰੀ ਤਹਿਤ ਬਦਨਾਮ ਕਰਨ ਤੇ ਆਰਥਿਕ ਤੌਰ ’ਤੇ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਉਂਦਿਆਂ ਦਾਅਵਾ ਕੀਤਾ ਕਿ ‘‘ ਉਹ ਹਰ ਰੋਜ਼ ਪੰਜਾਬ ਸਰਕਾਰ ਨੂੰ ਇੱਕ ਲੱਖ ਰੁਪਏ ਦੇ ਟੈਕਸ ਅਦਾ ਕਰਦੇ ਹਨ ਤੇ ਇੱਕ ਨੰਬਰ ਦਾ ਕਾਰੋਬਾਰ ਕਰਦ ਹਨ। ’’ ਉਨ੍ਹਾਂ ਪੰਜਾਬ ਸਰਕਾਰ ਤੇ ਟ੍ਰਾਂਸਪੋਰਟ ਮੰਤਰੀ ਵਿਰੁਧ ਮਾਣਹਾਣੀ ਦਾ ਕੇਸ ਦਾਈਰ ਕਰਨ ਦਾ ਵੀ ਐਲਾਨ ਕੀਤਾ। ਡਿੰਪੀ ਢਿੱਲੋਂ ਨੇ ਅੱਗੇ ਕਿਹਾ ਕਿ ਇਕੱਲੇ ਉਨ੍ਹਾਂ ਨੇ ਨਹੀਂ, ਪੂਰੇ ਟ੍ਰਾਂਸਪੋਰਟ ਕਾਰੋਬਾਰੀਆ ਨੇ ਕਰੋਨਾ ਮਹਾਂਮਾਰੀ ਕਾਰਨ ਛਾਈ ਮੰਦੀ ਦੇ ਚੱਲਦੇ ਸਰਕਾਰ ਕੋਲ ਟੈਕਸ ਵਿਚ ਰਿਆਇਤ ਮੰਗੀ ਸੀ ਤੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਹਿਤ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਟ੍ਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਭਰੋਸਾ ਵੀ ਦਿਵਾਇਆ ਸੀ ਪ੍ਰੰਤੂ ਮੌਜੂਦਾ ਸਰਕਾਰ ਨੇ ਕੋਰਾ ਜਵਾਬ ਦੇ ਦਿੱਤਾ, ਜਿਸ ਕਾਰਨ ਟੈਕਸ ਲੰਬਿਤ ਹੋਇਆ ਸੀ। ਉਧਰ ਮਾਮਲੇ ’ਚ ਪੱਖ ਲੈਣ ਲਈ ਕਈ ਵਾਰ ਆਰਟੀਏ ਅੰਮਿ੍ਰਤਸਰ ਤੇ ਗੁਰਦਾਸਪੁਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਉਨ੍ਹਾਂ ਫ਼ੋਨ ਨਹੀਂ ਚੁੱਕਿਆ।
Share the post "ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਨਹੀਂ ਛੱਡੀਆਂ ਜਾ ਰਹੀਆਂ ਬੱਸਾਂ: ਡਿੰਪੀ ਢਿੱਲੋਂ"