ਕੋਂਸਲਰ ਬਿਸਵਾਲ ਦੇ ਘਰ ਹੋਈ ਮੀਟਿੰਗ ’ਚ ਭਾਈਚਾਰੇ ਵਿਚੋਂ ਕਿਸੇ ਨੂੰ ਨਿਗਮ ’ਚ ਨੁਮਾਇੰਦਗੀ ਦੇਣ ’ਤੇ ਹੋਈ ਚਰਚਾ
ਸੁਖਜਿੰਦਰ ਮਾਨ
ਬਠਿੰਡਾ, 1 ਅਪ੍ਰੈਲ: ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਸਥਾਨਕ ਸ਼ਹਿਰੀ ਹਲਕੇ ਤੋਂ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਬਠਿੰਡਾ ਨਗਰ ਨਿਗਮ ਦੇ ਮੇਅਰ ਨੂੰ ਬਦਲਣ ਦੀ ਉਠ ਰਹੀ ਮੰਗ ਤੋਂ ਬਾਅਦ ਕਾਂਗਰਸ ਪਾਰਟੀ ਲਈ ਇੱਕ ਹੋਰ ਵੱਡੀ ਮੁਸਕਿਲ ਖ਼ੜੀ ਹੋ ਗਈ ਹੈ। ਕਾਂਗਰਸ ਪਾਰਟੀ ਦੇ ਅਨੁਸੂਚਿਤ ਭਾਈਚਾਰੇ ਨਾਲ ਸਬੰਧਤ ਕੋਂਸਲਰਾਂ ਨੇ ਵੀ ਇਕਜੁਟ ਹੁੰਦਿਆਂ ਨਿਗਮ ਦੇ ਅਹੁੱਦੇਦਾਰਾਂ ਵਿਚ ਅਪਣੀ ਨੁਮਾਇੰਦਗੀ ਮੰਗੀ ਹੈ। ਸੂਤਰਾਂ ਮੁਤਾਬਕ ਅੱਜ ਇਸ ਸਬੰਧ ਵਿਚ ਕਾਂਗਰਸੀ ਕੋਂਸਲਰ ਸਿਮਰਨ ਬਿਸਵਾਲ ਦੇ ਘਰ ਕਰੀਬ ਅੱਠ ਕੋਂਸਲਰਾਂ ਤੇ ਕਈ ਹੋਰ ਆਗੂਆਂ ਦੀ ਮੀਟਿੰਗ ਹੋਈ ਸੀ। ਹਾਲਾਂਕਿ ਪ੍ਰੈਸ ਨੂੰ ਇਸ ਮੀਟਿੰਗ ਦਾ ਏਜੰਡਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਦਿਹਾੜੀ ਮਨਾਉਣ ਦੀਆਂ ਤਿਆਰੀਆਂ ਲਈ ਏਜੰਡਾ ਦਸਿਆ ਗਿਆ ਪ੍ਰੰਤੂ ਮੀਟਿੰਗ ਵਿਚ ਹਾਜ਼ਰ ਕੁੱਝ ਕੋਂਸਲਰਾਂ ਨੇ ਸਪੱਸ਼ਟ ਤੌਰ ’ਤੇ ਦਸਿਆ ਕਿ ਨਿਗਮ ਦੇ ਅਹੁੱਦੇਦਾਰਾਂ ਵਿਚ ਕੋਈ ਨੁਮਾਇੰਦਗੀ ਨਾ ਦੇਣ ’ਤੇ ਰੋਸ਼ ਜਤਾਉਂਦਿਆਂ ਭਵਿੱਖ ਵਿਚ ਹੋਣ ਵਾਲੀਆਂ ਤਬਦੀਲੀਆਂ ਦੌਰਾਨ ਅਨੁਸੂਚਿਤ ਭਾਈਚਾਰੇ ਵਿਚੋਂ ਚੁਣੇ ਕਾਂਗਰਸੀ ਕੋਂਸਲਰਾਂ ਨੂੰ ਨੁਮਾਇੰਦਗੀ ਦੇਣ ਦੀ ਮੰਗ ਕੀਤੀ ਗਈ। ਇੱਕ ਕੋਂਸਲਰ ਨੇ ਦਸਿਆ ਕਿ ਮੀਟਿੰਗ ਵਿਚ ਇਸ ਗੱਲ ’ਤੇ ਚਰਚਾ ਹੋਈ ਕਿ ਨਿਗਮ ਵਿਚ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੁਣੇ 43 ਕੋਂਸਲਰਾਂ ਵਿਚੋਂ ਤਿੰਨ ਕੋਂਸਲਰਾਂ ਦੇ ਪਾਰਟੀ ਛੱਡਣ ਤੋਂ ਬਾਅਦ 40 ਕੋਂਸਲਰ ਹਨ। ਜਿੰਨ੍ਹਾਂ ਵਿਚੋਂ ਅਗਰਵਾਲ ਭਾਈਚਾਰੇ ਦੇ ਨਾਲ ਸਬੰਧਤ ਅੱਠ ਕੋਂਸਲਰ ਹਨ ਤੇ ਉਨ੍ਹਾਂ ਵਿਚੋਂ ਇੱਕ ਨੂੰ ਮੇਅਰ ਬਣਾਇਆ ਹੋਇਆ ਹੈ। ਇਸੇ ਤਰ੍ਹਾਂ ਬੈਕਵਰਡ ਕਲਾਸ ਦੇ 5 ਕੋਂਸਲਰ ਹਨ, ਜਿੰਨ੍ਹਾਂ ਵਿਚੋਂ ਇੱਕ ਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਜੱਟ ਸਿੱਖ ਭਾਈਚਾਰੇ ਨਾਲ ਸਬੰਧਤ 12 ਕੋਂਸਲਰ ਹਨ, ਜਿੰਨ੍ਹਾਂ ਵਿਚੋਂ ਇੱਕ ਨੂੰ ਡਿਪਟੀ ਮੇਅਰ ਦਾ ਅਹੁੱਦਾ ਦਿੱਤਾ ਹੋਇਆ ਹੈ। ਪ੍ਰੰਤੂ ਨਿਗਮ ਵਿਚ 12 ਕੋਂਸਲਰ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਹਨ ਪਰ ਇੰਨ੍ਹਾਂ ਵਿਚੋਂ ਕਿਸੇ ਨੂੰ ਵੀ ਕੋਈ ਨੁਮਾਇੰਦਗੀ ਨਹੀਂ ਮਿਲੀ ਹੈ। ਇੱਕ ਕੋਂਸਲਰ ਨੇ ਦਸਿਆ ਕਿ ਉਹ ਕਾਂਗਰਸ ਪਾਰਟੀ ਨਾਲ ਚਟਾਨ ਵਿਚ ਖੜੇ ਹਨ ਪ੍ਰੰਤੂ ਨੁਮਾਇੰਦਗੀ ਨਾ ਮਿਲਣ ਕਾਰਨ ਨਿਰਾਸ਼ਾ ਜਰੂਰ ਹੈ। ਇਸ ਕੋਂਸਲਰ ਨੇ ਦਸਿਆ ਕਿ ਅੱਜ ਉਨ੍ਹਾਂ ਇਸ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਕਿ ਜੇਕਰ ਭਵਿੱਖ ਵਿਚ ਕਾਂਗਰਸ ਪਾਰਟੀ ਮੇਅਰ ਜਾਂ ਕਿਸੇ ਹੋਰ ਅਹੁੱਦੇਦਾਰ ਨੂੰ ਤਬਦੀਲ ਕਰਨ ਸਬੰਧੀ ਕੋਈ ਫੈਸਲਾ ਲੈਂਦੀ ਹੈ ਤਾਂ ਉਨ੍ਹਾਂ ਦੇ ਭਾਈਚਾਰੇ ਵਿਚੋਂ ਕਿਸੇ ਇੱਕ ਨੂੰ ਵੀ ਅਹੁੱਦੇਦਾਰ ਬਣਾਉਣ ਦੀ ਮੰਗ ਰੱਖੀ ਜਾਵੇਗੀ। ਅੱਜ ਦੀ ਮੀਟਿੰਗ ਵਿਚ ਸੀਨੀਅਰ ਕੋਂਸਲਰ ਤੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ, ਪੁਸ਼ਪਾ ਰਾਣੀ ਦੇ ਪਤੀ ਵਿਪਨ ਮਿੱਤੂ, ਸਿਮਰਨ ਬਿਸਵਾਲ ਦੇ ਪਤੀ ਸੰਜੇ ਬਿਸਵਾਲ, ਅਸੇਸਰ ਪਾਸਵਾਨ, ਵਿਕਰਮ ਕ੍ਰਾਂਤੀ, ਸੁਰੇਸ਼ ਚੌਹਾਨ, ਚਰਨਜੀਤ ਭੋਲਾ, ਮਮਤਾ ਰਾਣੀ ਦੇ ਪਤੀ ਬਬਲ ਰਾਮ ਤੋਂ ਇਲਾਵਾ ਸੀਨੀਅਰ ਆਗੂ ਭਗਵਾਨ ਦਾਸ ਭਾਰਤੀ, ਮੇਘ ਰਾਜ, ਹਰਮਨ ਕੋਟਫੱਤਾ, ਨਵੀਨ ਵਾਲਮੀਕੀ ਆਦਿ ਵੀ ਹਾਜ਼ਰ ਦੱਸੇ ਗਏ।
ਬਾਕਸ
ਜ਼ਿਲ੍ਹਾ ਪ੍ਰਧਾਨ ਦੇ ਨਿਊਤੇ ’ਤੇ ਕੋਂਸਲਰਾਂ ਨੂੰ ਡਿੰਨਰ ’ਤੇ ਸੱਦਿਆ
ਬਠਿੰਡਾ: ਉਧਰ ਕੁੱਝ ਕਾਂਗਰਸੀ ਕੋਂਸਲਰਾਂ ਵਲੋਂ ਭਵਿੱਖ ਵਿਚ ਬਾਗੀ ਰੁੱਖ ਅਪਣਾਉਣ ਦੀਆਂ ਚੱਲ ਰਹੀਆਂ ਚਰਚਾਵਾਂ ਦੌਰਾਨ ਅੱਜ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਦੇ ਰਾਹੀਂ ਪਾਰਟੀ ਦੇ ਸਮੂਹ ਕੋਂਸਲਰਾਂ ਨੂੰ ਗਣਪਤੀ ਇਨਕਲੇਵ ਵਿਚ ਸਥਿਤ ਕਲੱਬ ਵਿਚ ਡਿੰਨਰ ’ਤੇ ਬੁਲਾਇਆ ਗਿਆ। ਪਾਰਟੀ ਦੇ ਸੂਤਰਾਂ ਮੁਤਾਬਕ ਬੇਸ਼ੱਕ ਇਹ ਬੁਲਾਵਾ ਸ਼੍ਰੀ ਵਧਾਵਨ ਰਾਹੀਂ ਆਇਆ ਪ੍ਰੰਤੂ ਇਸਦਾ ਮਕਸਦ ਨਰਾਜ਼ ਚੱਲ ਰਹੇ ਕਾਂਗਰਸੀ ਕੋਂਸਲਰਾਂ ਨੂੰ ਸ਼ਾਂਤ ਕਰਨਾ ਦਸਿਆ ਜਾ ਰਿਹਾ ਹੈ।ਸੂਤਰਾਂ ਮੁਤਾਬਕ ਇਸ ਮੀਟਿੰਗ ਵਿਚ ਕੋਂਸਲਰਾਂ ਨੂੰ ਫ਼ੋਟੋ ਤੇ ਵੀਡੀਓ ਬਣਾਉਣ ਦੀ ਮਨਾਹੀ ਸੀ। ਨਾ ਹੀ ਕੋਈ ਜਿਆਦਾ ਸਿਆਸੀ ਗੱਲ ਕੀਤੀ ਗਈ ਪ੍ਰੰਤੂ ਸੀਨੀਅਰ ਡਿਪਟੀ ਮੇਅਰ ਅਸੋਕ ਪ੍ਰਧਾਨ ਨੇ ਇਸ ਮੌਕੇ ਮਨਪ੍ਰੀਤ ਬਾਦਲ ਦੇ ਗੁਣਗਾਣ ਜਰੂਰ ਕੀਤੇ। ਗੌਰਤਲਬ ਹੈ ਕਿ ਦੋ ਦਿਨ ਪਹਿਲਾਂ ਵੀ ਕੋਂਸਲਰਾਂ ਨੂੰ ਥ੍ਰੀ ਪਾਮ ਰੀਜੋਰਟ ਵਿਚ ਸੱਦਿਆ ਗਿਆ ਸੀ, ਜਿਸਤੋਂ ਬਾਅਦ ਡੇਢ ਦਰਜ਼ਨ ਦੇ ਕਰੀਬ ਕਾਂਗਰਸੀ ਕੋਂਸਲਰਾਂ ਨੂੰ ਮੇਅਰ ਦੇ ਨਜਦੀਕੀ ਠੇਕੇਦਾਰ ਦੇ ਦਫ਼ਤਰ ਵਿਚ ਪਾਰਟੀ ਵੀ ਕੀਤੀ ਗਈ ਸੀ।
Share the post "ਹੁਣ ਬਠਿੰਡਾ ਨਗਰ ਨਿਗਮ ਦੇ ਅਨੁਸੂਚਿਤ ਭਾਈਚਾਰੇ ਦੇ ਕਾਂਗਰਸੀ ਕੋਂਸਲਰ ਵੀ ਇਕਜੁਟ ਹੋਣ ਲੱਗੇ"