ਕਰੀਬ 2400 ਖਿਡਾਰੀ/ਖਿਡਾਰਨਾਂ ਇਨ੍ਹਾਂ ਖੇਡਾਂ ਵਿੱਚ ਕਰਨਗੇ ਸ਼ਮੂਲੀਅਤ
ਜੇਤੂ ਖਿਡਾਰੀਆਂ ਨੂੰ 10 ਲੱਖ ਤੱਕ ਦੇ ਨਕਦ ਇਨਾਮ, ਮੈਡਲ ਅਤੇ ਸਰਟੀਫ਼ਿਕੇਟ ਦਿੱਤੇ ਜਾਣਗੇ
ਪਿੰਡ, ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਕਰਵਾਏ ਜਾਣਗੇ ਮੁਕਾਬਲੇ
ਸੁਖਜਿੰਦਰ ਮਾਨ
ਬਠਿੰਡਾ, 23 ਜੁਲਾਈ: ਸੂਬਾ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮੱਦੇਨਜ਼ਰ ਬਠਿੰਡਾ ਓਲੰਪਿਕ ਐਸੋਸ਼ੀਏਸ਼ਨ ਦੇ ਸਹਿਯੋਗ ਨਾਲ 1 ਅਗਸਤ ਤੋਂ ਲੈ ਕੇ 2 ਅਕਤੂਬਰ ਤੱਕ ਬਠਿੰਡਾ (ਦਿਹਾਤੀ) ਓਲੰਪਿਕ ਖੇਡਾਂ ਕਰਵਾਈਆਂ ਜਾਣਗੀਆਂ। ਪਿੰਡ, ਬਲਾਕ ਤੇ ਜ਼ਿਲ੍ਹਾ ਪੱਧਰ ਤੇ ਕਰਵਾਈਆਂ ਜਾਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਕਰੀਬ 2400 ਪੇਂਡੂ ਲੜਕੇ-ਲੜਕੀਆਂ ਭਾਗ ਲੈਣਗੇ। ਨਸ਼ਾਮੁਕਤ ਭਾਰਤ ਮੁਹਿੰਮ ਤਹਿਤ ਕਰਵਾਈਆਂ ਜਾ ਰਹੀਆਂ ਇਨ੍ਹਾਂ ਖੇਡਾਂ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਵਾਕੇ ਖੇਡਾਂ ਨਾਲ ਜੋੜਣਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਨੇ ਵੱਖ-ਵੱਖ ਵਿਭਾਗ ਦੇ ਅਧਿਕਾਰੀਆਂ ਨਾਲ ਖੇਡਾਂ ਦੀਆਂ ਅਗਾਊਂ ਤਿਆਰੀਆਂ ਸਬੰਧੀ ਕੀਤੀ ਗਈ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਬਠਿੰਡਾ (ਦਿਹਾਤੀ) ਓਲੰਪਿਕ ਖੇਡਾਂ ਨੂੰ ਸਫ਼ਲਤਾਪੂਰਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਿੱਖਿਆ ਵਿਭਾਗ, ਪੇਂਡੂ ਪੰਚਾਇਤ ਤੇ ਵਿਕਾਸ ਵਿਭਾਗ ਅਤੇ ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਜਿੰਮੇਵਾਰੀਆਂ ਵੀ ਸੌਂਪੀਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਦੱਸਿਆ ਕਿ ਇਹ ਖੇਡਾਂ 1 ਅਗਸਤ ਤੋਂ ਲੈਕੇ 14 ਅਗਸਤ ਤੱਕ ਪਿੰਡ ਪੱਧਰ, 16 ਅਗਸਤ ਤੋਂ ਲੈ ਕੇ 31 ਅਗਸਤ ਬਲਾਕ ਪੱਧਰ ਅਤੇ 27 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਜ਼ਿਲ੍ਹਾ ਪੱਧਰ ਤੇ ਕਰਵਾਈਆਂ ਜਾਣਗੀਆਂ। ਇਨ੍ਹਾਂ ਪੇਂਡੂ ਖੇਡਾਂ ਵਿੱਚ ਲੜਕੇ ਅਤੇ ਲੜਕੀਆਂ ਦੇ ਐਥਲੈਟਿਕਸ ਤੋਂ ਇਲਾਵਾ ਹਾਕੀ, ਫੁੱਟਬਾਲ, ਵਾਲੀਵਾਲ ਦੇ ਮੁਕਾਬਲੇ ਕਰਵਾਏ ਜਾਣਗੇ।
ਇਨ੍ਹਾਂ ਖੇਡਾਂ ਬਾਰੇ ਹੋਰ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਖੇਡਾਂ ਦੋ ਵਰਗਾਂ (ਲੜਕੇ-ਲੜਕੀਆਂ) ਅੰਡਰ-19 ਅਤੇ ਸੀਨੀਅਰ ਗਰੁੱਪ (19 ਸਾਲ ਤੋਂ ਵੱਧ ਉਮਰ) ਵਿਚਕਾਰ ਕਰਵਾਈਆਂ ਜਾਣਗੀਆਂ। ਇਨ੍ਹਾਂ ਖੇਡਾਂ ਚ 100 ਮੀਟਰ, 200 ਮੀਟਰ, 400 ਮੀਟਰ ਅਤੇ 1500 ਮੀਟਰ ਦੀ ਦੌੜ ਤੋਂ ਇਲਾਵਾ ਡਿਸਕਸ ਥ੍ਰੋ ਅਤੇ ਸ਼ਾਟ ਪੁੱਟ ਤੋਂ ਇਲਾਵਾ ਆਮ ਖੇਡਾਂ ਚ ਹਾਕੀ,ਫੁੱਟਬਾਲ ਅਤੇ ਵਾਲੀਬਾਲ ਦੀਆਂ ਖੇਡਾਂ ਸ਼ਾਮਲ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਹਾਕੀ, ਫੁੱਟਬਾਲ ਅਤੇ ਵਾਲੀਵਾਲ ਚ ਪਹਿਲੇ ਅਤੇ ਦੂਸਰੇ ਸਥਾਨ ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 31000 ਅਤੇ 21000 ਰੁਪਏ ਨਕਦ ਇਨਾਮ ਤੋਂ ਇਲਾਵਾ ਟੀਮ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਹੀ ਐਥਲੈਟਿਕਸ ਵਿੱਚ ਜੇਤੂ ਖਿਡਾਰੀਆਂ ਵਿੱਚ ਪਹਿਲੇ ਸਥਾਨ ਤੇ ਰਹਿਣ ਵਾਲੇ ਖਿਡਾਰੀ ਨੂੰ 5100 ਰੁਪਏ, ਦੂਜੇ ਸਥਾਨ ਵਾਲੇ ਨੂੰ 3100 ਰੁਪਏ ਅਤੇ ਤੀਜੇ ਸਥਾਨ ਵਾਲੇ ਖਿਡਾਰੀ ਨੂੰ 2100 ਰੁਪਏ ਨਕਦ ਇਲਾਮ ਤੋਂ ਇਲਾਵਾ ਮੈਡਲ ਅਤੇ ਸਰਟੀਫ਼ਿਕੇਟ ਦਿੱਤੇ ਜਾਣਗੇ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਨੌਜਵਾਨ ਖਿਡਾਰੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਕਰਵਾਈਆਂ ਜਾ ਰਹੀਆਂ ਇਨ੍ਹਾਂ ਪੇਂਡੂ ਓਲੰਪਿਕ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ।ਇਸ ਮੌਕੇ ਜ਼ਿਲ੍ਹਾ ਸ਼ਿਕਾਇਤ ਅਫ਼ਸਰ ਸ੍ਰੀ ਸਾਰੰਗਪ੍ਰੀਤ ਸਿੰਘ ਔਜਲਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਮੇਵਾ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸ. ਰੁਪਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ,ਸੁਖਪਾਲ ਸਿੰਘ ਬਰਾੜ ਤੋਂ ਇਲਾਵਾ ਸਿੱਖਿਆ ਅਤੇ ਪੰਚਾਇਤ ਵਿਭਾਗ ਦੇ ਹੋਰ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਂਇੰਦੇ ਹਾਜ਼ਰ ਸਨ।
Share the post "1 ਅਗਸਤ ਤੋਂ 2 ਅਕਤੂਬਰ ਤੱਕ ਕਰਵਾਈਆਂ ਜਾਣਗੀਆਂ ਬਠਿੰਡਾ ਦਿਹਾਤੀ ਓਲੰਪਿਕ ਖੇਡਾਂ : ਵਧੀਕ ਡਿਪਟੀ ਕਮਿਸ਼ਨਰ"