10 Views
ਬਠਿੰਡਾ, 23 ਅਕਤੂਬਰ: 12ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਨਾਟਕ ‘ਮੈਂ ਭਗਤ ਸਿੰਘ’ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਬਠਿੰਡਾ ਦੇ ਆਡੀਟੋਰੀਅਮ ਵਿਖੇ ਖੇਡਿਆ ਗਿਆ । ਡਾ. ਪਾਲੀ ਭੁਪਿੰਦਰ ਦੁਆਰਾ ਰਚਿਤ ਇਸ ਨਾਟਕ ਦਾ ਨਿਰਦੇਸ਼ਨ ਕੀਰਤੀ ਕਿਰਪਾਲ ਨੇ ਕੀਤਾ। ਨਾਟਕ ਨੇ ਸਰਮਾਏਦਾਰੀ , ਰਾਜਨੀਤੀ ,ਪ੍ਰਸ਼ਾਸਨ ਅਤੇ ਕਿਸਾਨੀ ਦੀ ਦਿਨੋ-ਦਿਨ ਮੰਦੀ ਹੋ ਰਹੀ ਹਾਲਤ ‘ਤੇ ਕਰਾਰੀ ਚੋਟ ਕੀਤੀ ਜਿਸਨੇ ਦਰਸ਼ਕਾਂ ਨੂੰ ਸੋਚਣ ‘ਤੇ ਮਜ਼ਬੂਰ ਕੀਤਾ । ਪਾਤਰਾਂ ਦੇ ਸ਼ਾਨਦਾਰ ਅਭਿਨੈ ‘ਤੇ ਆਡੀਟੋਰੀਅਮ ਵਾਰ-ਵਾਰ ਤਾੜੀਆਂ ਨਾਲ ਗੂੰਜਿਆ।
12ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਉਦਘਾਟਨੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੀ ਜਗਰੂਪ ਸਿੰਘ ਗਿੱਲ ਵਿਧਾਇਕ ਹਲਕਾ ਬਠਿੰਡਾ ਸ਼ਹਿਰੀ, ਬੂਟਾ ਸਿੰਘ ਸਿੱਧੂ ਵਾਈਸ ਚਾਂਸਲਰ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਬਠਿੰਡਾ ਅਤੇ ਸ਼੍ਰੀ ਸੁਨੀਲ ਬਾਂਸਲ ਐਮ.ਡੀ. ਡਰੀਮ ਹਾਈਟਜ਼ ਨੇ ਸ਼ਿਰਕਤ ਕੀਤੀ ।ਸਾਹਿਤਕ ਮਹਿਮਾਨ ਦੇ ਤੌਰ ‘ਤੇ ਉੱਘੇ ਸਾਹਿਤਕਾਰ ਸ. ਬਲਦੇਵ ਸਿੰਘ ਸੜਕਨਾਮਾ ਪਹੁੰਚੇ।
ਨਾਟਿਅਮ ਦੇ ਸਰਪ੍ਰਸਤ ਡਾ.ਕਸ਼ਿਸ਼ ਗੁਪਤਾ ਅਤੇ ਸ਼੍ਰੀ ਸੁਦਰਸ਼ਨ ਗੁਪਤਾ ਨੇ ਸਾਂਝੇ ਤੌਰ ‘ਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸਤਿਕਾਰਤ ਮਹਿਮਾਨਾਂ ਨੇ ਮੰਚ ਤੋਂ ਨਾਟਿਅਮ ਥੀਏਟਰ ਗਰੁੱਪ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ 15 ਦਿਨਾਂ ਨਾਟ-ਉਤਸਵ ਲਈ ਸ਼ੁਭ-ਕਾਮਨਾਵਾਂ ਦਿੱਤੀਆਂ। ਨਾਟਿਅਮ ਡਾਇਰੈਕਟਰ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਸਮੂਹ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਸ 15 ਦਿਨਾਂ ਨਾਟ-ਉਤਸਵ ਵਿੱਚ ਜੋ ਕਿ 22 ਅਕਤੂਬਰ ਤੋਂ 5 ਨਵੰਬਰ ਤੱਕ ਚੱਲਣਾ ਹੈ,ਹਰ ਰੋਜ਼ ਸ਼ਾਮ 7:30 ਵਜੇ ਤੋਂ ਸ਼ੁਰੂ ਹੋਇਆ ਕਰੇਗਾ ।
ਇਸ ਥੀਏਟਰ ਫੈਸਟੀਵਲ ਵਿੱਚ 10 ਰਾਜਾਂ ਦੀਆਂ ਨਾਟ-ਮੰਡਲੀਆਂ 15 ਨਾਟਕ ਪੇਸ਼ ਕਰਨਗੀਆਂ ਅਤੇ ਹਰ ਨਾਟਕ ਦਾ ਰੰਗ ਵੇਖਣਯੋਗ ਹੋਵੇਗਾ।ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਸੰਦੀਪ ਸਿੰਘ ਨੇ ਨਿਭਾਈ।ਇਸ ਦੌਰਾਨ ਯੂਨਵਰਸਿਟੀ ਰਜਿਸਟਰਾਰ ਗੁਰਿੰਦਰਪਾਲ ਸਿੰਘ ਬਰਾੜ, ਸੁਖਦੀਪ ਸਿੰਘ ਢਿੱਲੋਂ ਐੱਮ. ਸੀ., ਨਾਟਿਅਮ ਦੇ ਪ੍ਰਧਾਨ ਸੁਰਿੰਦਰ ਕੌਰ, ਈਵੈਂਟ ਮੈਨੇਜਰ ਗੁਰਨੂਰ ਸਿੰਘ, ਸਮੂਹ ਅਦਾਕਾਰ ਨਾਟਿਅਮ ਗਰੁੱਪ ਤੋਂ ਇਲਾਵਾ ਸ਼ਹਿਰ ਦੀਆਂ ਸਾਹਿਤਕ ਹਸਤੀਆਂ, ਯੂਨੀਵਰਸਿਟੀ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।
Share the post "12ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦਾ ਨਾਟਕ ‘ਮੈਂ ਭਗਤ ਸਿੰਘ’ ਦੀ ਪੇਸ਼ਕਾਰੀ ਨਾਲ਼ ਆਗ਼ਾਜ਼"