👉ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਵਿੱਚ ਅਧਿਆਪਕਾਂ ਨੂੰ ਕੀਤਾ ਸਨਮਾਨਿਤ
👉ਸਨਮਾਨਿਤ ਅਧਿਆਪਕਾਂ ਨੂੰ ਇੱਕ-ਇੱਕ ਲੱਖ ਰੁਪਏ, ਤਗਮਾ, ਸ਼ਾਲ ਅਤੇ ਦੋ-ਦੋ ਅਗਾਊਂ ਤਨਖ਼ਾਹ ਵਾਧੇ ਪ੍ਰਦਾਨ ਕੀਤੇ ਗਏ
Haryana News: ਹਰਿਆਣਾ ਵਿੱਚ ਅਧਿਆਪਕ ਦਿਵਸ ਦੇ ਮੌਕੇ ‘ਤੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਚਕੂਲਾ ਵਿੱਚ ਆਯੋਜਿਤ ਰਾਜ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਵਿੱਚ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਅਤੇ ਅਸਾਧਾਰਨ ਯੋਗਦਾਨ ਪਾਉਣ ਵਾਲੇ 79 ਅਧਿਆਪਕਾਂ ਨੂੰ ਸਨਮਾਨਿਤ ਕੀਤਾ।ਸਨਮਾਨਿਤ ਅਧਿਆਪਕਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਨਕਦ ਰਾਸ਼ੀ, ਮੈਡਲ, ਸ਼ਾਲ ਅਤੇ ਦੋ-ਦੋ ਅਗਾਊਂ ਤਨਖ਼ਾਹ ਵਾਧੇ ਪ੍ਰਦਾਨ ਕੀਤੇ ਗਏ।ਇਸ ਮੌਕੇ ਹਰਿਆਣਾ ਦੀ ਪਹਿਲੀ ਮਹਿਲਾ ਸ਼੍ਰੀਮਤੀ ਮਿਤ੍ਰਾ ਘੋਸ਼ ਅਤੇ ਸਕੂਲ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਵੀ ਮੌਜੂਦ ਰਹੇ।
ਅਧਿਆਪਕ ਸਿਰਫ਼ ਗਿਆਨ ਨਹੀਂ, ਵਿਵੇਕ ਅਤੇ ਸੰਸਕਾਰ ਵੀ ਪ੍ਰਦਾਨ ਕਰਦਾ ਹੈ – ਰਾਜਪਾਲ
ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਸਾਰੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਿਰਫ਼ ਨਿੱਜੀ ਪ੍ਰਾਪਤੀ ਦਾ ਸਨਮਾਨ ਨਹੀਂ ਹੈ, ਸਗੋਂ ਪੂਰੇ ਅਧਿਆਪਕ ਭਾਈਚਾਰੇ, ਸਿੱਖਿਆ ਪ੍ਰਣਾਲੀ ਅਤੇ ਹਰਿਆਣਾ ਦੇ ਉੱਜਵਲ ਭਵਿੱਖ ਦਾ ਸਨਮਾਨ ਹੈ।ਰਾਜਪਾਲ ਨੇ ਕਿਹਾ ਕਿ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦਾ ਜੀਵਨ ਇਸ ਗੱਲ ਦੀ ਪ੍ਰੇਰਕ ਮਿਸਾਲ ਹੈ ਕਿ ਸਿੱਖਿਆ ਦੇਣਾ ਸਿਰਫ਼ ਇੱਕ ਕਿੱਤਾ ਨਹੀਂ, ਸਗੋਂ ਸਮਾਜ ਨਿਰਮਾਣ ਦਾ ਸ਼ਕਤੀਸ਼ਾਲੀ ਮਾਧਿਅਮ ਹੈ। ਅਧਿਆਪਕ ਦਿਵਸ ਸਿਰਫ਼ ਅਧਿਆਪਕਾਂ ਨੂੰ ਵਧਾਈ ਦੇਣ ਦਾ ਮੌਕਾ ਨਹੀਂ, ਸਗੋਂ ਸਿੱਖਿਆ ਦੀ ਮਹੱਤਤਾ ਨੂੰ ਸਵੀਕਾਰ ਕਰਨ ਅਤੇ ਅਧਿਆਪਕਾਂ ਪ੍ਰਤੀ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਦਾ ਦਿਨ ਵੀ ਹੈ।ਉਨ੍ਹਾਂ ਕਿਹਾ ਕਿ ਅੱਜ ਸਿੱਖਿਆ ਦੀ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ। ਇੰਟਰਨੈਟ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਆਧੁਨਿਕ ਤਕਨੀਕਾਂ ਰਾਹੀਂ ਵਿਦਿਆਰਥੀ ਕੁਝ ਹੀ ਪਲਾਂ ਵਿੱਚ ਦੁਨੀਆ ਭਰ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ, ਪਰ ਜਾਣਕਾਰੀ ਅਤੇ ਗਿਆਨ ਵਿੱਚ ਅੰਤਰ ਹੈ ਅਤੇ ਗਿਆਨ ਅਤੇ ਵਿਵੇਕ ਵਿੱਚ ਵੀ ਅੰਤਰ ਹੈ। ਤਕਨੀਕ ਸੂਚਨਾ ਦੇ ਸਕਦੀ ਹੈ, ਪਰ ਅਧਿਆਪਕ ਵਿਵੇਕ ਪ੍ਰਦਾਨ ਕਰਦਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਉੱਤਰ ਦੇ ਸਕਦੀ ਹੈ, ਪਰ ਅਧਿਆਪਕ ਸਹੀ ਸਵਾਲ ਪੁੱਛਣਾ ਸਿਖਾਉਂਦਾ ਹੈ। ਰਾਜਪਾਲ ਨੇ ਕਿਹਾ ਕਿ ਤਕਨੀਕ ਦੇ ਇਸ ਯੁੱਗ ਵਿੱਚ ਅਧਿਆਪਕ ਦੀ ਭੂਮਿਕਾ ਘੱਟ ਨਹੀਂ ਹੋਈ, ਸਗੋਂ ਹੋਰ ਵੀ ਮਹੱਤਵਪੂਰਨ ਹੋ ਗਈ ਹੈ।
ਸਿੱਖਿਆ ਦਾ ਉਦੇਸ਼ ਸਿਰਫ਼ ਸਫਲ ਵਿਅਕਤੀ ਨਹੀਂ, ਚੰਗਾ ਇਨਸਾਨ ਬਣਾਉਣਾ ਵੀ ਹੈ
ਰਾਜਪਾਲ ਨੇ ਕਿਹਾ ਕਿ ਅੱਜ ਦੇ ਅਧਿਆਪਕ ਦੀ ਜ਼ਿੰਮੇਵਾਰੀ ਸਿਰਫ਼ ਪਾਠਕ੍ਰਮ ਪੂਰਾ ਕਰਨਾ ਅਤੇ ਪ੍ਰੀਖਿਆ ਦਾ ਨਤੀਜਾ ਦੇਣਾ ਨਹੀਂ ਹੈ। ਅਧਿਆਪਕ ਨੇ ਗਿਆਨ ਦੇ ਨਾਲ-ਨਾਲ ਵਿਦਿਆਰਥੀਆਂ ਦੇ ਚਰਿੱਤਰ ਦਾ ਵੀ ਨਿਰਮਾਣ ਕਰਨਾ ਹੈ। ਉਸ ਨੇ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਇਮਾਨਦਾਰੀ, ਮਿਹਨਤ, ਵਿਗਿਆਨਕ ਨਜ਼ਰੀਆ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨੀ ਹੈ।ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਕੋਈ ਵੀ ਬੱਚਾ ਆਰਥਿਕ ਜਾਂ ਸਮਾਜਿਕ ਹਾਲਾਤਾਂ ਕਾਰਨ ਸਿੱਖਿਆ ਦੀ ਦੌੜ ਵਿੱਚ ਪਿੱਛੇ ਨਾ ਰਹਿ ਜਾਵੇ। ਖ਼ਾਸ ਕਰਕੇ ਧੀਆਂ ਨੂੰ ਬਰਾਬਰ ਦੇ ਮੌਕੇ ਦੇਣਾ ਅਤੇ ਉਨ੍ਹਾਂ ਦੀ ਪੜ੍ਹਾਈ ਨੂੰ ਉਤਸ਼ਾਹਿਤ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।ਰਾਜਪਾਲ ਨੇ ਕਿਹਾ ਕਿ ਸਿੱਖਿਆ ਦਾ ਉਦੇਸ਼ ਸਿਰਫ਼ ਇਹ ਤੈਅ ਕਰਨਾ ਨਹੀਂ ਹੋਣਾ ਚਾਹੀਦਾ ਕਿ ਬੱਚਾ ਭਵਿੱਖ ਵਿੱਚ ਕੀ ਬਣੇਗਾ, ਸਗੋਂ ਇਸ ਤੋਂ ਵੀ ਵੱਧ ਮਹੱਤਵਪੂਰਨ ਇਹ ਹੈ ਕਿ ਉਹ ਕਿਹੋ ਜਿਹਾ ਇਨਸਾਨ ਬਣੇਗਾ। ਸਾਨੂੰ ਅਜਿਹੇ ਡਾਕਟਰ ਚਾਹੀਦੇ ਹਨ ਜਿਨ੍ਹਾਂ ਵਿੱਚ ਸੇਵਾ ਦੀ ਭਾਵਨਾ ਹੋਵੇ, ਅਜਿਹੇ ਵਿਗਿਆਨੀ ਚਾਹੀਦੇ ਹਨ ਜੋ ਮਾਨਵਤਾ ਦੇ ਭਲੇ ਲਈ ਕੰਮ ਕਰਨ, ਅਜਿਹੇ ਅਧਿਕਾਰੀ ਚਾਹੀਦੇ ਹਨ ਜੋ ਨਿਆਂ ਅਤੇ ਸੰਵੇਦਨਸ਼ੀਲਤਾ ਨਾਲ ਫ਼ੈਸਲੇ ਲੈਣ, ਅਜਿਹੇ ਉਦਮੀ ਚਾਹੀਦੇ ਹਨ ਜੋ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਅਜਿਹੇ ਨਾਗਰਿਕ ਚਾਹੀਦੇ ਹਨ ਜੋ ਦੇਸ਼ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਹੋਣ।
ਵਿਦਿਆਰਥੀਆਂ ਨੂੰ ਸਿਰਫ਼ ਪ੍ਰੀਖਿਆਵਾਂ ਲਈ ਨਹੀਂ, ਜੀਵਨ ਲਈ ਤਿਆਰ ਕਰੋ – ਰਾਜਪਾਲ
ਰਾਜਪਾਲ ਨੇ ਅਧਿਆਪਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ਼ ਪ੍ਰੀਖਿਆਵਾਂ ਲਈ ਤਿਆਰ ਨਾ ਕਰੋ, ਸਗੋਂ ਉਨ੍ਹਾਂ ਨੂੰ ਜੀਵਨ ਲਈ ਤਿਆਰ ਕਰੋ। ਉਨ੍ਹਾਂ ਨੂੰ ਸਿਰਫ਼ ਨੌਕਰੀ ਹਾਸਲ ਕਰਨ ਲਈ ਨਹੀਂ, ਸਗੋਂ ਸਮਾਜ ਲਈ ਲਾਹੇਵੰਦ ਬਣਨ ਲਈ ਤਿਆਰ ਕਰੋ। ਉਨ੍ਹਾਂ ਨੂੰ ਸਿਰਫ਼ ਜਵਾਬ ਨਾ ਦੇਵੇਂ, ਸਗੋਂ ਸਵਾਲ ਪੁੱਛਣਾ ਵੀ ਸਿਖਾਓ, ਕਿਉਂਕਿ ਸਵਾਲ ਕਰਨ ਵਾਲਾ ਵਿਦਿਆਰਥੀ ਹੀ ਭਵਿੱਖ ਦਾ ਖੋਜੀ ਅਤੇ ਨਵੇਂ ਵਿਚਾਰ ਦੇਣ ਵਾਲਾ ਬਣਦਾ ਹੈ।
2047 ਦੇ ਵਿਕਸਤ ਭਾਰਤ ਦੀ ਨੀਂਹ ਅੱਜ ਦੀਆਂ ਜਮਾਤਾਂ ਵਿੱਚ ਰੱਖੀ ਜਾ ਰਹੀ ਹੈ
ਰਾਜਪਾਲ ਨੇ ਸਾਲ 2047 ਦੇ ਵਿਕਸਤ ਭਾਰਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਕਸਤ ਭਾਰਤ ਦੀ ਮਜ਼ਬੂਤ ਨੀਂਹ ਅੱਜ ਦੀਆਂ ਜਮਾਤਾਂ ਵਿੱਚ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸੇ ਸਕੂਲ ਵਿੱਚ ਪੜ੍ਹ ਰਿਹਾ ਬੱਚਾ ਕੱਲ੍ਹ ਵਿਗਿਆਨੀ ਬਣ ਸਕਦਾ ਹੈ, ਕੋਈ ਧੀ ਦੇਸ਼ ਦੀ ਮਹਾਨ ਪ੍ਰਸ਼ਾਸਕ ਬਣ ਸਕਦੀ ਹੈ ਅਤੇ ਕੋਈ ਵਿਦਿਆਰਥੀ ਖਿਡਾਰੀ, ਡਾਕਟਰ ਜਾਂ ਅਧਿਆਪਕ ਵਜੋਂ ਦੇਸ਼ ਦੀ ਸੇਵਾ ਕਰ ਸਕਦਾ ਹੈ। ਉਸ ਭਵਿੱਖ ਦੀ ਮਜ਼ਬੂਤ ਨੀਂਹ ਅੱਜ ਅਧਿਆਪਕ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਭਵਿੱਖ ਸੰਸਦ ਵਿੱਚ ਜਿੰਨਾ ਆਕਾਰ ਲੈਂਦਾ ਹੈ, ਉੱਨਾ ਹੀ ਸਕੂਲ ਦੀਆਂ ਜਮਾਤਾਂ ਵਿੱਚ ਵੀ ਆਕਾਰ ਲੈਂਦਾ ਹੈ ਅਤੇ ਉਸ ਭਵਿੱਖ ਦਾ ਸਭ ਤੋਂ ਮਹੱਤਵਪੂਰਨ ਵਾਸਤੂਕਾਰ ਅਧਿਆਪਕ ਹੈ।
ਸਨਮਾਨ ਨਵੀਂ ਜ਼ਿੰਮੇਵਾਰੀ ਦੀ ਸ਼ੁਰੂਆਤ
ਰਾਜਪਾਲ ਨੇ ਖ਼ਾਸ ਕਰਕੇ ਸਨਮਾਨਿਤ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਦੇ ਸਫ਼ਰ ਦਾ ਅੰਤ ਨਹੀਂ, ਸਗੋਂ ਇੱਕ ਨਵੀਂ ਜ਼ਿੰਮੇਵਾਰੀ ਦੀ ਸ਼ੁਰੂਆਤ ਹੈ। ਅੱਜ ਰਾਜ ਨੇ ਉਨ੍ਹਾਂ ਦੇ ਸ਼ਾਨਦਾਰ ਕੰਮਾਂ ਨੂੰ ਪਛਾਣ ਦਿੱਤੀ ਹੈ। ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਤਜ਼ਰਬੇ ਹੋਰ ਅਧਿਆਪਕਾਂ ਨਾਲ ਸਾਂਝੇ ਕਰਨ, ਨਵੀਂ ਪੀੜ੍ਹੀ ਦੇ ਅਧਿਆਪਕਾਂ ਦੀ ਅਗਵਾਈ ਕਰਨ, ਆਪਣੇ ਸਕੂਲਾਂ ਨੂੰ ਹੋਰ ਬਿਹਤਰ ਬਣਾਉਣ ਵਿੱਚ ਯੋਗਦਾਨ ਦੇਣ ਅਤੇ ਵਿਦਿਆਰਥੀਆਂ ਵਿੱਚ ਉੱਤਮਤਾ ਦੇ ਨਾਲ-ਨਾਲ ਮਾਨਵੀ ਕਦਰਾਂ-ਕੀਮਤਾਂ ਦਾ ਵੀ ਵਿਕਾਸ ਕਰਨ।ਇਸ ਮੌਕੇ ਸਕੂਲੀ ਸਿੱਖਿਆ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਵਿਜੇ ਸਿੰਘ ਦਹੀਆ, ਰਾਜਪਾਲ ਦੇ ਸਕੱਤਰ ਸ੍ਰੀ ਵਿਜੇਕੁਮਾਰ ਭਾਵਿਕੱਟੀ, ਸੈਕੰਡਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਜਤੇਂਦਰ ਕੁਮਾਰ, ਮੁੱਢਲੀ ਸਿੱਖਿਆ ਡਾਇਰੈਕਟਰ ਸ਼੍ਰੀਮਤੀ ਮਨੀਤਾ ਮਲਿਕ, ਡਿਪਟੀ ਕਮਿਸ਼ਨਰ ਸ੍ਰੀ ਸਤਪਾਲ ਸ਼ਰਮਾ, ਪੰਚਕੂਲਾ ਦੇ ਮੇਅਰ ਸ੍ਰੀ ਸ਼ਿਆਮ ਲਾਲ ਬੰਸਲ, ਜ਼ਿਲ੍ਹਾ ਭਾਜਪਾ ਪ੍ਰਧਾਨ ਸ੍ਰੀ ਅਜੈ ਮਿੱਤਲ ਸਮੇਤ ਹੋਰ ਪਤਵੰਤੇ ਸੱਜਣ ਵੀ ਮੌਜੂਦ ਰਹੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




