👉ਹਰਿਆਣਾ ਵਿੱਚ 17 ਸਤੰਬਰ ਤੋਂ 17 ਅਕਤੂਬਰ ਤੱਕ ਚੱਲੇਗੀ ‘ਸੇਵਾ ਸੰਕਲਪ ਅਭਿਆਨ’, ਹਰ ਬੂਥ ‘ਤੇ ਜਗੇਗਾ ‘ਆਸ਼ੀਰਵਾਦ ਦਾ ਦੀਵਾ’
👉ਮੰਤਰੀ, ਵਿਧਾਇਕ ਅਤੇ ਆਮ ਲੋਕ ਮਿਲ ਕੇ ਬਣਾਉਣਗੇ ‘ਸੇਵਾ ਸੰਕਲਪ ਅਭਿਆਨ’ ਨੂੰ ਜਨ-ਅੰਦੋਲਨ: ਮੁੱਖ ਮੰਤਰੀ ਨਾਇਬ ਸਿੰਘ ਸੈਣੀ
Haryana News: ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਸ਼ਨੀਵਾਰ ਨੂੰ ਚੰਡੀਗੜ੍ਹ ਸਥਿਤ ਹਰਿਆਣਾ ਨਿਵਾਸ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਅਤੇ ਲੋਕ ਸੇਵਾ ਦੇ 25 ਸਾਲ ਪੂਰੇ ਹੋਣ ਦੇ ਮੌਕੇ ‘ਤੇ 17 ਸਤੰਬਰ ਤੋਂ 17 ਅਕਤੂਬਰ ਤੱਕ ਆਯੋਜਿਤ ਹੋਣ ਵਾਲੀ ‘ਸੇਵਾ ਸੰਕਲਪ ਅਭਿਆਨ’ ਦੇ ਪ੍ਰਭਾਵਸ਼ਾਲੀ ਅਮਲ ਅਤੇ ਸਫ਼ਲ ਆਯੋਜਨ ਨੂੰ ਲੈ ਕੇ ਰਾਜ ਪੱਧਰੀ ਸਮੀਖਿਆ ਬੈਠਕ ਆਯੋਜਿਤ ਕੀਤੀ ਗਈ। ਬੈਠਕ ਵਿੱਚ ਮੁਹਿੰਮ ਦੀਆਂ ਤਿਆਰੀਆਂ, ਵੱਖ-ਵੱਖ ਪ੍ਰੋਗਰਾਮਾਂ ਦੇ ਆਯੋਜਨ ਅਤੇ ਇਨ੍ਹਾਂ ਦੇ ਪ੍ਰਭਾਵਸ਼ਾਲੀ ਤੇ ਸਮੇਂ ਸਿਰ ਅਮਲ ਨੂੰ ਲੈ ਕੇ ਸਬੰਧਤ ਅਧਿਕਾਰੀਆਂ ਨਾਲ ਵਿਸਥਾਰ ਨਾਲ ਸਮੀਖਿਆ ਕੀਤੀ ਗਈ।ਇਸ ਮੀਟਿੰਗ ਵਿੱਚ ਹਰਿਆਣਾ ਸਰਕਾਰ ਦੇ ਕੈਬਨਿਟ ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰ, ਸ੍ਰੀ ਰਾਓ ਨਰਬੀਰ ਸਿੰਘ, ਸ੍ਰੀ ਮਹੀਪਾਲ ਢਾਂਡਾ, ਸ੍ਰੀ ਵਿਪੁਲ ਗੋਇਲ, ਡਾ. ਅਰਵਿੰਦ ਕੁਮਾਰ ਸ਼ਰਮਾ, ਸ੍ਰੀ ਸ਼ਿਆਮ ਸਿੰਘ ਰਾਣਾ, ਸ੍ਰੀ ਰਣਬੀਰ ਗੰਗਵਾ, ਸ੍ਰੀ ਕ੍ਰਿਸ਼ਨ ਕੁਮਾਰ ਬੇਦੀ ਅਤੇ ਸ਼੍ਰੀਮਤੀ ਆਰਤੀ ਰਾਓ ਅਤੇ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਵੀ ਬੈਠਕ ਵਿੱਚ ਮੌਜੂਦ ਰਹੇ। ਇਸ ਤੋਂ ਇਲਾਵਾ ਵੀਡੀਓ ਕਾਨਫਰੰਸਿੰਗ ਰਾਹੀਂ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਵੀ ਮੀਟਿੰਗ ਵਿਚ ਜੁੜੇ।ਮੀਟਿੰਗ ਵਿੱਚ ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸੱਭਿਆਚਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਕੇ.ਐੱਮ. ਪਾਂਡੁਰੰਗ ਅਤੇ ਵਿਭਾਗ ਦੇ ਡਾਇਰੈਕਟਰ ਡਾ. ਆਦਿਤਿਆ ਦਹੀਆ ਨੇ ‘ਸੇਵਾ ਸੰਕਲਪ ਅਭਿਆਨ’ ਤਹਿਤ ਸੂਬੇ ਵਿੱਚ ਪ੍ਰਸਤਾਵਿਤ ਵੱਖ-ਵੱਖ ਪ੍ਰੋਗਰਾਮਾਂ, ਉਨ੍ਹਾਂ ਦੀਆਂ ਤਿਆਰੀਆਂ ਅਤੇ ਪ੍ਰਭਾਵਸ਼ਾਲੀ ਅਮਲ ਦੀ ਕਾਰਜਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਜ਼ਿਲ੍ਹਾਵਾਰ ਤਿਆਰੀਆਂ, ਪ੍ਰੋਗਰਾਮਾਂ ਦੇ ਤਾਲਮੇਲ ਅਤੇ ਮੁਹਿੰਮ ਦੀਆਂ ਸਰਗਰਮੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਵੀ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ।
ਇਹ ਵੀ ਪੜ੍ਹੋ ਅਧਿਆਪਕ ਦਿਵਸ ‘ਤੇ 79 ਅਧਿਆਪਕਾਂ ਨੂੰ ਮਿਲਿਆ ਰਾਜ ਪੱਧਰੀ ਸਨਮਾਨ
ਹਰ ਬੂਥ ‘ਤੇ ਜਗੇਗਾ ‘ਆਸ਼ੀਰਵਾਦ ਦਾ ਦੀਵਾ’, ਲਾਭਪਾਤਰੀਆਂ ਤੱਕ ਪਹੁੰਚੇਗੀ ਮੁਹਿੰਮ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੁਹਿੰਮ ਦੌਰਾਨ ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਉਦਘਾਟਨ ਕੀਤੇ ਗਏ ਪ੍ਰੋਜੈਕਟਾਂ ਅਤੇ ਹਰਿਆਣਾ ਦੇ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦੀ ਪਛਾਣ ਕਰਕੇ ਉੱਥੇ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾਣ। 17 ਸਤੰਬਰ ਦੀ ਸ਼ਾਮ ਸੂਬੇ ਦੇ ਹਰ ਬੂਥ ‘ਤੇ ਲਾਭਪਾਤਰੀਆਂ ਅਤੇ ਆਮ ਲੋਕਾਂ ਦੇ ਘਰ ਜਾ ਕੇ ‘ਆਸ਼ੀਰਵਾਦ ਦਾ ਦੀਵਾ’ ਜਗਾਇਆ ਜਾਵੇ।ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਵੱਖ-ਵੱਖ ਜਨ-ਕਲਿਆਣਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇ ਅਤੇ ਉਨ੍ਹਾਂ ਦੇ ਘਰਾਂ ‘ਤੇ ਦੀਆ ਜਗਾ ਕੇ ਉਨ੍ਹਾਂ ਦੇ ਤਜ਼ਰਬਿਆਂ ਨੂੰ ਸਾਹਮਣੇ ਲਿਆਂਦਾ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਪ੍ਰੋਗਰਾਮਾਂ ਦੀ ਵੀਡੀਓ ਰਿਕਾਰਡਿੰਗ ਦੇ ਪ੍ਰਬੰਧ ਕੀਤੇ ਜਾਣ ਅਤੇ ਸਬੰਧਤ ਫੋਟੋਆਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਿਆਪਕ ਤੌਰ ‘ਤੇ ਸਾਂਝੀਆਂ ਕੀਤੀਆਂ ਜਾਣ।ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿੱਚ ਹੋਏ ਵਿਕਾਸ ਅਤੇ ਜਨ-ਕਲਿਆਣਕਾਰੀ ਕੰਮਾਂ ਅਤੇ ਇਨ੍ਹਾਂ ਨਾਲ ਲੋਕਾਂ ਦੇ ਜੀਵਨ ਵਿੱਚ ਆਏ ਬਦਲਾਅ ਨੂੰ ਘਰ-ਘਰ ਪਹੁੰਚਾਉਣ ਲਈ ਯੂਨੀਵਰਸਿਟੀਆਂ ਵਿੱਚ ਸੈਮੀਨਾਰ ਆਯੋਜਿਤ ਕੀਤੇ ਜਾਣ। ਜਨਤਕ ਥਾਵਾਂ ‘ਤੇ ਵਿਕਾਸ ਯਾਤਰਾ ਨਾਲ ਸਬੰਧਤ ਡਾਕੂਮੈਂਟਰੀ ਪ੍ਰਦਰਸ਼ਿਤ ਕੀਤੀ ਜਾਵੇ ਅਤੇ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਔਰਤਾਂ ਦੇ ਜੀਵਨ ਵਿੱਚ ਆਏ ਬਦਲਾਅ ਨੂੰ ਵੀ ਪ੍ਰਮੁੱਖਤਾ ਨਾਲ ਦਿਖਾਇਆ ਜਾਵੇ।
ਹਰ ਜ਼ਿਲ੍ਹੇ ਵਿੱਚ ਬਣੇ ਲਾਭਪਾਤਰੀਆਂ ਦੀ ਸੂਚੀ, ਕੋਈ ਵੀ ਪਾਤਰ ਵਿਅਕਤੀ ਨਾ ਛੁੱਟੇ
ਮੁੱਖ ਮੰਤਰੀ ਨੇ ਕਿਹਾ ਕਿ ਹਰ ਜ਼ਿਲ੍ਹੇ ਵਿੱਚ ਕੇਂਦਰ ਦੀਆਂ ਯੋਜਨਾਵਾਂ ਦੇ ਲਾਭਪਾਤਰੀਆਂ ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਮੁਹਿੰਮ ਦੌਰਾਨ ਕੋਈ ਵੀ ਲਾਭਪਾਤਰੀ ਵਾਂਝਾ ਨਾ ਰਹੇ। ਮੰਤਰੀ, ਵਿਧਾਇਕ, ਪਾਰਟੀ ਵਰਕਰਾਂ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਇਸ ਜਨ-ਜਾਗਰਣ ਮੁਹਿੰਮ ਨਾਲ ਜੋੜਿਆ ਜਾਵੇ।ਉਨ੍ਹਾਂ ਕਿਹਾ ਕਿ ਗ੍ਰਾਮ ਸਕੱਤਰੇਤ, ਵਿਆਮਸ਼ਾਲਾਵਾਂ, ਕਿਸਾਨਾਂ ਲਈ ਕੀਤੇ ਗਏ ਕੰਮਾਂ, ਸੜਕਾਂ, ਐਕਸਪ੍ਰੈੱਸਵੇਅ ਅਤੇ ਹੋਰ ਪ੍ਰਮੁੱਖ ਵਿਕਾਸ ਪ੍ਰੋਜੈਕਟਾਂ ਦੀ ਵੀ ਪਛਾਣ ਕੀਤੀ ਜਾਵੇ, ਤਾਂ ਜੋ ਇਨ੍ਹਾਂ ਵਿਕਾਸ ਕੰਮਾਂ ਨੂੰ ਜਨਤਾ ਦੇ ਸਾਹਮਣੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਜਾ ਸਕੇ।ਉਨ੍ਹਾਂ ਨਿਰਦੇਸ਼ ਦਿੱਤੇ ਕਿ ਚਿੱਤਰਕਲਾ, ਭਾਸ਼ਣ ਅਤੇ ਹੋਰ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪ੍ਰਤੀਯੋਗੀਆਂ ਨੂੰ ਸਨਮਾਨਿਤ ਕੀਤਾ ਜਾਵੇ। ਸਰਕਾਰੀ ਅਤੇ ਨਿੱਜੀ ਦੋਵਾਂ ਸਕੂਲਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਈ ਜਾਵੇ।
17 ਸਤੰਬਰ ਤੋਂ ਸ਼ੁਰੂ ਹੋਵੇਗਾ ਮਹੀਨੇ ਭਰ ਦਾ ‘ਸੇਵਾ ਸੰਕਲਪ ਮੁਹਿੰਮ’
ਬੈਠਕ ਵਿੱਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਜਨਤਕ ਜੀਵਨ ਅਤੇ ਲੋਕ ਸੇਵਾ ਦੇ 25 ਸਾਲ ਪੂਰੇ ਹੋਣ ਦੇ ਮੌਕੇ ‘ਤੇ 17 ਸਤੰਬਰ ਤੋਂ 17 ਅਕਤੂਬਰ ਤੱਕ ਦੇਸ਼ ਭਰ ਵਿੱਚ ‘ਸੇਵਾ ਸੰਕਲਪ ਮੁਹਿੰਮ’ ਆਯੋਜਿਤ ਕੀਤੀ ਜਾਵੇਗੀ। ਇਸ ਮੁਹਿੰਮ ਦਾ ਉਦੇਸ਼ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ 25 ਸਾਲਾਂ ਦੀ ਸੇਵਾ, ਸੁਸ਼ਾਸਨ ਅਤੇ ਰਾਸ਼ਟਰ ਨਿਰਮਾਣ ਦੇ ਕੰਮਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਨਾਲ-ਨਾਲ ਹਰ ਨਾਗਰਿਕ ਨੂੰ ਵਿਕਸਤ ਭਾਰਤ@2047 ਦੇ ਸੰਕਲਪ ਨਾਲ ਜੋੜਨਾ ਹੈ।
ਮੁਹਿੰਮ ਦੀ ਸ਼ੁਰੂਆਤ 17 ਸਤੰਬਰ ਦੀ ਸ਼ਾਮ ‘ਆਸ਼ੀਰਵਾਦ ਦਾ ਦੀਵਾ’ ਪ੍ਰੋਗਰਾਮ ਨਾਲ ਹੋਵੇਗੀ। ਇਸ ਤਹਿਤ ਵਰਕਰ ਹਰ ਬੂਥ ‘ਤੇ ਜਨਤਾ ਅਤੇ ਵੱਖ-ਵੱਖ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਦੇ ਘਰ ਪਹੁੰਚਣਗੇ ਅਤੇ ਪ੍ਰਧਾਨ ਮੰਤਰੀ ਪ੍ਰਤੀ ਜਨਤਾ ਦੇ ਵਿਸ਼ਵਾਸ, ਧੰਨਵਾਦ ਅਤੇ ਦੇਸ਼ ਦੇ ਉੱਜਵਲ ਭਵਿੱਖ ਦੇ ਸੰਕਲਪ ਦੇ ਪ੍ਰਤੀਕ ਵਜੋਂ ਦੀਆ ਜਗਾਉਣਗੇ।
ਬੱਚਿਆਂ ਦੀ ਪ੍ਰਤਿਭਾ ਨਾਲ ਦਿਖੇਗਾ ਵਿਕਸਤ ਭਾਰਤ ਦਾ ਸੁਪਨਾ
17 ਸਤੰਬਰ ਤੋਂ 7 ਅਕਤੂਬਰ ਤੱਕ ਸਕੂਲਾਂ ਵਿੱਚ ਚਿੱਤਰਕਲਾ ਅਤੇ ਭਾਸ਼ਣ ਮੁਕਾਬਲੇ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਮੁਕਾਬਲਿਆਂ ਰਾਹੀਂ ਬੱਚਿਆਂ ਨੂੰ ਸਾਲ 2047 ਦੇ ਵਿਕਸਤ ਭਾਰਤ ਦੀ ਆਪਣੀ ਕਲਪਨਾ ਅਤੇ ਸੁਪਨਿਆਂ ਨੂੰ ਪ੍ਰਗਟ ਕਰਨ ਦਾ ਮੌਕਾ ਮਿਲੇਗਾ। ਵਧੀਆ ਚਿੱਤਰਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਮੁੱਖ ਮੰਤਰੀ ਦੇ ਦਸਤਖ਼ਤ ਵਾਲਾ ਵਿਸ਼ੇਸ਼ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸੇ ਲੜੀ ਵਿੱਚ ਪਿਛਲੇ 25 ਸਾਲਾਂ ਵਿੱਚ ਦੇਸ਼ ਵਿੱਚ ਆਏ ਸਮਾਜਿਕ ਅਤੇ ਆਰਥਿਕ ਬਦਲਾਅ ਨੂੰ ਕਲਾ ਅਤੇ ਸੱਭਿਆਚਾਰ ਰਾਹੀਂ ਘਰ-ਘਰ ਤੱਕ ਪਹੁੰਚਾਉਣ ਲਈ ‘ਨਮੋ ਸੇਵਾ ਗਾਥਾ’ ਨਾਮਕ 25 ਤੋਂ 30 ਮਿੰਟ ਦਾ ਸੰਗੀਤਕ ਨੁੱਕੜ ਨਾਟਕ ਪੇਸ਼ ਕੀਤਾ ਜਾਵੇਗਾ। ਇਸ ਨੂੰ ਪਿੰਡ-ਪਿੰਡ ਤੱਕ ਲਿਜਾਇਆ ਜਾਵੇਗਾ ਅਤੇ 2 ਅਕਤੂਬਰ ਨੂੰ ਦੇਸ਼ ਦੇ 100 ਪ੍ਰਮੁੱਖ ਸਥਾਨਾਂ ‘ਤੇ ਇਸ ਦੇ ਵਿਸ਼ੇਸ਼ ਮੰਚਨ ਕੀਤੇ ਜਾਣਗੇ।
ਆਣਗਣਵਾੜੀ ਕੇਂਦਰਾਂ ‘ਤੇ ਵਿਸ਼ੇਸ਼ ਉਤਸਵ, ਲਾਭਪਾਤਰੀਆਂ ਦੀ ਜ਼ਬਾਨੀ ਸਾਹਮਣੇ ਆਵੇਗੀ ਬਦਲਾਅ ਦੀ ਕਹਾਣੀ
25 ਸਤੰਬਰ ਤੋਂ 7 ਅਕਤੂਬਰ ਦੇ ਵਿਚਕਾਰ ਆਂਗਣਵਾੜੀ ਕੇਂਦਰਾਂ ‘ਤੇ ਤਿੰਨ ਦਿਨਾਂ ਵਿਸ਼ੇਸ਼ ਉਤਸਵ ਆਯੋਜਿਤ ਕੀਤਾ ਜਾਵੇਗਾ। ਇਸ ਦੌਰਾਨ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਦਾ ਜਨਤਕ ਸਵਾਗਤ ਕੀਤਾ ਜਾਵੇਗਾ ਅਤੇ ਮਾਵਾਂ ਨੂੰ ਸਿਹਤ ਅਤੇ ਪੋਸ਼ਣ ਨਾਲ ਜੁੜੀ ਮਹੱਤਵਪੂਰਨ ਜਾਣਕਾਰੀ ਦਿੱਤੀ ਜਾਵੇਗੀ।ਪ੍ਰਧਾਨ ਮੰਤਰੀ ਮਾਤਰ ਵੰਦਨਾ ਯੋਜਨਾ, ਮਿਸ਼ਨ ਇੰਧਧਨੁਸ਼ ਸਮੇਤ ਵੱਖ-ਵੱਖ ਜਨ-ਕਲਿਆਣਕਾਰੀ ਯੋਜਨਾਵਾਂ ਤੋਂ ਲਾਭ ਪ੍ਰਾਪਤ ਕਰਨ ਵਾਲੇ ਲੋਕਾਂ ਦੇ ਤਜ਼ਰਬਿਆਂ ਨੂੰ ‘ਕਹਾਣੀ ਬਦਲਾਅ ਦੀ’ ਰਾਹੀਂ ਸਾਹਮਣੇ ਲਿਆਂਦਾ ਜਾਵੇਗਾ। ਦੇਸ਼ ਭਰ ਦੇ ਲਾਭਪਾਤਰੀਆਂ ਦੀ ਪ੍ਰੇਰਣਾਦਾਇਕ ਕਹਾਣੀਆਂ ਦੀਆਂ ਛੋਟੀਆਂ ਵੀਡੀਓਜ਼ ਅਤੇ ਰੀਲਾਂ ਤਿਆਰ ਕਰਕੇ ਵਿਕਾਸ ਦੀ ਅਸਲ ਤਸਵੀਰ ਲੋਕਾਂ ਦੇ ਤਜ਼ਰਬਿਆਂ ਰਾਹੀਂ ਪੇਸ਼ ਕੀਤੀ ਜਾਵੇਗੀ।
‘ਸੇਵਾ ਸੇਤੂ’ ਰਾਹੀਂ ਘਰ-ਘਰ ਪਹੁੰਚੇਗਾ ਯੋਜਨਾਵਾਂ ਦਾ ਲਾਭ, ‘ਲਾਡੋ ਲਕਸ਼ਮੀ ਯੋਜਨਾ’ ਦਾ ਵੀ ਹੋਵੇਗਾ ਵਿਸਤਾਰ
ਮੁਹਿੰਮ ਦੌਰਾਨ ਬਲਾਕ ਪੱਧਰ ‘ਤੇ ਵਿਸ਼ੇਸ਼ ‘ਸੇਵਾ ਸੇਤੂ’ ਕੈਂਪ ਲਗਾਏ ਜਾਣਗੇ, ਜਿਨ੍ਹਾਂ ਰਾਹੀਂ ਪ੍ਰਸ਼ਾਸਨ ਸਿੱਧੇ ਜਨਤਾ ਵਿਚਕਾਰ ਪਹੁੰਚ ਕੇ ਯੋਗ ਲੋਕਾਂ ਨੂੰ ਵੱਖ-ਵੱਖ ਸਰਕਾਰੀ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਮੁਹੱਈਆ ਕਰਵਾਉਣ ਦਾ ਯਤਨ ਕਰੇਗਾ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਇਨ੍ਹਾਂ ਕੈਂਪਾਂ ਵਿੱਚ ‘ਲਾਡੋ ਲਕਸ਼ਮੀ ਯੋਜਨਾ’ ਨੂੰ ਵੀ ਪ੍ਰਮੁੱਖਤਾ ਨਾਲ ਜੋੜਿਆ ਜਾਵੇ, ਤਾਂ ਜੋ ਯੋਗ ਔਰਤਾਂ ਤੱਕ ਯੋਜਨਾ ਦਾ ਲਾਭ ਪਹੁੰਚਾਉਣ ਲਈ ਵਿਆਪਕ ਪੱਧਰ ‘ਤੇ ਜਾਗਰੂਕਤਾ ਅਤੇ ਸਹਾਇਤਾ ਯਕੀਨੀ ਬਣਾਈ ਜਾ ਸਕੇ।
ਲਾਡੋ ਲਕਸ਼ਮੀ ਯੋਜਨਾ ਤਹਿਤ ਹੁਣ ਪਰਿਵਾਰ ਦੀ ਸਾਲਾਨਾ ਆਮਦਨ ਦੀ ਪਾਤਰਤਾ ਸੀਮਾ ਵਧਾ ਕੇ 1 ਲੱਖ 80 ਹਜ਼ਾਰ ਰੁਪਏ ਕੀਤੀ ਜਾਵੇਗੀ। ਇਸ ਵਿਸਤਾਰ ਤੋਂ ਬਾਅਦ ਸੂਬੇ ਵਿੱਚ ਲਗਭਗ 17 ਲੱਖ ਨਵੇਂ ਲਾਭਪਾਤਰੀਆਂ ਨੂੰ ਯੋਜਨਾ ਨਾਲ ਜੋੜਨ ਦਾ ਟੀਚਾ ਹੈ। 1 ਨਵੰਬਰ ਤੋਂ ਯੋਗ ਲਾਭਪਾਤਰੀਆਂ ਨੂੰ ਯੋਜਨਾ ਦੀ ਰਿਸ਼ਮ ਦਾ ਭੁਗਤਾਨ ਸ਼ੁਰੂ ਕੀਤਾ ਜਾਵੇਗਾ। ‘ਸੇਵਾ ਸੇਤੂ’ ਕੈਂਪਾਂ ਰਾਹੀਂ ਯੋਗ ਔਰਤਾਂ ਨੂੰ ਯੋਜਨਾ ਦੀ ਪਾਤਰਤਾ, ਅਰਜ਼ੀ ਪ੍ਰਕਿਰਿਆ ਅਤੇ ਜ਼ਰੂਰੀ ਰਸਮੀ ਕਾਰਵਾਈਆਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ, ਤਾਂ ਜੋ ਕੋਈ ਵੀ ਯੋਗ ਲਾਭਪਾਤਰੀ ਯੋਜਨਾ ਦੇ ਲਾਭ ਤੋਂ ਵਾਂਝਾ ਨਾ ਰਹੇ।
90 ਵਿਧਾਨ ਸਭਾ ਹਲਕਿਆਂ ਦੀਆਂ 180 ਲੋਕੇਸ਼ਨਾਂ ‘ਤੇ ਹੋਵੇਗਾ ‘ਸੇਵਾ ਮੇਰਾ ਯੋਗਦਾਨ’ ਪ੍ਰੋਗਰਾਮ
‘ਸੇਵਾ ਮੇਰਾ ਯੋਗਦਾਨ’ ਮੁਹਿੰਮ ਤਹਿਤ ਸੂਬੇ ਦੇ ਸਾਰੇ 90 ਵਿਧਾਨ ਸਭਾ ਹਲਕਿਆਂ ਵਿੱਚ 180 ਲੋਕੇਸ਼ਨਾਂ ‘ਤੇ ਸਮਾਜ ਸੇਵਾ ਦੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਹਰੇਕ ਵਿਧਾਇਕ ਅਤੇ ਸਮਾਜ ਦੇ ਊਰਜਾਵਾਨ ਤੇ ਸਰਗਰਮ ਲੋਕਾਂ ਨੂੰ ਇਨ੍ਹਾਂ ਪ੍ਰੋਗਰਾਮਾਂ ਨਾਲ ਜੋੜਿਆ ਜਾਵੇ, ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਈ ਜਾ ਸਕੇ।ਇਸ ਰਾਹੀਂ ਨਾਗਰਿਕਾਂ ਨੂੰ ਘੱਟੋ-ਘੱਟ 25 ਮਿੰਟ ਸਮਾਜ ਸੇਵਾ ਲਈ ਦੇਣ ਦਾ ਸੱਦਾ ਦਿੱਤਾ ਜਾਵੇਗਾ। ਖ਼ੂਨਦਾਨ, ਬੂਟੇ ਲਗਾਉਣਾ, ਜਨਤਕ ਥਾਵਾਂ ਦੀ ਸਫ਼ਾਈ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਵਰਗੀਆਂ ਗਤੀਵਿਧੀਆਂ ਰਾਹੀਂ ਸੇਵਾ ਦੇ ਇਸ ਸੰਕਲਪ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ।
ਵਿਸ਼ਵ ਦੇ 25 ਦੇਸ਼ਾਂ ਵਿੱਚ ਸੂਰਜ ਚੜ੍ਹਨ ਨਾਲ ਜੁੜੇਗਾ ਹਰਿਆਣਾ, ਯੱਗ ਵਿੱਚ ਹੋਵੇਗੀ ਸ਼ਮੂਲੀਅਤ
‘ਸੇਵਾ ਸੰਕਲਪ ਮੁਹਿੰਮ’ ਤਹਿਤ ਦੁਨੀਆ ਦੇ 25 ਦੇਸ਼ਾਂ, ਜਿੱਥੇ ਸੂਰਜ ਚੜ੍ਹਨ ਦਾ ਸਮਾਂ ਵੱਖ-ਵੱਖ ਹੈ, ਵਿੱਚ ਵਿਦੇਸ਼ਾਂ ਵਿੱਚ ਰਹਿ ਰਹੇ ਹਰਿਆਣਾ ਦੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ। ਇਨ੍ਹਾਂ ਦੇਸ਼ਾਂ ਵਿੱਚ ਸੂਰਜ ਚੜ੍ਹਨ ਦੇ ਮੌਕੇ ‘ਤੇ ਯੱਗ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ ਹਰਿਆਣਾ ਦੇ ਲੋਕ ਵੀ ਆਪਣੀ ਸ਼ਮੂਲੀਅਤ ਯਕੀਨੀ ਬਣਾਉਣਗੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਇਨ੍ਹਾਂ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਹਰਿਆਣਾ ਦੇ ਲੋਕਾਂ ਨੂੰ ਵਿਸ਼ੇਸ਼ ਸੱਦਾ ਦਿੱਤਾ ਜਾਵੇਗਾ। ਇਸ ਪਹਿਲਕਦਮੀ ਰਾਹੀਂ ਸੇਵਾ, ਸੰਸਕਾਰ ਅਤੇ ਵਿਕਸਤ ਭਾਰਤ ਦੇ ਸੰਕਲਪ ਨੂੰ ਗਲੋਬਲ ਪੱਧਰ ‘ਤੇ ਹਰਿਆਣਾ ਦੀ ਭਾਗੀਦਾਰੀ ਨਾਲ ਅੱਗੇ ਵਧਾਇਆ ਜਾਵੇਗਾ।
ਰਾਸ਼ਟਰੀ ਇਨੋਵੇਸ਼ਨ ਚੈਲੰਜ ਵਿੱਚ ਹਰਿਆਣਾ ਦੇ ਨੌਜਵਾਨ ਇਨੋਵੇਟਰ ਦਿਖਾਉਣਗੇ ਪ੍ਰਤਿਭਾ
‘ਸੇਵਾ ਸੰਕਲਪ ਮੁਹਿੰਮ’ ਤਹਿਤ ਰਾਸ਼ਟਰੀ ਪੱਧਰ ‘ਤੇ ‘ਰਾਸ਼ਟਰੀ ਇਨੋਵੇਸ਼ਨ ਚੈਲੰਜ’ ਆਯੋਜਿਤ ਕੀਤਾ ਜਾਵੇਗਾ। ਇਸ ਲਈ ਮਹਾਰਾਸ਼ਟਰ, ਗੁਜਰਾਤ, ਬੈਂਗਲੁਰੂ, ਦਿੱਲੀ ਅਤੇ ਕੋਲਕਾਤਾ ਸਮੇਤ ਪੰਜ ਪ੍ਰਮੁੱਖ ਕੇਂਦਰ ਤੈਅ ਕੀਤੇ ਗਏ ਹਨ। ਹਰਿਆਣਾ ਦੀ ਭਾਗੀਦਾਰੀ ਦਿੱਲੀ ਕੇਂਦਰ ‘ਤੇ ਹੋਵੇਗੀ, ਜਿੱਥੇ ਆਯੋਜਿਤ ਹੋਣ ਵਾਲੇ ਸੰਮੇਲਨ ਵਿੱਚ ਸੂਬੇ ਦੇ ਨੌਜਵਾਨ ਇਨੋਵੇਟਰਾਂ, ਸਟਾਰਟਅੱਪਸ ਅਤੇ ਨਵੀਨਤਾ ਦੇ ਖੇਤਰ ਵਿੱਚ ਕੰਮ ਕਰ ਰਹੇ ਨੌਜਵਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ।ਸੰਮੇਲਨ ਦੌਰਾਨ ਹਰਿਆਣਾ ਦੇ ਸਟਾਰਟਅੱਪਸ ਅਤੇ ਨੌਜਵਾਨ ਇਨੋਵੇਟਰਾਂ ਵੱਲੋਂ ਵਿਕਸਤ ਕੀਤੇ ਗਏ ਨਵੇਂ ਵਿਚਾਰਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ, ਜਿਸ ਵਿੱਚ ਉਨ੍ਹਾਂ ਦੇ ਉਤਪਾਦਾਂ ਅਤੇ ਤਕਨੀਕੀ ਹੱਲਾਂ ਦਾ ਲਾਈਵ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਪਹਿਲ ਹਰਿਆਣਾ ਦੇ ਨੌਜਵਾਨਾਂ ਦੀ ਨਵੀਨਤਾ ਸਮਰੱਥਾ ਨੂੰ ਰਾਸ਼ਟਰੀ ਮੰਚ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਦੇਸ਼ ਦੀ ਵਿਕਾਸ ਯਾਤਰਾ ਅਤੇ ਵਿਕਸਤ ਭਾਰਤ ਦੇ ਸੰਕਲਪ ਨਾਲ ਜੋੜਨ ਦਾ ਕੰਮ ਕਰੇਗੀ।
ਇਹ ਵੀ ਪੜ੍ਹੋ ਰਾਹੁਲ ਗਾਂਧੀ ਨੇ ਮੋਹਨਜੀਤ ਨਾਲ ਕੀਤੀ ਗੱਲਬਾਤ; ਹਰ ਸੰਭਵ ਸਹਿਯੋਗ ਦਾ ਦਿੱਤਾ ਭਰੋਸਾ
‘ਸੇਵਾ ਜੋਤੀ’ ਨਾਲ ਵਿਕਸਤ ਭਾਰਤ ਦਾ ਸੰਕਲਪ
ਮੁਹਿੰਮ ਤਹਿਤ ਹਰ ਜ਼ਿਲ੍ਹੇ ਅਤੇ ਪਿੰਡ ਤੋਂ ‘ਸੇਵਾ ਜੋਤੀ’ ਯਾਨੀ ਸੰਕਲਪ ਮਸ਼ਾਲ ਯਾਤਰਾਵਾਂ ਕੱਢੀਆਂ ਜਾਣਗੀਆਂ। ਇਨ੍ਹਾਂ ਵਿੱਚ ਨੌਜਵਾਨ, ਨਾਗਰਿਕ ਅਤੇ ਵਰਕਰ ਇਕੱਠੇ ਸ਼ਾਮਲ ਹੋ ਕੇ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦਾ ਸਮੂਹਿਕ ਸੰਕਲਪ ਲੈਣਗੇ। ਯਾਤਰਾ ਦੌਰਾਨ 60 ਤੋਂ ਵੱਧ ਥਾਵਾਂ ‘ਤੇ ਜਨ-ਸੰਵਾਦ ਆਯੋਜਿਤ ਕੀਤੇ ਜਾਣਗੇ। ਸੰਕਲਪ ਮਸ਼ਾਲ ਯਾਤਰਾਵਾਂ ਦੀ ਸਮਾਪਤੀ ਦੇ ਮੌਕੇ ‘ਤੇ 750 ਪ੍ਰਮੁੱਖ ਜ਼ਿਲ੍ਹਿਆਂ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਸੰਬੋਧਨ ਹੋਵੇਗਾ। ਇਨ੍ਹਾਂ ਪ੍ਰੋਗਰਾਮਾਂ ਵਿੱਚ ਸਬੰਧਤ ਜ਼ਿਲ੍ਹਿਆਂ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਪਿਛਲੇ ਸਾਲਾਂ ਵਿੱਚ ਹੋਏ ਵਿਕਾਸ ਕੰਮਾਂ ਅਤੇ ਜਨ-ਕਲਿਆਣਕਾਰੀ ਯੋਜਨਾਵਾਂ ਦੀਆਂ ਪ੍ਰਾਪਤੀਆਂ ‘ਤੇ ਚਰਚਾ ਕੀਤੀ ਜਾਵੇਗੀ। ਨਾਲ ਹੀ, ਪ੍ਰਧਾਨ ਮੰਤਰੀ ਜੀ ਦੀ ਅਗਵਾਈ ਹੇਠ ਦੇਸ਼ ਦੀ ਵਿਕਾਸ ਯਾਤਰਾ ਨੂੰ ਅੱਗੇ ਵਧਾਉਂਦੇ ਹੋਏ 2047 ਤੱਕ ਵਿਕਸਤ ਭਾਰਤ ਦੇ ਨਿਰਮਾਣ ਦਾ ਸਮੂਹਿਕ ਸੰਕਲਪ ਲਿਆ ਜਾਵੇਗਾ।ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਅਤੇ ਵਾਤਾਵਰਣ ਸੁਰੱਖਿਆ ਦੇ ਸੁਨੇਹੇ ਨੂੰ ਵੀ ਮੁਹਿੰਮ ਨਾਲ ਜੋੜਿਆ ਜਾਵੇਗਾ। ਪ੍ਰਮੁੱਖ ਸ਼ਹਿਰਾਂ ਵਿੱਚ ‘ਹਿਊਮਨ ਰੰਗੋਲੀ’ ਰਾਹੀਂ ਭਾਰਤ ਦੇ ਵੱਖ-ਵੱਖ ਸੱਭਿਆਚਾਰਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਕੁਦਰਤੀ ਸਮੱਗਰੀ ਨਾਲ ਵਿਸ਼ਾਲ ‘ਭਾਰਤ ਮੰਡਲ’ ਤਿਆਰ ਕਰਕੇ ਸੱਭਿਆਚਾਰ ਅਤੇ ਵਾਤਾਵਰਣ ਸੁਰੱਖਿਆ ਦਾ ਸੁਨੇਹਾ ਦਿੱਤਾ ਜਾਵੇਗਾ।
17 ਅਕਤੂਬਰ ਨੂੰ ‘ਜਨਸੇਵਕ ਮਹਾਕੁੰਭ’
ਇੱਕ ਮਹੀਨੇ ਤੱਕ ਚੱਲਣ ਵਾਲੀ ‘ਸੇਵਾ ਸੰਕਲਪ ਮੁਹਿੰਮ’ ਦੀ ਸਮਾਪਤੀ 17 ਅਕਤੂਬਰ ਨੂੰ ‘ਜਨਸੇਵਕ ਮਹਾਕੁੰਭ’ ਨਾਲ ਹੋਵੇਗੀ। ਇਸ ਮੌਕੇ ਪੰਚਾਇਤ ਤੋਂ ਲੈ ਕੇ ਸੰਸਦ ਤੱਕ ਦੇ ਲਗਭਗ 1.25 ਲੱਖ ਜਨ-ਪ੍ਰਤੀਨਿਧੀ ਇੱਕਠੇ ਜੁੜਨਗੇ।ਹਰਿਆਣਾ ਵਿੱਚ ਵੀ ਇਸ ਇਤਿਹਾਸਕ ਆਯੋਜਨ ਨੂੰ ਵਿਆਪਕ ਜਨ-ਭਾਗੀਦਾਰੀ ਨਾਲ ਜੋੜਿਆ ਜਾਵੇਗਾ, ਜਿਸ ਵਿੱਚ ਸੂਬੇ ਦੀਆਂ ਸਾਰੀਆਂ ਪੰਚਾਇਤਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ। ਇਨ੍ਹਾਂ ਪ੍ਰੋਗਰਾਮਾਂ ਰਾਹੀਂ ਪਿੰਡਾਂ ਤੋਂ ਲੈ ਕੇ ਦੇਸ਼ ਤੱਕ ਵਿਕਾਸ ਦੀ ਯਾਤਰਾ ਨੂੰ ਅੱਗੇ ਵਧਾਉਣ ਅਤੇ 2047 ਤੱਕ ਵਿਕਸਤ ਭਾਰਤ ਦੇ ਨਿਰਮਾਣ ਦਾ ਸਮੂਹਿਕ ਸੰਕਲਪ ਲਿਆ ਜਾਵੇਗਾ।ਬੈਠਕ ਵਿੱਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਇਸ ਤੋਂ ਇਲਾਵਾ ਵੀਡੀਓ ਕਾਨਫਰੰਸਿੰਗ ਰਾਹੀਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਅਧਿਕਾਰੀਆਂ ਨੇ ਬੈਠਕ ਵਿੱਚ ਹਿੱਸਾ ਲਿਆ ਅਤੇ ਆਪਣੇ-ਆਪਣੇ ਜ਼ਿਲ੍ਹਿਆਂ ਵਿੱਚ ‘ਸੇਵਾ ਸੰਕਲਪ ਮੁਹਿੰਮ’ ਦੀਆਂ ਤਿਆਰੀਆਂ ਤੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




