ਸੁਖਜਿੰਦਰ ਮਾਨ
ਬਠਿੰਡਾ, 6 ਦਸੰਬਰ: ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਨਬੀਰ ਸਿੰਘ ਗੁਰਾਇਆ, ਜਨਰਲ ਸਕੱਤਰ ਨਰੰਜਣਜੋਤ ਸਿੰਘ ਚਾਂਦਪੁਰੀ, ਸੂਬਾ ਮੀਤ ਪ੍ਰਧਾਨ ਗੁਰਵਿੰਦਰ ਸੰਧੂ ਅਤੇ ਸੂਬਾ ਕਮੇਟੀ ਮੈਂਬਰ ਗੁਰਮੀਤ ਸਿੰਘ ਸਲਾਬਤਪੁਰਾ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਦੇ ਐਸ.ਐਲ.ਏ. ਕੇਡਰ ਦੀ 2011 ਵਿੱਚ ਤੋੜੀ ਗਈ ਪੇਅ ਪੈਰਿਟੀ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਉਨ੍ਹਾਂ ਦੀ ਜਥੇਬੰਦੀ ਵੱਲੋਂ 8 ਦਸੰਬਰ ਨੂੰ ਖਰੜ ਵਿਖੇ ਵੱਡੀ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਵੇਂ ਪੇਅ ਕਮਿਸ਼ਨ ਅਨੁਸਾਰ ਐਸ.ਐਲ.ਏ., ਪਟਵਾਰੀ, ਪੰਚਾਇਤ ਸਕੱਤਰ, ਕਲਰਕ ਆਦਿ ਬਿਲਕੁੱਲ ਬਰਾਬਰ ਤਨਖ਼ਾਹ ਪੱਧਰ ‘ਤੇ ਸਨ। ਪਰ 2011 ਵਿੱਚ ਉਨ੍ਹਾਂ ਦੇ ਬਰਾਬਰ ਦੀਆਂ ਕੈਟਾਗਿਰੀਆਂ ਦਾ ਗਰੇਡ ਪੇਅ 1900 ਤੋਂ ਵਧਾ ਕੇ 3200 ਕਰ ਦਿੱਤਾ ਗਿਆ ਹੈ ਜਦੋਂ ਕਿ ਐਸ.ਐਲ.ਏ. ਕੇਡਰ ਦਾ ਗਰੇਡ ਪੇਅ 1900 ਤੋਂ ਵਧਾ ਕੇ ਸਿਰਫ਼ 2400 ਹੀ ਕੀਤਾ ਗਿਆ। ਜਿਸ ਕਾਰਨ ਪਿਛਲੇ ਲਗਭਗ 30 ਸਾਲਾਂ ਤੋਂ ਚੱਲੀ ਆ ਰਹੀ ਪੇਅ ਪੈਰਿਟੀ ਟੁੱਟ ਗਈ ਅਤੇ ਐਸ.ਐਲ.ਏ. ਕੇਡਰ ਵੱਡੀ ਵਿੱਤੀ ਮਾਰ ਝੱਲਦੇ ਹੋਏ ਆਪਣੇ ਬਰਾਬਰ ਦੀਆਂ ਕੈਟਾਗਿਰੀਆਂ ਤੋਂ ਬਹੁਤ ਪੱਛੜ ਗਿਆ। ਉਕਤ ਆਗੂਆਂ ਨੇ ਕਿਹਾ ਕਿ 8 ਦਸੰਬਰ ਦੀ ਖਰੜ ਰੈਲੀ ਵਿੱਚ ਪੰਜਾਬ ਦੇ ਹਰ ਜਿਲ੍ਹੇ ਚੋਂ ਵੱਡੀ ਗਿਣਤੀ ਵਿੱਚ ਐਸ.ਐਲ.ਏ. ਸਾਥੀ ਸ਼ਮੂਲੀਅਤ ਕਰਨਗੇ। ਇਸ ਮੌਕੇ ‘ਤੇ ਜਿਲ੍ਹਾ ਜਨਰਲ ਸਕੱਤਰ ਜਸਪ੍ਰੀਤ ਸਿੰਘ ਸਿੱਧੂ, ਜਿਲ੍ਹਾ ਮੀਤ ਪ੍ਰਧਾਨ ਲਖਵਿੰਦਰ ਸਿੰਘ ਮੌੜ, ਜਿਲ੍ਹਾ ਸੰਯੁਕਤ ਸਕੱਤਰ ਗੁਰਦੀਪ ਸਿੰਘ ਰਾਮਪੁਰਾ, ਜਿਲ੍ਹਾ ਵਿੱਤ ਸਕੱਤਰ ਹਰਜੀਤ ਸਿੰਘ ਕੇਸਰ ਸਿੰਘ ਵਾਲਾ, ਜਿਲ੍ਹਾ ਪ੍ਰੈੱਸ ਸਕੱਤਰ ਹਰਿੰਦਰ ਸਿੰਘ ਮੱਲਕੇ ਅਤੇ ਜਿਲ੍ਹਾ ਜਥੇਬੰਦਕ ਸਕੱਤਰ ਰਾਜਵੰਤ ਸਿੰਘ ਬੇਗਾ ਹਾਜ਼ਰ ਸਨ।
28 Views