Bathinda News: ਬਠਿੰਡਾ ਨਗਰ ਨਿਗਮ ਚੋਣਾਂ ਲਈ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੇ ਕੀਤੇ ਐਲਾਨ ਤੋਂ ਬਾਅਦ ਟਿਕਟ ਦੇ ਦਾਅਵੇਦਾਰਾਂ ਵਿਚ ਨਰਾਜ਼ਗੀ ਸਾਹਮਣੇ ਆਉਣ ਲੱਗੀ ਹੈ। ਮੌਜੂਦਾ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਸਮਰਥਕਾਂ ਅਤੇ ਪਾਰਟੀ ਦੇ ਟਕਸਾਲੀ ਵਰਕਰਾਂ ਨੂੰ ਟਿਕਟ ਨਾ ਮਿਲਣ ‘ਤੇ ਵੱਡੀ ਪੱਧਰ ਉੱਪਰ ਅਸਤੀਫ਼ੇ ਦੀ ਚਰਚਾ ਹੈ। ਵੱਡੀ ਗੱਲ ਇਹ ਹੈ ਕਿ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਟਿਕਟਾਂ ਦੀ ਵੰਡ ’ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਆਪਣੇ ਸਕੇ ਭਾਣਜੇ ਤੇ ਸਾਬਕਾ ਕੌਂਸਲਰ ਨੂੰ ਪਾਰਟੀ ਵੱਲੋਂ ਦਿੱਤੀ ਟਿਕਟ ਉੱਪਰ ਚੋਣ ਲੜਣ ਤੋਂ ਇੰਨਕਾਰ ਕਰ ਦਿੱਤਾ ਹੈ। ਅੱਜ ਆਪਣੀ ਰਿਹਾਇਸ਼ ‘ਤੇ ਛੇ ਦਰਜ਼ਨ ਤੋਂ ਪਾਰਟੀ ਟਿਕਟ ਦੇ ਦਾਅਵੇਦਾਰਾਂ ਦੀ ਮੌਜੂਦਗੀ ਵਿਚ ਆਪਣੇ ਸੋਸਲ ਮੀਡੀਆ ਪਲੇਟਫ਼ਾਰਮ ਰਾਹੀਂ ਬਠਿੰਡਾ ਹਲਕੇ ਦੀ ਜਨਤਾ ਸਾਹਮਣੇ ਆਪਣਾ ਪੱਖ ਰੱਖਦਿਆਂ ਵਿਧਾਇਕ ਗਿੱਲ ਨੇ ਦਾਅਵਾ ਕੀਤਾ ਕਿ ਉਮੀਦਵਾਰਾਂ ਦੀ ਚੋਣ ਲਈ ਬਣਾਈ ਗਈ ਸਕਰੀਨਿੰਗ ਕਮੇਟੀ ਦੀ ਬਿਨ੍ਹਾਂ ਮੀਟਿੰਗ ਤੋਂ ਸਿਰਫ਼ ਇਕ ਵਿਅਕਤੀ ਨੂੰ ਨਗਰ ਨਿਗਮ ਦੀਆਂ ਟਿਕਟਾਂ ਸੌਂਪ ਦਿੱਤੀਆਂ ਗਈਆਂ। ਉਨ੍ਹਾਂ ਇਹ ਵੀ ਕਿਹਾ ਕਿ ਆਪ ਦੀ ਟਿਕਟ ਪ੍ਰਾਪਤ ਕਰਨ ਵਾਲੇ ਬਹੁਤੇ ਉਮੀਦਵਾਰ ਅਜਿਹੇ ਹਨ, ਜਿੰਨ੍ਹਾਂ ਹਾਲੇ ਤੱਕ ਆਮ ਆਦਮੀ ਪਾਰਟੀ ਜੁਆਇੰਨ ਵੀ ਨਹੀਂ ਕੀਤੀ।
ਇੰਨ੍ਹਾਂ ਉਮੀਦਵਾਰਾਂ ਉੱਪਰ ਮੇਅਰ ਦੀ ਚੋਣ ਸਮੇਂ ਸ਼ਹਿਰ ਵਾਸੀਆਂ ਵੱਲੋਂ ਕਈ ਕਿਸਮ ਦੇ ਗੰਭੀਰ ਦੋਸ਼ ਲਗਾਏ ਗਏ ਸਨ। ਪ੍ਰੰਤੂ ਪਾਰਟੀ ਨੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਵਲੰਟੀਅਰਾਂ, ਆਗੁਆਂ ਤੇ ਇੱਥੋਂ ਤੱਕ ਬਲਾਕ ਪ੍ਰਧਾਨਾਂ ਨੂੰ ਵੀ ਟਿਕਟ ਦੇਣ ਤੋਂ ਇੰਨਕਾਰ ਕਰ ਦਿੱਤਾ। ਵਿਧਾਇਕ ਗਿੱਲ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਕੋਲ ਇੰਨ੍ਹਾਂ ਚੋਣਾਂ ਲਈ 76 ਦੇ ਕਰੀਬ ਉਮੀਦਵਾਰਾਂ ਨੇ ਅਰਜ਼ੀਆਂ ਦਿੱਤੀਆਂ ਸਨ, ਜਿਨ੍ਹਾਂ ਦੀ ਸਿਫ਼ਾਰਿਸ ਕਰਕੇ ਪਾਰਟੀ ਦੇ ਆਬਜ਼ਰਵਰ ਅਤੇ ਚੇਅਰਮੈਨ ਰਾਕੇਸ਼ ਪੁਰੀ ਨੂੰ ਸੌਂਪ ਦਿੱਤਾ ਸੀ। ਪ੍ਰੰਤੂ ਜਦ ਲਿਸਟ ਸਾਹਮਣੈ ਆਈ ਤਾਂ ਇਕੱਲੇ ਉਹ ਹੀ ਨਹੀਂ, ਬਲਕਿ ਪੂਰਾ ਸ਼ਹਿਰ ਹੈਰਾਨ ਰਹਿ ਗਿਆ ਕਿ ਮੋਦੀ ਉੱਪਰ ਤਾਨਾਸ਼ਾਹ ਦੇ ਦੋਸ਼ ਲਗਾਉਣ ਵਾਲੀ ਪਾਰਟੀ ਨੇ ਬਠਿੰਡਾ ਵਿਚ ਵੀ ਇੱਕ ਵਿਅਕਤੀ ਦੀ ਤਾਨਾਸ਼ਾਹੀ ਕਰ ਦਿੱਤੀ। ਜਿਸ ਕਾਰਨ ਵਰਕਰਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਸਿਧਾਤਾਂ ‘ਤੇ ਪਹਿਰਾ ਦਿੰਦੇ ਆਏ ਹਨ ਤੇ ਪਾਰਟੀ ਦੇ ਟਕਸਾਲੀ ਵਰਕਰਾਂ ਨਾਲ ਖੜ੍ਹਦੇ ਹੋਏ ਉਨ੍ਹਾਂ ਦੇ ਪ੍ਰਵਾਰ ਵੱਲੋਂ ਫੈਸਲਾ ਲਿਆ ਗਿਆ ਕਿ ਪਾਰਟੀ ਵੱਲੋਂ ਵਾਰਡ ਨੰਬਰ 14 ਤੋਂ ਸੁਖਦੀਪ ਸਿੰਘ ਢਿੱਲੋਂ ਨੂੰ ਦਿੱਤੀ ਗਈ ਟਿਕਟ ਵੀ ਵਾਪਸ ਕਰ ਰਹੇ ਹਨ। ਉਨ੍ਹਾਂ ਕਿਹਾ ਟਿਕਟਾਂ ਦੀ ਵੰਡ ਸਹੀ ਨਾਂ ਹੋਣ ਕਾਰਨ ਆਉਣ ਵਾਲੇ ਸਮੇਂ ਵਿਚ ਪਾਰਟੀ ਦਾ ਨੁਕਸਾਨ ਹੋ ਸਕਦਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





