ਸੁਖਜਿੰਦਰ ਮਾਨ
ਬਠਿੰਡਾ, 8 ਜਨਵਰੀ: ਕੱਚੇ ਕਾਮਿਆਂ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੇ ਝੰਡੇ ਹੇਠ ਮੋਰਚਾ ਖੋਲੀ ਬੈਠੇ ਠੇਕਾ ਮੁਲਾਜਮਾਂ ਨੇ ਅੱਜ ਚੋਣ ਜਾਬਤਾ ਲੱਗਣ ਦੇ ਬਾਵਜੂਦ ਅਪਣਾ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਅੱਜ ਇੱਥੇ ਜਾਰੀ ਬਿਆਨ ਵਿਚ ਮੋਰਚੇ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ, , ਗੁਰਵਿੰਦਰ ਸਿੰਘ ਪਨੂੰ, ਵਰਿੰਦਰ ਸਿੰਘ ਬੀਬੀਵਾਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਬੇਈਮਾਨੀ ਜੱਗ ਜਾਹਿਰ ਹੋ ਗਈ ਹੈ ਕਿਉਕਿ ਕਾਂਗਰਸ ਸਰਕਾਰ ਵਲੋਂ ਠੇਕਾ ਮੁਲਾਜਮਾਂ ਦੀਆਂ ਮੰਗਾਂ ਸੰਬੰਧੀ ਵਾਰ ਵਾਰ ਮੀਟਿੰਗਾਂ ਦੀਆਂ ਤਰੀਖਾਂ ਬਦਲਣ ਪਿੱਛੇ ਚੋਣ ਜਾਬਤੇ ਦਾ ਇੰਤਜਾਰ ਸੀ। ਉਨ੍ਹਾਂ ਕਿਹਾ ਕਿ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵਲੋਂ ਪਹਿਲਾਂ ਤੋਂ ਹੀ ਤੈਅ ਕੀਤਾ ਹੋਇਆ ਸੀ ਕਿ ਭਾਵੇ ਚੋਣ ਜਾਬਤਾ ਕਿਊ ਲੱਗ ਜਾਵੇ, ਉਹ ਆਪਣੇ ਹੱਕਾਂ ਲਈ ਸੰਘਰਸ਼ ਨਿਰੰਤਰ ਜਾਰੀ ਰੱਖਣਗੇ। ਇਹੀਂ ਨਹੀਂ ਹਾਕਮਾਂ ਪਾਸੋਂ ਪਿੰਡਾਂ ਵਿਚ ਘੇਰ ਕੇ ਪਿਛਲੀਆਂ 2017 ਦੀਆਂ ਚੋਣਾਂ ਸਮੇਂ ਕੀਤੇ ਵਾਅਦਿਆਂ ਦਾ ਹਿਸਾਬ ਵੀ ਮੰਗਿਆ ਜਾਵੇਗਾ।ਉਨ੍ਹਾਂ ਦੋਸ਼ ਲਗਾਇਆ ਕਿ ਠੇਕਾ ਕਾਮੇ ਜਿਹੜੇ ਆਪਣੇ ਰੈਗੂਲਰ ਹੋਣ ਦੇ ਹੱਕ ਦੀ ਪ੍ਰਾਪਤੀ ਲਈ ਸੰਘਰਸ ਦੇ ਰਾਹ ’ਤੇ ਚੱਲ ਰਹੇ ਸਨ, ਉਨ੍ਹਾਂ ਨੂੰ ਹਰ ਕਿਸਮ ਦੇ ਜਬਰ ਅਤੇ ਧੋਖੇ ਦੇ ਜੋਰ ਸੰਘਰਸ਼ ਦੇ ਰਾਹ ਤੋਂ ਭਟਕਾਉਣ ਅਤੇ ਥਿਰਕਾਉਣ ’ਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਮੀਟਿੰਗਾਂ ਦਾ ਸਮਾ ਦੇ ਕੇ ਨਾ ਕਰਨਾ ਅਤੇ ਵਾਰ ਵਾਰ ਅੱਗੇ ਤਰੀਖਾਂ ਦੇਣ ਦੇ ਇਸ ਧੋਖੇ ਪਿੱਛੇ ਵੀ ਸਰਕਾਰ ਦਾ ਮਕਸਦ ਸਾਫ ਝਲਕਦਾ ਸੀ ਕਿ ਉਹ ਕਿਵੇਂ ਨਾ ਕਿਵੇਂ ਧੋਖਾ ਕਰਕੇ ਚੋਣ ਜਾਬਤੇ ਤੱਕ ਪੁੱਜਣ ਦੇ ਯਤਨਾਂ ’ਚ ਸੀ।
Share the post "ਚੋਣ ਜਾਬਤਾ ਲੱਗਣ ਦੇ ਬਾਵਜੂਦ ਠੇਕਾ ਮੁਲਾਜਮਾਂ ਵਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ"