ਆਪਣੇ ਹਲਕੇ ਤਲਵੰਡੀ ਸਾਬੋ ਦੀ ਤਰੱਕੀ ਅਤੇ ਖੁਸ਼ਹਾਲੀ ਦੇਖ ਕੇ ਮਨ ਨੂੰ ਮਿਲਦੀ ਹੈ ਖੁਸ਼ੀ: ਜਟਾਣਾ
-ਕਾਂਗਰਸ ਦੀ ਦੂਸਰੀ ਵਾਰ ਸਰਕਾਰ ਬਣਨ ‘ਤੇ ਬਦਲੇਗੀ ਇਸ ਹਲਕੇ ਦੀ ਸਿਆਸੀ ਤਸਵੀਰ –
ਬਲਾਕ ਸੰਮਤੀ ਮੈਂਬਰ ਜਗਦੀਸ਼ ਰਾਏ ਸ਼ਰਮਾ ਨੇ ਕੀਤੀ ਘਰ ਵਾਪਸੀ
ਸੁਖਜਿੰਦਰ ਮਾਨ
ਤਲਵੰਡੀ ਸਾਬੋ 22 ਜਨਵਰੀ -ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਦੇ ਉਮੀਦਵਾਰ ਖੁਸ਼ਬਾਜ ਸਿੰਘ ਜਟਾਣਾ ਦੇ ਹੱਕ ਵਿੱਚ ਰੱਖੀਆਂ ਮੀਟਿੰਗਾਂ, ਅੱਜ ਰੈਲੀ ਦਾ ਰੂਪ ਧਾਰਨ ਕਰਦੀਆਂ ਹੋਈਆਂ ਨਜ਼ਰ ਆਈਆਂ। ਇਸ ਮੌਕੇ ਖੁਸ਼ਬਾਜ ਜਟਾਣਾ ਨੇ ਕਿਹਾ ਕਿ ਆਪਣੇ ਹਲਕੇ ਤਲਵੰਡੀ ਸਾਬੋ ਦਾ ਵਿਕਾਸ ਦੇਖ ਕੇ ਮਨ ਨੂੰ ਖੁਸ਼ੀ ਮਿਲਦੀ ਹੈ ਤੇ ਦੂਸਰੀ ਵਾਰ ਕਾਂਗਰਸ ਦੀ ਸਰਕਾਰ ਬਣਨ ਤੇ ਇਸ ਇਲਾਕੇ ਨੂੰ ਤਰੱਕੀ ਦੀ ਰਾਹ ਤੇ ਹੋਰ ਵਧਾਇਆ ਜਾਵੇਗਾ ਜਿਸ ਨਾਲ ਸਿਆਸੀ ਤਸਵੀਰ ਵੀ ਬਦਲਦੀ ਹੋਈ ਨਜ਼ਰ ਆਏਗੀ। ਜਟਾਣਾ ਨੇ ਆਪਣੇ ਵੱਲੋਂ ਕਰਵਾਏ ਵਿਕਾਸ ਦੇ ਨਾਮ ਤੇ ਵੋਟਾਂ ਦੀ ਮੰਗ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਕਦੇ ਵੀ ਲੋਕ ਹਿੱਤਾਂ ਤੇ ਪਹਿਰਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਇਸ ਇਲਾਕੇ ਦੇ ਵਿਕਾਸ ਲਈ ਕੋਈ ਯਤਨ ਕੀਤੇ ਗਏ, ਜਿਸ ਕਰਕੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਵਿਕਾਸ ਪੱਖੋਂ ਪਛੜਿਆ ਰਿਹਾ, ਪਰ ਉਨ੍ਹਾਂ ਵੱਲੋਂ ਪੰਜ ਸਾਲਾਂ ਵਿੱਚ ਹਰ ਸਹੂਲਤ ਨੂੰ ਸਮੇਂ ਸਿਰ ਪੂਰਾ ਕਰਨ ਲਈ ਵੱਡੇ ਯਤਨ ਕੀਤੇ ਗਏ ਜਿਸ ਦੇ ਨਤੀਜੇ ਲੋਕਾਂ ਦੇ ਸਾਹਮਣੇ ਹਨ ।ਉਨ੍ਹਾਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਦਾ ਸੱਦਾ ਦਿੱਤਾ । ਇਸ ਮੌਕੇ ਜਟਾਣਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਤੇ ਕਾਂਗਰਸੀ ਵਰਕਰਾਂ ਤੇ ਧੱਕੇ ਨਾਲ ਸਰੋਪਾਉ ਪਾਉਣ ਦੇ ਵੀ ਦੋਸ਼ ਲਾਏ। ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀ ਮੈਂਬਰ ਜਗਦੀਸ਼ ਰਾਏ ਸ਼ਰਮਾ ਵਾਸੀ ਲਹਿਰੀ ਨੇ ਘਰ ਵਾਪਸੀ ਕਰ ਲਈ ਹੈ ਜਿਸ ਤੋਂ ਧੱਕੇਸ਼ਾਹੀ ਦੇ ਸਬੂਤ ਜਨਤਕ ਹੁੰਦੇ ਹਨ ਕਿਉਂਕਿ ਵਿਰੋਧੀ ਪਾਰਟੀ ਵੱਲੋਂ ਧੱਕੇ ਨਾਲ ਸਿਰੋਪਾਓ ਪਾ ਕੇ ਪਾਰਟੀ ਵਿੱਚ ਸ਼ਾਮਲ ਕਰਨ ਦੀ ਗੱਲ ਕਹੀ ਸੀ । ਇਸ ਮੌਕੇ ਉਨ੍ਹਾਂ ਦੇ ਨਾਲ ਨਿੱਜੀ ਸਕੱਤਰ ਰਣਜੀਤ ਸਿੰਘ ਸੰਧੂ ਸਮੇਤ ਕਾਂਗਰਸ ਦੀ ਲੀਡਰਸ਼ਿਪ ਪੰਚ ਸਰਪੰਚ ਅਤੇ ਵਰਕਰ ਹਾਜ਼ਰ ਸਨ।