ਬਠਿੰਡਾ ਸਹਿਰੀ ਤੋਂ ਰਾਜ ਨੰਬਰਦਾਰ, ਬਠਿੰਡਾ ਦਿਹਾਤੀ ਤੋਂ ਸਵੇਰਾ ਸਿੰਘ ਤੇ ਰਾਮਪੁਰਾ ਤੋਂ ਅਮਰਜੀਤ ਸ਼ਰਮਾ ਨੂੰ ਦਿੱਤੀ ਟਿਕਟ
ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਨੇ ਅੱਜ ਬਠਿੰਡਾ ਜ਼ਿਲੇ੍ਹ ਵਿਚ ਅਪਣੇ ਹਿੱਸੇ ਆਈਆਂ ਤਿੰਨ ਸੀਟਾਂ ਤੋਂ ਸਾਬਕਾ ਕਾਂਗਰਸੀਆਂ ਨੂੰ ਤਰਜ਼ੀਹ ਦਿੰਦਿਆਂ ਉਨ੍ਹਾਂ ਦੇ ਹੱਥ ਖਿੱਦੋ-ਖੂੰਡੀ ਫ਼ੜਾ ਦਿੱਤੀ ਹੈ। ਬਠਿੰਡਾ ਸ਼ਹਿਰੀ ਹਲਕੇ ਤੋਂ ਟਕਸਾਲੀ ਕਾਂਗਰਸੀ ਰਹੇ ਰਾਜ ਨੰਬਰਦਾਰ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਗਿਆ ਹੈ। ਸ਼੍ਰੀ ਨੰਬਰਦਾਰ ਦਾ ਬਠਿੰਡਾ ਸ਼ਹਿਰ ਵਿਚ ਚੰਗਾ ਆਧਾਰ ਹੈ ਤੇ ਉਨ੍ਹਾਂ ਦੀ ਕਾਂਗਰਸ ਪਾਰਟੀ ਦੇ ਕਈ ਵੱਡੇ ਆਗੂਆਂ ਨਾਲ ਕਾਫ਼ੀ ਨੇੜਤਾ ਹੈ। ਇਸਤੋਂ ਇਲਾਵਾ ਭਾਜਪਾ ਦੇ ਆਗੂਆਂ ਨੇ ਵੀ ਉਨ੍ਹਾਂ ਦਾ ਖੁੱਲੇ ਮਨ ਨਾਲ ਸਵਾਗਤ ਕੀਤਾ ਹੈ। ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਰਾਜ ਨੰਬਰਦਾਰ ਨੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਪੰਜਾਬ ਲੋਕ ਕਾਂਗਰਸ ਵਿਚ ਸਮੂਲੀਅਤ ਕਰ ਲਈ ਸੀ। ਉਨ੍ਹਾਂ ਦੇ ਪਿਤਾ ਦੇਵਰਾਜ ਨੰਬਰਦਾਰ ਵੀ 1985 ਵਿਚ ਕਾਂਗਰਸ ਦੀ ਟਿਕਟ ‘ਤੇ ਬਠਿੰਡਾ ਤੋਂ ਚੋਣ ਲੜ ਚੁੱਕੇ ਹਨ। ਜਦੋਂਕਿ ਉਨ੍ਹਾਂ ਦਾ ਪੁੱਤਰ ਵਿੱਕੀ ਨੰਬਰਦਾਰ ਵੀ ਕਾਂਗਰਸ ਦਾ ਮੌਜੂਦਾ ਕੌਂਸਲਰ ਹੈ। ਉਧਰ ਬਠਿੰਡਾ ਦਿਹਾਤੀ ਹਲਕੇ ਤੋਂ ਕੈਪਟਨ ਨੇ ਅਪਣੇ ਮਹਰੂਮ ਸਾਥੀ ਕਾਮਰੇਡ ਮੱਖਣ ਸਿੰਘ ਦੇ ਪੁੱਤਰ ਸਵੇਰਾ ਸਿੰਘ ਨੂੰ ਟਿਕਟ ਦਿੱਤੀ ਹੈ। ਮੌਜੂਦਾ ਕਾਂਗਰਸ ਸਰਕਾਰ ਵਿਚ ਮੁੱਖ ਮੰਤਰੀ ਹੁੰਦਿਆਂ ਕੈਪਟਨ ਨੇ ਸਵੇਰਾ ਸਿੰਘ ਨੂੰ ਜਲ ਬੋਰਡ ਦਾ ਉਪ ਚੇਅਰਮੈਨ ਵੀ ਲਗਾਇਆ ਸੀ। ਮਹਿਰੂਮ ਮੱਖਣ ਸਿੰਘ ਦਾ ਹਲਕੇ ਵਿਚ ਕਾਫ਼ੀ ਸਤਿਕਾਰ ਰਿਹਾ ਹੈ। ਇਸੇ ਤਰ੍ਹਾਂ ਅਪਣੇ ਪੁਰਖਿਆਂ ਦੇ ਜੱਦੀ ਪਿੰਡ ਮਹਿਰਾਜ ਨਾਲ ਸਬੰਧਤ ਵਿਧਾਨ ਸਭਾ ਹਲਕਾ ਰਾਮਪੁਰਾ ਫ਼ੂਲ ਤੋਂ ਪਾਰਟੀ ਨੇ ਡਾ ਅਮਰਜੀਤ ਸ਼ਰਮਾ ਨੂੰ ਉਮੀਦਵਾਰ ਬਣਾਇਆ ਹੈ।
ਕੈਪਟਨ ਨੇ ਬਠਿੰਡਾ ’ਚ ਤਿੰਨ ਸਾਬਕਾ ਕਾਂਗਰਸੀਆਂ ਦੇ ਹੱਥ ਫ਼ੜਾਈ ਖਿੱਦੋ-ਖੁੰਡੀ
8 Views