ਮਨਪ੍ਰੀਤ ਬਾਦਲ ਦੇ ਮੁਕਾਬਲੇ ’ਤੇ ਸਾਬਕਾ ਕਾਂਗਰਸੀ ਜਗਰੂਪ ਗਿੱਲ ਆਪ ਤੇ ਰਾਜ ਨੰਬਰਦਾਰ ਭਾਜਪਾ ਤੋਂ ਬਣੇ ਉਮੀਦਵਾਰ
ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ: ਸੂਬੇ ਦੇ ਚਰਚਿਤ ਵਿਧਾਨ ਸਭਾ ਹਲਕੇ ਬਠਿੰਡਾ ਸ਼ਹਿਰੀ ’ਚ ਕੈਪਟਨ-ਭਾਜਪਾ ਗਠਜੋੜ ਵਲੋਂ ਅਪਣਾ ਉਮੀਦਵਾਰ ਐਲਾਨਣ ਤੋਂ ਬਾਅਦ ਮੁਕਾਬਲਾ ਚਹੁੰ ਕੌਣਾ ਹੋ ਗਿਆ ਹੈ। ਇਸ ਹਲਕੇ ’ਚ ਮਜਬੂਤ ਅਕਾਲੀ ਧਿਰ ਦੇ ਨਾਲ-ਨਾਲ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹੁਣ ਦੋ ਹੋਰ ਸਾਬਕਾ ਕਾਂਗਰਸੀਆਂ ਨਾਲ ਟੱਕਰ ਲੈਣੀ ਪੈ ਰਹੀ ਹੈ। ਦਸਣਾ ਬਣਦਾ ਹੈ ਕਿ ਪੰਜਾਬ ਲੋਕ ਕਾਂਗਰਸ ਤੇ ਭਾਜਪਾ ਵਲੋਂ ਐਲਾਨੇ ਗਏ ਸਾਂਝੇ ਉਮੀਦਵਾਰ ਰਾਜ ਨੰਬਰਦਾਰ ਟਕਸਾਲੀ ਕਾਂਗਰਸੀ ਰਹਿ ਚੁੱਕੇ ਹਨ। ਉਹ ਬਠਿੰਡਾ ਸ਼ਹਿਰੀ ਹਲਕੇ ਤੋਂ ਪਿਛਲੇ ਕਈ ਸਾਲਾਂ ਤੋਂ ਟਿਕਟ ਦੇ ਦਾਅਵੇਦਾਰ ਰਹੇ ਹਨ ਪ੍ਰੰਤੂ ਹੁਣ ਮੁੜ ਉਨ੍ਹਾਂ ਨੂੰ ਟਿਕਟ ਨਾ ਮਿਲਣ ਕਾਰਨ ਉਹ ਦੂਜੇ ਪਾਸੇ ਚਲੇ ਗਏ ਹਨ। ਇਸੇ ਤਰ੍ਹਾਂ ਨਗਰ ਨਿਗਮ ਦੀ ਮੇਅਰਸ਼ਿਪ ਅਹੁੱਦੇ ਦੇ ਦਾਅਵੇਦਾਰ ਰਹੇ ਸ: ਗਿੱਲ ਨੂੰ ਆਮ ਆਦਮੀ ਪਾਰਟੀ ਨੇ ਇਸ ਹਲਕੇ ਤੋਂ ਟਿਕਟ ਦੇ ਕੇ ਨਿਵਾਜ਼ਿਆ ਹੈ। ਸ: ਗਿੱਲ ਕਾਂਗਰਸ ਪਾਰਟੀ ਵਲੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਤੋਂ ਇਲਾਵਾ ਕਈ ਹੋਰ ਅਹੁੱਦਿਆਂ ’ਤੇ ਵੀ ਰਹਿ ਚੁੱਕੇ ਹਨ। ਇਸੇ ਤਰ੍ਹਾਂ ਅਜਿਹੀ ਹਾਲਾਤ ’ਚ ਉਕਤ ਦੋਨੋਂ ਸਾਬਕਾ ਕਾਂਗਰਸੀ ਆਗੂ ਵੀ ਅਪਣੀ ਪਿੱਤਰੀ ਪਾਰਟੀ ਵਿਚੋਂ ਸਮਰਥਨ ਜਟਾਉਣ ਦੀ ਕੋਸ਼ਿਸ਼ ਕਰਨਗੇ। ਜਿਸਦੇ ਚੱਲਦੇ ਵਿਤ ਮੰਤਰੀ ਨੂੰ ਸਿਆਸੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਉਨ੍ਹਾਂ ਕੋਲ ਮਜਬੂਤ ਕਾਂਗਰਸੀ ਕੋਂਸਲਰਾਂ ਤੇ ਆਗੂਆਂ ਦੀ ਟੀਮ ਵੀ ਮੌਜੂਦ ਹੈ।
Share the post "ਬਠਿੰਡਾ ਸ਼ਹਿਰੀ ਹਲਕੇ ’ਚ ਮੁਕਾਬਲਾ ਕਾਂਗਰਸੀ ਬਨਾਮ ਸਾਬਕਾ ਕਾਂਗਰਸੀ ਬਣਨ ਲੱਗਿਆ!"