7 Views
ਦੀਨਾਨਗਰ ‘ਚ ਸਭ ਤੋਂ ਘੱਟ 5 ਉਮੀਦਵਾਰ ਮੈਦਾਨ ‘ਚ
11 ਹਲਕਿਆਂ ਲਈ ਕੁੱਲ 1304 ਉਮੀਦਵਾਰ ਚੋਣ ਮੈਦਾਨ ਵਿੱਚ ਡਟੇ
588 ਉਮੀਦਵਾਰਾ ਦੇ ਨਾਮਜ਼ਦਗੀ ਪੇਪਰ ਹੋਏ ਰੱਦ
341 ਨੇ ਲਏ ਕਾਗਜ ਵਾਪਸ
ਸੁਖਜਿੰਦਰ ਮਾਨ
ਚੰਡੀਗੜ, 05 ਫਰਵਰੀ: ਆਗਾਮੀ 20 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਹੁਣ ਕੁੱਲ 1304 ਉਮੀਦਵਾਰ ਚੋਣ ਮੈਦਾਨ ਵਿੱਚ ਡਟ ਗਏ ਹਨ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਦੋ ਵਿਧਾਨ ਸਭਾ ਹਲਕਿਆਂ ਸਾਹਨੇਵਾਲ ਅਤੇ ਪਟਿਆਲਾ ਵਿਚ ਸਭ ਤੋਂ ਵੱਧ ਉਮੀਦਵਾਰ 19-19 ਉਮੀਦਵਾਰ ਮੈਦਾਨ ਵਿਚ ਖੜ੍ਹੇ ਹਨ ਜਦੋਂ ਕਿ ਸਭ ਤੋਂ ਘੱਟ ਦੀਨਾਨਗਰ ਹਲਕੇ ਵਿਚ ਸਿਰਫ਼ 5 ਉਮੀਦਵਾਰ ਹੀ ਚੋਣ ਮੈਦਾਨ ਵਿਚ ਹਨ। ਗੌਰਤਲਬ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਰਗੀਆਂ ਰਵਾਇਤੀ ਪਾਰਟੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ, ਸੰਯੁਕਤ ਸਮਾਜ ਮੋਰਚਾ ਅਤੇ ਭਾਜਪਾ ਗੱਠਜੋੜ ਸਹਿਤ ਵੱਡੀ ਗਿਣਤੀ ਛੋਟੀਆਂ ਪਾਰਟੀਆਂ ਤੋਂ ਇਲਾਵਾ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ। ਜਿਸ ਕਾਰਨ ਇਸ ਵਾਰ ਉਮੀਦਵਾਰਾਂ ਦੀ ਗਿਣਤੀ ਪਹਿਲੀਆਂ ਚੋਣਾਂ ਦੇ ਮੁਕਾਬਲੇ ਜ਼ਿਆਦਾ ਦੱਸੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰੀਕ੍ਰਿਆ ਦੌਰਾਨ 2266 ਕੁੱਲ ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਸਨ। ਕਾਗਜ਼ਾਂ ਦੀ ਪੜਤਾਲ ਦੌਰਾਨ 588 ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਸਨ। ਇਸਤੋਂ ਇਲਾਵਾ ਕਾਗਜ਼ ਵਾਪਿਸ ਲੈਣ ਦੀ ਆਖਰੀ ਮਿਤੀ 04 ਫਰਵਰੀ, 2022 ਤੱਕ ਦਰੁਸਤ ਪਾਏ ਗਏ 1645 ਵਿੱਚੋਂ 341 ਨਾਮਜ਼ਦਗੀ ਪੱਤਰ ਵਾਪਿਸ ਲੈ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹੁਣ 1304 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਡਾ. ਰਾਜੂ ਨੇ ਦੱਸਿਆ ਕਿ ਸਭ ਤੋਂ ਵੱਧ 19-19 ਉਮੀਦਵਾਰ ਵਿਧਾਨ ਸਭਾ ਹਲਕਾ ਸਾਹਨੇਵਾਲ ਅਤੇ ਪਟਿਆਲਾ ਦਿਹਾਤੀ ਤੋਂ ਚੋਣ ਮੈਦਾਨ ਵਿੱਚ ਹਨ ਜਦਕਿ ਸਭ ਤੋਂ ਘੱਟ 5 ਉਮੀਦਵਾਰ ਵਿਧਾਨ ਸਭਾ ਹਲਕਾ 5 ਦੀਨਾਨਗਰ ਤੋਂ ਚੋਣ ਮੈਦਾਨ ਵਿੱਚ ਹਨ।