ਸੁਖਜਿੰਦਰ ਮਾਨ
ਚੰਡੀਗੜ੍ਹ, 25 ਫ਼ਰਵਰੀ: ਨਸ਼ਾ ਤਸਕਰੀ ਦੇ ਕਥਿਤ ਮਾਮਲੇ ਵਿਚ ਫ਼ਸੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀ ਜਮਾਨਤ ਅਰਜੀ ਮੋਹਾਲੀ ਦੀ ਸਥਾਨਕ ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਸ ਮਾਮਲੇ ਵਿਚ ਮਜੀਠਿਆ ਅਤੇ ਸਰਕਾਰੀ ਪੱਖ ’ਚ ਹੋਈ ਜਬਰਦਸਤ ਬਹਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਬੀਤੇ ਕੱਲ ਤੋਂ ਬਿਕਰਮ ਸਿੰਘ ਮਜੀਠੀਆ ਪਟਿਆਲਾ ਜੇਲ੍ਹ ਵਿਚ ਬੰਦ ਹਨ। ਉਨ੍ਹਾਂ ਦੇ ਵਕੀਲਾਂ ਨੇ ਕਿਹਾ ਕਿ ਉਹ ਹੁਣ ਹਾਈਕੋਰਟ ਜਾਣਗੇ। ਇਸ ਮੌਕੇ ਸ: ਮਜੀਠਿਆ ਦੇ ਵਕੀਲ ਅਰਸਦੀਪ ਕਲੇਰ ਨੇ ਦਾਅਵਾ ਕੀਤਾ ਕਿ ਅਦਾਲਤੀ ਹੁਕਮਾਂ ’ਤੇ ਹੂਣ ਤੱਕ ਸ: ਮਜੀਠੀਆ ਤਿੰਨ ਵਾਰ ਐਸਆਈਟੀ ਸਾਹਮਣੇ ਪੇਸ ਹੋ ਚੁੱਕੇ ਹਨ ਅਤੇ ਉਨ੍ਹਾਂ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰ ਰਹੇ ਹਨ। ਗੌਰਤਲਬ ਹੈ ਕਿ 20 ਦਸੰਬਰ ਨੂੰ ਪੁਲਿਸ ਵਲੋਂ ਦਰਜ਼ ਇਸ ਮਾਮਲੇ ਵਿਚ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਤੋਂ ਬਾਅਦ ਬੀਤੇ ਕੱਲ ਮਜੀਠੀਆ ਨੇ ਮੋਹਾਲੀ ਅਦਾਲਤ ਵਿਚ ਆਤਮ ਸਮਰਪਣ ਕੀਤਾ ਸੀ। ਹਾਲਾਂਕਿ ਇਸ ਮੌਕੇ ਵੀ ਵਿਸੇਸ ਜਾਂਚ ਟੀਮ ਦੀ ਮੰਗ ’ਤੇ ਅਦਾਲਤ ਨੇ ਪੁਲਿਸ ਨੂੰ ਪੁੱਛਗਿੱਛ ਕਰਨ ਦੀ ਇਜ਼ਾਜਤ ਦੇ ਦਿੱਤੀ ਸੀ ਪ੍ਰੰਤੂ ਬਾਅਦ ਵਿਚ ਅਦਾਲਤ ਨੇ ਉਨ੍ਹਾਂ ਨੂੰ ਅੱਠ ਮਾਰਚ ਤੱਕ ਪਟਿਆਲਾ ਜੇਲ੍ਹ ਵਿਚ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਜਿਸਤੋਂ ਬਾਅਦ ਅੱਜ ਮੁੜ ਉਨ੍ਹਾਂ ਦੀ ਜਮਾਨਤ ਅਰਜੀ ’ਤੇ ਸੁਣਵਾਈ ਹੋਈ ਸੀ। ਮਜੀਠਿਆ ਦੇ ਵਕੀਲਾਂ ਨੂੰ ਉਮੀਦ ਹੈ ਕਿ ਹਾਈਕੋਰਟ ਉਨ੍ਹਾਂ ਦਾ ਪੱਖ ਸੁਣੇਗੀ। ਗੌਰਤਲਬ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸ ਸਰਕਾਰ ਵਿਚ ਨਸ਼ਾ ਤਸਕਰੀ ਦਾ ਮੁੱਦਾ ਹਰ ਸਮੇਂ ਚੱਲਦਾ ਆ ਰਿਹਾ ਸੀ ਤੇ ਹੁਣ ਇਹ ਪਰਚਾ ਦਰਜ਼ ਕੀਤਾ ਗਿਆ ਸੀ। ਇਸ ਮਾਮਲੇ ਵਿਚ ਅਕਾਲੀ ਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਹੋਰਨਾਂ ’ਤੇ ਸਿਆਸੀ ਕਿੜ ਕੱਢਣ ਦੇ ਦੋਸ਼ ਲਗਾਏ ਸਨ। ਇਸੇ ਕਰਕੇ ਮਜੀਠਿਆ ਨੂੰ ਸਿੱਧੂ ਦੇ ਮੁਕਾਬਲੇ ਅੰਮਿ੍ਰਤਸਰ ਪੂਰਬੀ ਹਲਕੇ ਤੋਂ ਚੋਣ ਲੜਾਈ ਗਈ ਸੀ।
ਨਸ਼ਾ ਤਸਕਰੀ ਦੇ ਮਾਮਲੇ ’ਚ ਬਿਕਰਮ ਮਜੀਠਿਆ ਦੀ ਜਮਾਨਤ ਅਰਜੀ ਰੱਦ
12 Views