ਨਿਗਮ ਦੇ ਮੁਲਾਜਮਾਂ ਨੇ ਕੋਂਸਲਰ ਗਿੱਲ ਦੇ ਵਿਧਾਇਕ ਬਣਨ ਤੋਂ ਬਾਅਦ ਪੁੱਜਣ ’ਤੇ ਹੱਥਾਂ ਉਪਰ ਚੂੱਕਿਆ
ਸੁਖਜਿੰਦਰ ਮਾਨ
ਬਠਿੰਡਾ, 28 ਮਾਰਚ: ਸ਼ਹਿਰ ’ਚ ਪਿਛਲੇ ਸਮੇਂ ਦੌਰਾਨ ਉਸਰੀਆਂ ਨਜਾਇਜ਼ ਇਮਾਰਤਾਂ ਤੇ ਚੋਣਾਂ ਤੋਂ ਪਹਿਲਾਂ ਚਹੇਤਿਆਂ ਨੂੰ ਵੰਡੇ ਸੋਲਰ ਪੈਨਲਾਂ ਦੀ ਉਚ ਪੱਧਰੀ ਜਾਂਚ ਹੋਵੇਗੀ ਤੇ ਜਿੰਮੇਵਾਰਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ। ਇਹ ਦਾਅਵਾ ਅੱਜ ਸਥਾਨਕ ਨਗਰ ਨਿਗਮ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਠਿੰਡਾ ਸ਼ਹਿਰੀ ਹਲਕੇ ਦੇ ਐਮ.ਐਲ.ਏ ਜਗਰੂਪ ਸਿੰਘ ਗਿੱਲ ਨੇ ਕੀਤਾ। ਉਹ ਵਿਧਾਇਕ ਬਣਨ ਤੋਂ ਬਾਅਦ ਪਹਿਲੀ ਵਾਰ ਨਿਗਮ ਦਫ਼ਤਰ ਪੁੱਜੇ ਹੋਏ ਸਨ, ਜਿੱਥੇ ਅਪਣੇ ਕੋਂਸਲਰ ਤੇ ਐਮ.ਐਲ.ਏ ਬਣਨ ਤੋਂ ਬਾਅਦ ਨਿਗਮ ਦੇ ਸਮੂਹ ਮੁਲਾਜਮਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਹਾਲਾਂਕਿ ਇਸ ਮੌਕੇ ਕਾਂਗਰਸ ਨਾਲ ਸਬੰਧਤ ਤਿੰਨਾਂ ਮੇਅਰਾਂ ਤੋਂ ਇਲਾਵਾ ਕੋਂਸਲਰ ਵੀ ਦਿਖ਼ਾਈ ਨਹੀਂ ਦਿੱਤੇ। ਇਸ ਮੌਕੇ ਗੱਲਬਾਤ ਕਰਦਿਆਂ ਸ: ਗਿੱਲ ਨੇ ਕਿਹਾ ਕਿ ਉਹ ਨਗਰ ਨਿਗਮ ਤੇ ਇਸਤੋਂ ਪਹਿਲਾਂ ਰਹੀ ਕੋਂਸਲ ਦੇ ਨਾਲ ਪਿਛਲੇ ਕਰੀਬ ਸਾਢੇੇ ਚਾਰ ਦਹਾਕਿਆਂ ਤੋਂ ਜੁੜੇ ਹੋਏ ਹਨ, ਜਿੱਥੇ ਉਨ੍ਹਾਂ ਨੂੰ ਹਮੇਸ਼ਾ ਹੀ ਭਰਵਾਂ ਪਿਆਰ ਮਿਲਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਨਾਲ ਵੀ ਪੱਖਪਾਤ ਨਹੀਂ ਕਰਨਗੇ, ਬਲਕਿ ਨਿਗਮ ਦੇ ਅਹੁੱਦੇਦਾਰਾਂ ਤੇ ਸ਼ਹਿਰੀਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਵਿਕਾਸ ਕਾਰਜ਼ਾਂ ਨੂੰ ਨੇਪਰੇ ਚਾੜਣਗੇ। ਐਮ.ਐਲ.ਏ ਗਿੱਲ ਨੇ ਕਿਹਾ ਕਿ ਨਸ਼ੇ ਦਾ ਖ਼ਾਤਮਾ, ਬੇਰੁਜ਼ਗਾਰੀ ਤੇ ਭਿ੍ਰਸਟਾਚਾਰ ਦੀ ਅਲਾਮਤ ਨੂੰ ਖ਼ਤਮ ਕਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਹਿਲਾਂ ਟੀਚਾ ਹੈ ਤੇ ਉਹ ਬਠਿੰਡਾ ਵਿਚ ਵੀ ਭਿ੍ਰਸਟਾਚਾਰ ਨੂੰ ਸਹਿਣ ਨਹੀਂ ਕਰਨਗੇ। ਉਨ੍ਹਾਂ ਬਠਿੰਡਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਦੇ ਆਸ ਪਾਸ ਦੇ ਖੇਤਰ ਵਿੱਚ ਵੱਡੇ ਪ੍ਰਾਜੈਕਟ ਲੈ ਕੇ ਆਉਣਗੇ ਜਿਸ ਨਾਲ ਹਜਾਰਾਂ ਲੋਕਾਂ ਨੂੰ ਰੁਜਗਾਰ ਦੇ ਮੌਕੇ ਪੈਦਾ ਹੋਣਗੇ ਕਿਉਂਕਿ ਬਠਿੰਡਾ ਵਿੱਚ ਬਠਿੰਡਾ ਥਰਮਲ ਸਮੇਤ ਵੱਡੇ ਪ੍ਰਾਜੈਕਟ ਬੰਦ ਹੋ ਗਏ ਸਨ । ਉੁਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਹ ਚੰਡੀਗੜ੍ਹ ਦੀ ਬਜਾਏ ਬਠਿੰਡਾ ’ਚ ਹੀ ਰਹਿਣਗੇ ਤੇ ਇੱਥੋਂ ਦੇ ਲੋਕਾਂ ਚ ਵਿਚਰ ਕੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣਗੇ । ਗਿੱਲ ਨੇ ਕਿਹਾ ਕਿ ਸ਼ਹਿਰ ਵਿੱਚ ਆਉਣ ਵਾਲੇ ਸਮੇਂ ਚ ਪੀਣ ਵਾਲੇ ਪਾਣੀ ਦੀ ਸਮੱਸਿਆ ਤੇ ਮੀਂਹ ਦੇ ਪਾਣੀ ਦੇ ਸ਼ਹਿਰ ਵਿਚ ਖੜਣ ਦੀ ਸਮੱਸਿਆ ਨੂੰ ਨਿਗਮ ਦੇ ਕੋਂਸਲਰਾਂ ਨੂੰ ਨਾਲ ਲੈ ਕੇ ਦੂਰ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਕੋਂਸਲਰ ਸੁਖਦੀਪ ਸਿੰਘ ਢਿੱਲੋਂ ਤੋਂ ਇਲਾਵਾ ਨਿਗਮ ਦੇ ਐਸ.ਈ. ਹਰਪਾਲ ਸਿੰਘ ਭੁੱਲਰ, ਦਵਿੰਦਰ ਸਿੰਘ ਜੋੜਾ, ਕਿਸੋਰ ਚੰਦ ਬਾਂਸਲ ਤੋਂ ਇਲਾਵਾ ਨਿਗਮ ਦੀਆਂ ਸਮੂਹ ਜਥੇਬੰਦੀਆਂ ਦੇ ਅਹੁੱਦੇਦਾਰ ਤੇ ਹਰ ਛੋਟਾ ਵੱਡਾ ਮੁਲਾਜਮ ਹਾਜ਼ਰ ਰਿਹਾ।
Share the post "ਸ਼ਹਿਰ ’ਚ ਬਣੀਆਂ ਨਜਾਇਜ਼ ਇਮਾਰਤਾਂ ਤੇ ਚੋਣਾਂ ਤੋਂ ਪਹਿਲਾਂ ਵੰਡੇ ਸੋਲਰ ਪੈਨਲਾਂ ਦੀ ਹੋਵੇਗੀ ਜਾਂਚ: ਗਿੱਲ"