ਸੁਖਜਿੰਦਰ ਮਾਨ
ਚੰਡੀਗੜ੍ਹ, 8 ਅਪ੍ਰੈਲ: ਸੂਬੇ ਵਿਚ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਦੇ ਆ ਰਹੇ ਰੇਤ ਮਾਫ਼ੀਆ ਦੇ ਮੁੱਦੇ ’ਤੇ ਭਗਵੰਤ ਮਾਨ ਦੀ ਅਗਵਾਈ ਹੇਠ ਬਣੀ ਆਪ ਸਰਕਾਰ ਨੂੰ ਵਾਈਟ ਪੇਪਰ ਲਿਆਉਣ ਦੀ ਮੰਗ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਇਕ ਸੁਖਪਾਲ ਸਿੰਘ ਖ਼ਹਿਰਾ ਨੇ ‘‘ ਉਨ੍ਹਾਂ ਸਿਆਸਤਦਾਨਾਂ, ਨੌਕਰਸਾਹਾਂ ਅਤੇ ਵਿਚੋਲਿਆਂ ਦਾ ਪਰਦਾਫਾਸ ਕਰਨ ਲਈ ਕਿਹਾ ਹੈ, ਜਿਨ੍ਹਾਂ ਦੇ ਰੇਤ ਦੇ ਗੈਰ-ਕਾਨੂੰਨੀ ਕਾਰੋਬਾਰ ਵਿੱਚ ਹੱਥ ਰੰਗੇ ਹੋਏ ਹਨ ਅਤੇ ਜੋ ਇਸ ਕਾਰੋਬਾਰ ਦੀ ਕਾਲਾ ਬਾਜਾਰੀ ਨਾਲ ਸੂਬੇ ਨੂੰ ਕਰੋੜਾਂ ਰੁਪਏ ਦੇ ਜਾਇਜ ਮਾਲੀਏ ਤੋਂ ਵਾਂਝਾ ਕਰ ਰਹੇ ਹਨ॥’’ ਅੱਜ ਇੱਥੇ ਜਾਰੀ ਬਿਆਨ ਵਿਚ ਸ: ਖਹਿਰਾ ਨੇ ਕਿਹਾ ਕਿ ਸੂਬੇ ਵਿੱਚ ਚੱਲ ਰਿਹਾ ਗੈਰ-ਕਾਨੂੰਨੀ ਮਾਈਨਿੰਗ ਮਾਫੀਆ ਵੀ ਪੰਜਾਬ ਦੇ ਆਮ ਲੋਕਾਂ ਲਈ ਰੇਤੇ ਦੇ ਬੇਤਹਾਸਾ ਉੱਚੇ ਭਾਅ ਲਾਕੇ ਆਮ ਲੋਕਾਂ ਦਾ ਜਿਊਣਾ ਮੁਸਕਲ ਕਰ ਰਿਹਾ ਹੈ। ਉਨ੍ਹਾਂ ਇਸ ਸਬੰਧੀ ਜਾਰੀ ਆਪਣੇ ਟਵੀਟ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਯਾਨੀ ਤੁਹਾਡੇ ਦਫਤਰ ਨੂੰ ਟੈਗ ਕੀਤਾ ਹੈ ਤਾਂ ਜੋ ਪੰਜਾਬ ਰਾਜ ਨੂੰ ਕਰੋੜਾਂ ਰੁਪਏ ਤੋਂ ਵੱਧ ਦੀ ਲੁੱਟ ਕਰਨ ਵਾਲੇ ਮਾਈਨਿੰਗ ਮਾਫੀਆ ਦਾ ਪਰਦਾਫਾਸ ਕੀਤਾ ਜਾ ਸਕੇ। ਖ਼ਹਿਰਾ ਨੇ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਉਨਾਂ ਕਿਹਾ ਸੀ ਕਿ ਰੇਤ ਮਾਫੀਆ ਨੂੰ ਨੱਥ ਪਾ ਕੇ ਰੇਤ ਸਬੰਧੀ ਸਹੀ ਪਾਲਿਸੀ ਅਮਲ ਵਿਚ ਲਿਆਂਦੀ ਜਾਵੇਗੀ ਅਤੇ ਸੂਬੇ ਦੇ ਖਜ਼ਾਨੇ ਵਿਚ ਇਸ ਦੇ ਕਾਰੋਬਾਰ ਰਾਹੀਂ ਘੱਟੋ ਘੱਟ 20,000 ਕਰੋੜ ਰੁਪਏ ਪਾਵੋਗੇ॥ ਸਾਬਕਾ ਵਿਰੋਧੀ ਧਿਰ ਦੈ ਨੇਤਾ ਨੇ ਕਿਹਾ ਕਿ ਹੁਣ ਉਹ ਸ਼੍ਰੀ ਕੇਜਰੀਵਾਲ ਤੇ ਭਗਵੰਤ ਮਾਨ ਹੁਰਾਂ ਨੂੰ ਅਪੀਲ ਕਰਦੇ ਹਨ ਕਿ ਗੈਰ-ਕਾਨੂੰਨੀ ਮਾਈਨਿੰਗ ਦੇ ਮੁੱਦੇ ‘ਤੇ ਇੱਕ ਵ੍ਹਾਈਟ ਪੇਪਰ ਲਿਆਓ ਤਾਂ ਜੋ ਉਪਰੋਕਤ ਗਤੀਵਿਧੀਆਂ ਵਿੱਚ ਸਾਮਲ ਕਾਲੀਆਂ ਭੇਡਾਂ ਨੂੰ ਪੰਜਾਬ ਦੇ ਲੋਕਾਂ ਦੇ ਸਾਹਮਣੇ ਬੇਨਕਾਬ ਕੀਤਾ ਜਾ ਸਕੇ। ਰਾਜ ਸਰਕਾਰ ਵੱਲੋਂ ਇਸ ਮੁੱਦੇ ‘ਤੇ ਮਾਈਨਿੰਗ ਨੀਤੀ ਬਣਾਉਣ ਤੋਂ ਪਹਿਲਾਂ ਅਜਿਹਾ ਕੀਤਾ ਜਾਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ ਕਰਜੇ ਦੇ ਬੋਝ ਹੇਠ ਦੱਬੇ ਪੰਜਾਬ ਲਈ ਮਾਲੀਆ ਪੈਦਾ ਹੋਵੇਗਾ ਸਗੋਂ ਆਮ ਲੋਕਾਂ ਨੂੰ ਸਸਤੇ ਭਾਅ ‘ਤੇ ਰੇਤ ਵੀ ਉਪਲਬਧ ਹੋਵੇਗੀ।
Share the post "ਖਹਿਰਾ ਨੇ ਭਗਵੰਤ ਮਾਨ ਨੂੰ ਗੈਰ ਕਾਨੂੰਨੀ ਰੇਤ ਮਾਫ਼ੀਏ ’ਤੇ ਵ੍ਹਾਈਟ ਪੇਪਰ ਲਿਆਉਣ ਲਈ ਕਿਹਾ"