ਸੁਖਜਿੰਦਰ ਮਾਨ
ਬਠਿੰਡਾ, 22 ਅਪ੍ਰੈਲ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਣਕ ਦੇ ਝਾੜ ਘਟਣ ਕਾਰਨ ਆਰਥਿਕ ਤੰਗੀਆਂ ਦੇ ਚੱਲਦਿਆਂ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਉਨ੍ਹਾਂ ਦੀ ਹਰ ਸੰਭਵ ਮੱਦਦ ਦਾ ਭਰੋਸਾ ਦਿਵਾਇਆ। ਵਿਧਾਨ ਸਭਾ ਹਲਕਾ ਮੋੜ ਦੇ ਪਿੰਡ ਮਾਈਸਰਖ਼ਾਨਾ ਤੇ ਮਾਨਸਾ ਖ਼ੁਰਦ ’ਚ ਬੀਤੇ ਦਿਨੀਂ ਦੋ ਨੌਜਵਾਨਾਂ ਕਿਸਾਨਾਂ ਨੇ ਖ਼ੁਦਕਸ਼ੀ ਕਰ ਲਈ ਸੀ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਸ: ਸਿੱਧੂ ਅਪਣੇ ਸਾਥੀਆਂ ਨਾਲ ਅੱਜ ਇੰਨ੍ਹਾਂ ਮਿ੍ਰਤਕ ਕਿਸਾਨਾਂ ਦੇ ਘਰਾਂ ’ਚ ਪੁੱਜੇ। ਇਸ ਮੌਕੇ ਉਨ੍ਹਾਂ ਦਾਅਵਾ ਕੀਤਾ ਕਿ ਜਿੰਨ੍ਹਾਂ ਚਿਰ ਪੰਜਾਬ ਦੀ ਕਿਸਾਨੀ ਨੂੰ ਪੈਰਾਂ ਸਿਰ ਖੜਾ ਨਹੀਂ ਕੀਤਾ ਜਾਂਦਾ, ਉਨ੍ਹਾਂ ਸਮਾਂ ਪੰਜਾਬ ਵੀ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਸੂਬੇ ’ਚ ਪਿਛਲੇ ਸਮੇਂ ਰਹੀਆਂ ਸਰਕਾਰਾਂ ਨੇ ਵੀ ਕਿਸਾਨਾਂ ਦੀ ਬਾਂਹ ਨਹੀਂ ਫ਼ੜੀ। ਸ: ਸਿੱਧੂ ਨੇ ਆਪ ਸੁਪਰੀਮੋ ਵਲੋਂ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਅੱਜ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਹੈ ਤੇ ਕਿਸਾਨਾਂ ਦੀ ਬਾਂਹ ਫ਼ੜਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਿ੍ਰਤਕ ਕਿਸਾਨਾਂ ਦੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜਾ, ਸਰਕਾਰੀ ਨੌਕਰੀ ਅਤੇਾ ਕਰਜ਼ਾ ਮੁਆਫ਼ ਕੀਤਾ ਜਾਵੇ। ਇਸ ਮੌਕੇ ਸਾਬਕਾ ਪ੍ਰਧਾਨ ਨੇ ਜਿਆਦਾਤਰ ਸਿਆਸੀ ਸਵਾਲਾਂ ਤੋਂ ਟਾਲਾ ਵੱਟਦਿਆਂ ਬਿਜਲੀ ਦੇ ਮੁੱਦੇ ’ਤੇ ਆਪ ਸਰਕਾਰ ਨੂੰ ਘੇਰਦਿਆਂ ਦਾਅਵਾ ਕੀਤਾ ਕਿ ‘‘ ਪੰਜਾਬ ਅੰਦਰ ਹਾਲੇ ਤੱਕ ਮੁਫ਼ਤ ਬਿਜਲੀ ਮਿਲਣੀ ਸ਼ੁਰੂ ਨਹੀਂ ਹੋਈ ਤੇ ਗੁਆਂਢੀ ਸੂਬਿਆਂ ’ਚ ਆਪ ਨੇ ਇਸਦਾ ਸਿਆਸੀ ਲਾਹਾ ਖੱਟਣ ਲਈ ਪੋਸਟਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ’’ ਹਾਲਾਂਕਿ ਇਸ ਮੌੇਕੇ ਉਨ੍ਹਾਂ ਮੁੱਖ ਮੰਤਰੀ ਭਗਵੰਵ ਮਾਨ ਵਲੋਂ ਕੁੱਝ ਦਾਲਾਂ ਦੀਆਂ ਫ਼ਸਲਾਂ ’ਤੇ ਐੱਮਐੱਸਪੀ ਦੇਣ ਦੇ ਐਲਾਨ ਦੀ ਸਲਾਘਾ ਵੀ ਕੀਤੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨਾਲ ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਸੀਨੀਅਰ ਆਗੂ ਹਰਵਿੰਦਰ ਸਿੰਘ ਲਾਡੀ, ਹਰਦਿਆਲ ਸਿੰਘ ਕੰਬੋਜ, ਸੁਰਜੀਤ ਸਿੰਘ ਧੀਮਾਨ ਆਦਿ ਵੀ ਹਾਜ਼ਰ ਸਨ।
Share the post "ਨਵਜੋਤ ਸਿੱਧੂ ਨੇ ਖ਼ੁਦਕਸ਼ੀ ਕਰਨ ਵਾਲੇ ਕਿਸਾਨਾਂ ਦੇ ਪ੍ਰਵਾਰਾਂ ਨਾਲ ਜਤਾਈ ਹਮਦਰਦੀ"