16 ਮਈ ਨੂੰ ਥਾਣਾ ਨੇਈਆਂ ਵਾਲਾ ਅੱਗੇ ਧਰਨਾ ਲਾਉਣ ਦਾ ਕੀਤਾ ਫੈਸਲਾ
ਸੁਖਜਿੰਦਰ ਮਾਨ
ਬਠਿੰਡਾ, 10 ਮਈ: ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਪਿੰਡ ਜੀਦਾ ਵਿੱਚ ਅੱਜ ਮਜਦੂਰ ਮਰਦ ਔਰਤਾਂ ਦੀ ਮੀਟਿੰਗ ਕੀਤੀ ਗਈ । ਮੀਟਿੰਗ ਦੀ ਪ੍ਰਧਾਨਗੀ ਕਾਕਾ ਸਿੰਘ ਜੀਦਾ ਨੇ ਕੀਤੀ । ਮੀਟਿੰਗ ਨੂੰ ਸਬੋਧਨ ਕਰਦੇ ਹੋਏ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਬਦਲਾਅ ਲਿਆਉਣ ਦਾ ਨਾਅਰਾ ਦੇਕੇ ਸਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਜਦੂਰਾਂ ਦਾ ਪਹਿਲਾਂ ਨਾਲੋਂ ਵੀ ਨੱਕ ਵਿੱਚ ਦਮ ਕਰ ਦਿੱਤਾ ਹੈ । ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਵਿੱਚੋਂ ਕੋਈ ਵੀ ਲਾਗੂ ਕਰਨ ਦੀ ਸੁਰੂਆਤ ਨਹੀਂ ਕੀਤੀ ਗਈ । ਸਿਰਫ ਐਲਾਨਾਂ ਤੇ ਐਲਾਨ ਕੀਤੇ ਜਾ ਰਹੇ ਹਨ। ਇਸ ਤੋਂ ਵੀ ਅੱਗੇ ਲੋਹੜੇ ਦੀ ਵਧੀ ਮਹਿੰਗਾਈ ਕਾਰਨ ਮਜਦੂਰ ਕਣਕ ਅਤੇ ਤੂੜੀ ਤੋਂ ਵੀ ਵਾਂਝੇ ਰਹਿ ਗਏ ਹਨ। ਉਨਾਂ ਮਾਨ ਸਰਕਾਰ ਤੇ ਦੋਸ ਲਾਉਦਿਆਂ ਕਿਹਾ ਕਿ ਚਿੱਟੇ ਨਸ਼ੇ ਦੀ ਸ਼ਰੇਆਮ ਹੁੰਦੀ ਵਿਕਰੀ ਕਾਰਨ ਮਾਵਾਂ ਦੇ ਗੱਭਰੂ ਪੁੱਤਾਂ ਦੇ ਸਿਵੇ ਬਲ ਰਹੇ ਹਨ । ਪਰ ਦੂਜੇ ਪਾਸੇ ਪੁਲਿਸ ਦੀ ਮਿਲੀ ਭੁਗਤ ਕਾਰਨ ਚਿੱਟੇ ਤੇ ਹੋਰ ਨਸ਼ਿਆਂ ਦੇ ਸੁਦਾਗਰ ਆਪਣੀਆਂ ਦੌਲਤਾਂ ਵਿੱਚ ਹੋਰ ਵਾਧਾ ਕਰ ਰਹੇ । ਮੀਟਿੰਗ ਵਿੱਚ ਹਾਜਰ ਔਰਤਾਂ ਕੋਲੋਂ ਨਸ਼ਿਆਂ ਦੀ ਲਪੇਟ ਵਿੱਚ ਆਏ ਨੌਜਵਾਨਾਂ ਦੀ ਦਰਦ ਭਰੀ ਵਿਥਿਆ ਸੁਣਕੇ ਮੀਟਿੰਗ ਵਿੱਚ ਹਾਜਰ ਮਜਦੂਰਾਂ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ । ਉਨਾਂ ਐਲਾਨ ਕੀਤਾ ਕਿ ਨਸ਼ਿਆਂ ਦੇ ਵਗਦੇ ਹੜ ਨੂੰ ਰੁਕਵਾਉਣ ਅਤੇ ਨਸ਼ੇ ਦੇ ਸੁਦਾਗਰਾਂ ਨੂੰ ਗਿਰਫਤਾਰ ਕਰਵਾਉਣ ਲਈ 16 ਮਈ ਨੂੰ ਥਾਣਾ ਨੇਹੀਆ ਵਾਲਾ ਅੱਗੇ ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਧਰਨਾ ਲਾਇਆ ਜਾਵੇਗਾ । ਉਨਾਂ ਮਜਦੂਰਾਂ ਕਿਸਾਨਾਂ ਨੂੰ ਧਰਨੇ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਦੀ ਪੁਰਜੋਰ ਅਪੀਲ ਕੀਤੀ। ਹੋਰਨਾਂ ਤੋਂ ਇਲਾਵਾ ਮੀਟਿੰਗ ਵਿੱਚ ਸੀਰਾ ਸਿੰਘ ,ਦਰਸਨ ਸਿੰਘ ,ਗੁਰਮੇਲ ਸਿੰਘ , ਮੱਖਣ ਸਿੰਘ ,ਬਲਦੇਵ ਸਿੰਘ ,ਜੀਤੋ ਕੌਰ ,ਸਰਬਜੀਤ ਕੌਰ ,ਸੁਖਪ੍ਰੀਤ ਕੌਰ ਤੇ ਗੋਲੋ ਕੌਰ ਆਦਿ ਆਗੂ ਵਰਕਰ ਵੀ ਸਾਮਲ ਸਨ।
ਪਿੰਡ ਜੀਦਾ ਵਿੱਚ ਨਸ਼ਿਆਂ ਵਿਰੁੱਧ ਮਜਦੂਰਾਂ ਨੇ ਕੀਤੀ ਮੀਟਿੰਗ
7 Views