ਪੰਜਾਬੀ ਖ਼ਬਰਸਾਰ ਬਿਊਰੋ
ਜਲੰਧਰ, 1 ਜੂਨ: ਵਿਧਾਨ ਸਭਾ ਹਲਕਾ ਅੰਮਿ੍ਰਤਸਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਜਸਵੀਰ ਸਿੰਘ ਦੀ ਕਾਰ ਬੇਕਾਬੂ ਹੋ ਕੇ ਅੱਗੇ ਜਾ ਰਹੀ ਇਂੱਕ ਕਾਰ ਨਾਲ ਟਕਰਾ ਗਈ, ਜਿਸਤੋਂ ਬਾਅਦ ਪਲਟੀਆਂ ਮਾਰਦੀਆਂ ਦੂਰ ਖੜੀ ਇੱਕ ਹੋਰ ਕਾਰ ਤੇ ਟਰੈਕਟਰ ਨਾਲ ਜਾ ਟਕਰਾਈ। ਹਾਲਾਂਕਿ ਇਸ ਦੌਰਾਨ ਗੱਡੀਆਂ ਦਾ ਕਾਫ਼ੀ ਨੁਕਸਾਨ ਹੋ ਗਿਆ ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਘਟਨਾ ਸਮੇਂ ਗੱਡੀ ਵਿਚ ਵਿਧਾਇਕ ਵੀ ਸਵਾਰ ਸਨ। ਸੂਚਨਾ ਮੁਤਾਬਕ ਉਹ ਅਪਣੀ ਨਿੱਜੀ ਗੱਡੀ ਵਿਚ ਸਵਾਰ ਹੋ ਕੇ ਜਲੰਧਰ ਤੋਂ ਅੰਮਿ੍ਰਤਸਰ ਜਾ ਰਹੇ ਸਨ। ਇਸ ਦੌਰਾਨ ਜਦ ਉਹ ਢਿੱਲਵਾਂ ਪੁੱਜੇ ਤਾਂ ਅਚਾਨਕ ਉਨ੍ਹਾਂ ਦੀ ਤੇਜ ਸਪੀਡ ਨਾਲ ਜਾ ਰਹੀ ਕਾਰ ਅੱਗੇ ਜਾ ਰਹੀ ਇੱਕ ਹੋਰ ਕਾਰ ਵਿਚ ਜਾ ਵੱਜੀ। ਇਸਤੋਂ ਪਹਿਲਾਂ ਡਰਾਈਵਰ ਗੱਡੀ ਨੂੰ ਕਾਬੂ ਕਰਦਾ, ਕਾਰ ਬੇਕਾਬੂ ਹੋ ਕੇ ਪਹਿਲਾਂ ਫੁੱਟਪਾਥ ਨਾਲ ਟਕਰਾਈ ਤੇ ਉਸਤੋਂ ਬਾਅਦ ਸੜਕ ਕਿਨਾਰੇ ਖੜ੍ਹੀ ਇਕ ਹੋਰ ਕਾਰ ਤੇ ਟਰੈਕਟਰ-ਟਰਾਲੀ ਵਿਚ ਜਾ ਵੱਜੀ। ਘਟਨਾ ਦੌਰਾਨ ਹੀ ਵਿਧਾਇਕ ਦੀ ਕਾਰ ਦਾ ਟਾਈਰ ਵੀ ਫ਼ਟ ਗਿਆ। ਮੌਕੇ ’ਤੇ ਹਾਜ਼ਰ ਲੋਕਾਂ ਮੁਤਾਬਕ ਇਹ ਹਾਦਸਾ ਕਾਫ਼ੀ ਭਿਆਨਕ ਸੀ, ਜਿਸ ਵਿਚ ਕਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਉਧਰ ਵਿਧਾਇਕ ਦੀ ਗੱਡੀ ਦੇ ਅੱਗੇ ਜਾ ਰਹੀ ਆਈ 20 ਕਾਰ ਦੇ ਸਵਾਰਾਂ ਨੇ ਗੱਡੀ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Share the post "ਵਿਧਾਇਕ ਡਾ ਜਸਬੀਰ ਦੀ ਕਾਰ ਬੇਕਾਬੂ ਹੋ ਕੇ ਕਾਰ ਤੇ ਟਰੈਕਟਰ ਨਾਲ ਟਕਰਾਈ, ਜਾਨੀ ਨੁਕਸਾਨ ਤੋਂ ਬਚਾਅ"