ਸੁਖਜਿੰਦਰ ਮਾਨ
ਬਠਿੰਡਾ 5 ਜੂਨ : ਸੰਸਾਰ ਬੈਂਕ ਤੋਂ ਖੇਤੀ ਅਤੇ ਪਾਣੀ ਬਚਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕੱਲ੍ਹ ਤੋਂ ਪਿੰਡਾਂ ਵਿੱਚ ਪੰਜ ਰੋਜ਼ਾ ਧਰਨੇ ਸ਼ੁਰੂ ਕੀਤੇ ਜਾਣਗੇ । ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਪ੍ਰੈਂਸ ਸਕੱਤਰ ਜਸਵੀਰ ਸਿੰਘ ਬੁਰਜ ਸੇਮਾ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿੱਚ ਸੂਬਾ ਕਮੇਟੀ ਦੇ ਸੱਦੇ ਤਹਿਤ ਕੱਲ 6 ਅਗਸਤ ਤੋਂ 10 ਅਗਸਤ ਤਕ ਲਗਪਗ ਇੱਕ ਸੌ ਵੀਹ ਪਿੰਡਾਂ ਵਿੱਚ ਪਿੰਡਾਂ ਦੇ ਜਲ ਘਰਾਂ ਅੱਗੇ ਧਰਨੇ ਸ਼ੁਰੂ ਕੀਤੇ ਜਾਣਗੇ । ਇਨ੍ਹਾਂ ਧਰਨਿਆਂ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾਵੇਗੀ ਕਿ ਸੰਸਾਰ ਬੈਂਕ ਦੀਆਂ ਦਿਸ਼ਾ ਨਿਰਦੇਸ਼ਾਂ ਤਹਿਤ ਪੀਣ ਵਾਲਾ ਅਤੇ ਨਹਿਰੀ ਪਾਣੀ ਦੇਸ਼ੀ ਵਿਦੇਸ਼ੀ ਕੰਪਨੀਆਂ ਨੂੰ ਵੇਚਣ ਦੇ ਫ਼ੈਸਲੇ ਰੱਦ ਕੀਤੇ ਜਾਣ ਅਤੇ ਪੇਂਡੂ ਜਲ ਘਰਾਂ ਦਾ ਪਹਿਲਾਂ ਵਾਲਾ ਢਾਂਚਾ ਬਹਾਲ ਕੀਤਾ ਜਾਵੇ ,ਬਰਸਾਤੀ ਅਤੇ ਨਹਿਰਾਂ ਦੇ ਵਾਧੂ ਪਾਣੀ ਨੂੰ ਧਰਤੀ ਵਿੱਚ ਰੀਚਾਰਜ ਕਰਕੇ ਭੂ ਜਲ ਭੰਡਾਰ ਦੀ ਮੁੜ ਭਰਾਈ ਕੀਤੀ ਜਾਵੇ ,ਪਾਣੀ ਨੂੰ ਜ਼ਹਿਰੀਲਾ ਤੇ ਗੰਦਾ ਕਰਨ ਵਾਲੀਆਂ ਫੈਕਟਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ , ਵੱਧ ਪਾਣੀ ਖਪਤ ਕਰਨ ਵਾਲੀਆਂ ਫ਼ਸਲਾਂ ਦੇ ਮੁਕਾਬਲੇ ਸਾਰੀਆਂ ਫ਼ਸਲਾਂ ਦਾ ਵਾਜਬ ਭਾਅ ਮਿੱਥ ਕੇ ਸਰਕਾਰੀ ਖ਼ਰੀਦ ਦੀ ਗਾਰੰਟੀ ਕੀਤੀ ਜਾਵੇ । ਇਸ ਤੋਂ ਇਲਾਵਾ ਕਿਸਾਨਾਂ ਨੂੰ ਵੀ ਪਾਣੀ ਸੰਜਮ ਨਾਲ ਵਰਤਣ ਦੀ ਅਪੀਲ ਕੀਤੀ ਜਾਵੇਗੀ ,ਰੁੱਖ ਲਾਉਣ ਦੀ ਮੁਹਿੰਮ ਵੀ ਚਲਾਈ ਜਾਵੇਗੀ।
Share the post "ਖੇਤੀ ਅਤੇ ਪਾਣੀ ਬਚਾਉਣ ਲਈ ਕਿਸਾਨ ਯੂਨੀਅਨ ਉਗਰਾਹਾਂ ਪਿੰਡਾਂ ਵਿੱਚ ਦੇਵੇਗੀ ਪੰਜ ਰੋਜ਼ਾ ਧਰਨੇ"