ਖਿਡਾਰਨ ਸਰਬਜੀਤ ਕੌਰ ਨੂੰ ਸਨਮਾਨਿਤ ਕਰਕੇ ਖੇਡਾਂ ਪ੍ਰਤੀ ਕੀਤਾ ਪ੍ਰੇਰਿਤ
ਸੁਖਜਿੰਦਰ ਮਾਨ
ਬਠਿੰਡਾ, 16 ਜੁਲਾਈ : ਜ਼ਿਲ੍ਹਾ ਪ੍ਰਸ਼ਾਸਨ ਨੇ ਬਠਿੰਡਾ ਜ਼ਿਲ੍ਹਾ ਰਾਈਫ਼ਲ ਐਸੋਸੀਏਸ਼ਨ (ਬੀ.ਡੀ.ਆਰ.ਏ.) ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਨੌਜਵਾਨ ਖਿਡਾਰੀਆਂ ਨੂੰ ਖੇਡਾਂ ਦੇ ਸਾਜ਼ੋ-ਸਾਮਾਨ ਲਈ ਮਹੀਨਾਵਾਰ ਭੱਤੇ ਤੇ ਲੋੜ ਆਧਾਰਿਤ ਸਹਾਇਤਾ ਦੀ ਵਿਵਸਥਾ ਕਰਕੇ ਉਤਸ਼ਾਹਿਤ ਕਰਨ ਦੇ ਮੱਦੇਨਜ਼ਰ “ਉਤਸ਼ਾਹ ਸਕੀਮ” ਲਾਂਚ ਕਰਕੇ ਇੱਕ ਵਿਸ਼ੇਸ਼ ਪਹਿਲਕਦਮੀ ਕੀਤੀ ਹੈ। “ਉਤਸ਼ਾਹ ਸਕੀਮ” ਜ਼ਿਲ੍ਹੇ ਦੇ ਨੌਜਵਾਨ ਅਤੇ ਉਭਰਦੇ ਖਿਡਾਰੀਆਂ ਵਿੱਚ ਮਦਦਗਾਰ ਬਣ ਕੇ ਉਨ੍ਹਾਂ ਵਿੱਚ ਉਤਸ਼ਾਹ ਅਤੇ ਵਿਸ਼ਵਾਸ ਪੈਦਾ ਕਰਨ ਚ ਸਹਾਈ ਹੋਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ “ਉਤਸ਼ਾਹ ਸਕੀਮ” ਨੂੰ ਲਾਂਚ ਕਰਨ ਉਪਰੰਤ ਸਾਂਝੀ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ “ਉਤਸ਼ਾਹ ਸਕੀਮ” ਜ਼ਿਲ੍ਹੇ ਦੇ ਇੰਟਰਨੈਸ਼ਨਲ, ਨੈਸ਼ਨਲ ਅਤੇ ਸਟੇਟ ਪੱਧਰ ਤੇ ਖੇਡ ਚੁੱਕੇ ਖਿਡਾਰੀਆਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ। ਇਸ ਮੌਕੇ ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਤਰਰਾਸ਼ਟਰੀ ਪੱਧਰ ‘ਤੇ ਭਾਗ ਲੈਣ ਵਾਲੇ ਖਿਡਾਰੀ ਨੂੰ 2000 ਰੁਪਏ ਫੀਡ ਸਪਲੀਮੈਂਟ ਲਈ ਮਹੀਨਾਵਾਰ ਭੱਤਾ ਇੱਕ ਸਾਲ ਲਈ ਦਿੱਤਾ ਜਾਵੇਗਾ। ਇਸੇ ਤਰ੍ਹਾਂ ਰਾਸ਼ਟਰੀ ਪੱਧਰ ‘ਤੇ ਤਗਮੇ ਜਿੱਤਣ ਵਾਲੇ ਖਿਡਾਰੀ ਨੂੰ 1500 ਰੁਪਏ ਅਤੇ ਰਾਜ ਪੱਧਰ ‘ਤੇ ਤਗਮੇ ਜਿੱਤਣ ਵਾਲੇ ਖਿਡਾਰੀ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਚੰਗਾ ਖੇਡਣ ਵਾਲੇ ਲੋੜਵੰਦ ਖਿਡਾਰੀ ਨੂੰ ਲੋੜ ਅਧਾਰਿਤ ਖੇਡ ਦਾ ਸਾਜੋ-ਸਮਾਨ ਵੀ ਮੁਹੱਈਆ ਕਰਵਾਇਆ ਜਾਵੇਗਾ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ “ਉਤਸ਼ਾਹ ਸਕੀਮ” ਤਹਿਤ ਤਾਮਿਲਨਾਡੂ ਚ ਹੋਈਆਂ ਖੇਡਾਂ ਵਿਚੋਂ ਸਿਲਵਰ ਮੈਡਲ ਜਿੱਤ ਚੁੱਕੀ ਬਠਿੰਡਾ ਦੀ ਖਿਡਾਰਨ ਸਰਬਜੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਂਸਲਾ-ਅਫ਼ਜਾਈ ਵੀ ਕੀਤੀ ਅਤੇ ਖੇਡਾਂ ਵਿੱਚ ਹੋਰ ਚੰਗੀਆਂ ਮੱਲ੍ਹਾ ਮਾਰਨ ਲਈ ਪ੍ਰੇਰਿਤ ਵੀ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਖਿਡਾਰੀ ਵਧੇਰੇ ਜਾਣਕਾਰੀ ਲਈ ਬਹੁ-ਮੰਤਵੀ ਖੇਡ ਸਟੇਡੀਅਮ ਚ ਸਥਿਤ ਜ਼ਿਲ੍ਹਾ ਖੇਡ ਅਫ਼ਸਰ ਦੇ ਦਫ਼ਤਰ ਚ ਸੰਪਰਕ ਕਰ ਸਕਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਹੁਲ, ਐਸਡੀਐਮ ਬਠਿੰਡਾ ਸ਼੍ਰੀਮਤੀ ਇਨਾਯਤ, ਐਸਡੀਐਮ ਤਲਵੰਡੀ ਸਾਬੋ ਸ਼੍ਰੀ ਕੰਵਰਜੀਤ ਸਿੰਘ ਮਾਨ, ਐਸਡੀਐਮ ਮੌੜ ਸ਼੍ਰੀ ਵਰਿੰਦਰ ਕੁਮਾਰ, ਐਸਡੀਐਮ ਰਾਮਪੁਰਾ ਸ਼੍ਰੀ ਓਮ ਪ੍ਰਕਾਸ਼, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮੈਡਮ ਨੀਰੂ ਗਰਗ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਮੇਵਾ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਸ. ਰੁਪਿੰਦਰ ਸਿੰਘ, ਸੈਕਟਰੀ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਅਤੇ ਸ਼੍ਰੀ ਰਾਮੇਸ਼ ਕੁਮਾਰ ਜੈਨ ਆਦਿ ਹਾਜ਼ਰ ਸਨ।
Share the post "“ਉਤਸ਼ਾਹ ਸਕੀਮ” ਨੌਜਵਾਨ ਤੇ ਉਭਰਦੇ ਖਿਡਾਰੀਆਂ ਲਈ ਹੋਵੇਗੀ ਸਹਾਈ ਸਿੱਧ : ਡਿਪਟੀ ਕਮਿਸ਼ਨਰ"