ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 18 ਜੁਲਾਈ: ਸਰਕਾਰਾਂ ਵਲੋਂ ਪਾਣੀਆਂ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਾਉਣ ਵਿਰੁੱਧ ਸੰਸਾਰ ਬੈਂਕ ਤੋਂ ਪਾਣੀ ਬਚਾਓ ਖੇਤੀ ਬਚਾਓ ਮੁਹਿੰਮ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ 21 ਤੋਂ 25 ਜੁਲਾਈ ਤਕ ਪਾਣੀ ਨੂੰ ਪ੍ਰਦੂਸ਼ਤ ਕਰਨ ਵਾਲੀਆਂ ਫੈਕਟਰੀਆਂ , ਡੀਸੀ ਦਫ਼ਤਰਾਂ ਅਤੇ ਪੀਣ ਵਾਲਾ ਪਾਣੀ ਨੂੰ ਘਰਾਂ ਚ ਸਪਲਾਈ ਕਰਨ ਦਾ ਮੋਟੇ ਮੁਨਾਫ਼ੇ ਕਮਾਉਣ ਲਈ ਠੇਕਾ ਲੈਣ ਵਾਲੀਆਂ ਸਾਮਰਾਜੀ ਕੰਪਨੀਆਂ ਦੇ ਪ੍ਰੋਜੈਕਟਾਂ ਅੱਗੇ ਪੰਜ ਰੋਜ਼ਾ ਦਿਨ ਰਾਤ ਦੇ ਧਰਨੇ ਲਾਏ ਜਾ ਰਹੇ ਹਨ। ਅੱਜ ਇਸ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਬਠਿੰਡਾ ਤੇ ਮਾਨਸਾ ਵੱਲੋਂ ਮਾਈਸਰਖਾਨਾ ਵਿਖੇ ਵਧਵੀਂ ਸਿਖਿਆ ਮੀਟਿੰਗ ਕੀਤੀ ਗਈ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ । ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਧੌਲਾ ਵਿਖੇ ਟਰਾਈਡੈਂਟ ਫੈਕਟਰੀ ਅੱਗੇ ਧਰਨਾ ਲਾਇਆ ਜਾਵੇਗਾ
ਅੱਜ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸਾਮਰਾਜੀ ਕੰਪਨੀਆਂ ਵੱਲੋਂ ਆਪਣੇ ਮੁਨਾਫ਼ਿਆਂ ਲਈ ਵੱਖ ਵੱਖ ਫੈਕਟਰੀਆਂ ਵਿੱਚ ਮਾਲ ਤਿਆਰ ਕਰਨ ਲਈ ਰੋਜਾਨਾ ਲੱਖਾਂ ਕਰੋੜਾਂ ਲਿਟਰ ਪਾਣੀ ਦੀ ਬੇਦਰੇਗ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਧਰਤੀ ਹੇਠਲਾ ਦਰਿਆਵਾਂ ਅਤੇ ਨਹਿਰਾਂ ਦਾ ਪਾਣੀ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਅਤੇ ਧਰਤੀ ਹੇਠਲੇ ਪਾਣੀ ਦੀ ਸਤ੍ਹਾ ਹੋਰ ਡੂੰਘੀ ਹੋ ਰਹੀ ਹੈ ।ਉਨ੍ਹਾਂ ਕਿਹਾ ਕਿ ਲੁਧਿਆਣਾ ,ਜਲੰਧਰ ,ਅੰਮਿ੍ਰਤਸਰ ਵਰਗੇ ਵੱਡੇ ਸ਼ਹਿਰਾਂ ਵਿੱਚ ਫੈਕਟਰੀਆਂ ਵੱਲੋਂ ਪਾਣੀ ਜ਼ਹਿਰੀਲਾ ਕਰਕੇ ਦਰਿਆਵਾਂ ਵਿੱਚ ਸੁੱਟਿਆ ਜਾ ਰਿਹਾ ਹੈ । ਟਰਾਈਡੈਂਟ ਫੈਕਟਰੀ ਵੱਲੋਂ ਰੋਜ਼ਾਨਾ ਕਰੋੜਾਂ ਲੀਟਰ ਪਾਣੀ ਧਰਤੀ ਚੋਂ ਕੱਢਿਆ ਜਾਂਦਾ ਹੈ ਅਤੇ ਨਹਿਰੀ ਪਾਣੀ ਵੀ ਵਰਤਿਆ ਜਾ ਰਿਹਾ ਹੈਇਸ ਦਾ 90 % ਪਾਣੀ ਜ਼ਹਿਰੀਲਾ ਕਰਕੇ ਮੁੜ ਧਰਤੀ ਹੇਠਾਂ ਪਾ ਦਿੱਤਾ ਜਾਂਦਾ ਹੈ । ਇਸ ਨਾਲ ਕਈ ਕਿਲੋਮੀਟਰ ਤਕ ਕਿਸਾਨਾਂ ਦੇ ਟਿਊਬਵੈੱਲਾਂ ਰਾਹੀਂ ਜ਼ਹਿਰੀਲਾ ਪਾਣੀ ਆਉਣ ਲੱਗ ਜਾਂਦਾ ਹੈ ਜੋ ਕਿ ਫਸਲਾਂ ਮਾਰ ਦਿੰਦਾ ਹੈ । ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਡੂੰਘਾ ਅਤੇ ਜ਼ਹਿਰੀਲਾ ਕਰਨ ਦਾ ਸਾਰਾ ਦੋਸ਼ ਕਿਸਾਨਾਂ ਸਿਰ ਹੀ ਮੜ੍ਹ ਦਿੱਤਾ ਜਾਂਦਾ ਹੈ ਕਿ ਕਿਸਾਨ ਝੋਨੇ ਦੀ ਖੇਤੀ ਕਰਦੇ ਹਨ ਅਤੇ ਧਰਤੀ ਹੇਠੋਂ ਵੱਧ ਪਾਣੀ ਕੱਢਦੇ ਹਨ ।
ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਕਿਸਾਨ ਮਜਬੂਰੀ ਵੱਸ ਝੋਨੇ ਤੇ ਕਣਕ ਦੀ ਖੇਤੀ ਕਰਦੇ ਹਨ ਕਿਉਂਕਿ ਇਨ੍ਹਾਂ ਫ਼ਸਲਾਂ ਦੀ ਐੱਮਐੱਸਪੀ ਤੇ ਖਰੀਦ ਕੀਤੀ ਜਾਂਦੀ ਹੈ ਜੇਕਰ ਸਰਕਾਰ ਦੂਜੀਆਂ ਸਾਰੀਆਂ ਫਸਲਾਂ ,ਸਬਜ਼ੀਆਂ ਅਤੇ ਫਲਾਂ ਦਾ ਲਾਹੇਵੰਦ ਭਾਅ ਮਿਥ ਕੇ ਉਸ ਦੀ ਸਰਕਾਰੀ ਖਰੀਦ ਦੀ ਗਾਰੰਟੀ ਕਰਦੀ ਹੈ ਤਾਂ ਕਿਸਾਨ ਕਣਕ ਝੋਨੇ ਦੀ ਖੇਤੀ ਛੱਡਣ ਲਈ ਤਿਆਰ ਹਨ । ਉਨ੍ਹਾਂ ਕਿਹਾ ਕਿ ਸਰਕਾਰ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਅਤੇ ਵਿਗਿਆਨੀਆਂ ਰਾਹੀਂ ਘੱਟ ਪਾਣੀ ਨਾਲ ਵੱਧ ਝਾੜ ਦੇਣ ਵਾਲੇ ਬੀਜ ਤਿਆਰ ਕਰਵਾਵੇ। ਅਸਲ ਵਿਚ ਸਰਕਾਰ ਸੰਸਾਰ ਬੈਂਕ ਦੇ ਨਿਰਦੇਸ਼ਾਂ ਹੇਠ ਸਾਮਰਾਜੀ ਕੰਪਨੀਆਂ ਦੇ ਹਿੱਤਾਂ ਨੂੰ ਧਿਆਨ ਚ ਰੱਖ ਤੇ ਉਨ੍ਹਾਂ ਦੀ ਮਸ਼ੀਨਰੀ, ਡੀਜ਼ਲ, ਰੇਹ ਸਪਰੇਅ , ਬੀਜ ਵੇਚਣ ਦੀਆਂ ਨੀਤੀਆਂ ਲਾਗੂ ਕਰ ਰਹੀ ਹੈ । ਸਰਕਾਰ ਵੱਲੋਂ ਸਾਮਰਾਜੀ ਕੰਪਨੀਆਂ ਨੂੰ ਅੰਨ੍ਹੇ ਮੁਨਾਫ਼ੇ ਕਮਾਉਣ ਲਈ ਪੀਣ ਵਾਲੇ ਅਤੇ ਖੇਤੀ ਲਈ ਪਾਣੀ ਸਪਲਾਈ ਕਰਨ ਦੇ ਠੇਕੇ ਦਿੱਤੇ ਜਾ ਰਹੇ ।ਪੰਜਾਬ ਵਿੱਚ ਅੰਮਿ੍ਰਤਸਰ ਅਤੇ ਲੁਧਿਆਣਾ ਵਿੱਚ ਪੀਣ ਵਾਲੇ ਪਾਣੀ ਨੂੰ ਠੇਕਾ ਦਿੱਤਾ ਜਾ ਚੁੱਕਾ ਹੈ ਜਿਸ ਲਈ ਕੰਪਨੀਆਂ ਵੱਲੋਂ ਨਹਿਰਾਂ ਅਤੇ ਧਰਤੀ ਹੇਠੋਂ ਪਾਣੀ ਕੱਢ ਕੇ ਸੋਧਣ ਲਈ ਵੱਡੇ ਪ੍ਰੋਜੈਕਟ ਲਾਏ ਜਾ ਰਹੇ ਹਨ । ਉਨ੍ਹਾਂ ਕਿਹਾ ਇਹ ਅਸਲ ਵਿੱਚ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਸਾਮਰਾਜੀ ਕੰਪਨੀਆਂ ਨੂੰ ਦੇਣ ਦੀਆ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ।
ਅੱਜ ਦੇ ਇਕੱਠ ਵੱਲੋਂ ਆਦਿਵਾਸੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਜਮਹੂਰੀ ਹੱਕਾਂ ਦੇ ਕਾਰਕੁੰਨ ਅਤੇ ਗਾਂਧੀ ਵਾਦੀ ਹਿਮਾਂਸੂ ਕੁਮਾਰ ਨੂੰ ਅਦਾਲਤ ਵੱਲੋਂ ਭਾਰੀ ਜੁਰਮਾਨਾ ਕਰਨ ਖ਼ਿਲਾਫ਼ ਨਿਖੇਧੀ ਦਾ ਮਤਾ ਪਾਸ ਕੀਤਾ ਅਤੇ ਮੰਗ ਕੀਤੀ ਗਈ ਕਿ ਕੋਰਟ ਵਲੋਂ ਕੀਤਾ ਭਾਰੀ ਜੁਰਮਾਨਾ ਰੱਦ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ 20 ਜੁਲਾਈ ਨੂੰ ਜੁਰਮਾਨਾ ਰੱਦ ਕਰਾਉਣ ਲਈ ਡੀਸੀ ਦਫ਼ਤਰਾਂ ਅੱਗੇ ਜਨਤਕ ਵਫਦ ਵਲੋਂ ਰਾਸਟਰਪਤੀ ਦੇ ਨਾ ਮੰਗ ਪੱਤਰ ਦਿੱਤੇ ਜਾਣਗੇ । ਸਟੇਜ ਸਕੱਤਰ ਦੀ ਭੂਮਿਕਾ ਮਾਨਸਾ ਜਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਨਿਭਾਈ ।
Share the post "ਪਾਣੀ ਬਚਾਓ ਮੁਹਿੰਮ ਤਹਿਤ ਕਿਸਾਨ ਜਥੇਬੰਦੀ ਦੇਵੇਗੀ ਪੰਜ ਰੋਜ਼ਾ ਧਰਨੇ: ਕਿਸਾਨ ਆਗੂ"