10ਵੀਂ ਅਤੇ 12ਵੀਂ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੇ 2300 ਤੋਂ ਵਧੇਰੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
ਸੁਖਜਿੰਦਰ ਮਾਨ
ਬਠਿੰਡਾ , 23 ਜੁਲਾਈ: ਉੱਤਰੀ ਭਾਰਤ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬੀ.ਐਫ.ਜੀ.ਆਈ. ਨੇ ਸਿੱਖਿਆ ਅਤੇ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਪਹਿਲਕਦਮੀ ਕਰਦਿਆਂ ਵਿਲੱਖਣ ਉਪਰਾਲੇ ਕੀਤੇ ਹਨ। ਅਜਿਹੇ ਉਪਰਾਲਿਆਂ ਦੀ ਲੜੀ ਵਿੱਚ ਅਕਾਦਮਿਕ ਤੌਰ ‘ਤੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਪਰੰਪਰਾ ਨੂੰ ਬਰਕਰਾਰ ਰੱਖਦਿਆਂ ਬੀ.ਐਫ.ਜੀ.ਆਈ. ਵੱਲੋਂ ਸੰਸਥਾ ਵਿਖੇ ‘ਅਕੈਡਮਿਕ ਅਚੀਵਰਜ਼ ਐਵਾਰਡ-2022‘ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਜਿਸ ਵਿੱਚ 10ਵੀਂ ਅਤੇ 12ਵੀਂ ਦੇ ਨਤੀਜੇ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੇ ਸਮੁੱਚੇ ਇਲਾਕੇ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸ. ਜਗਰੂਪ ਸਿੰਘ ਗਿੱਲ , ਐਮ.ਐਲ.ਏ. (ਬਠਿੰਡਾ ਸ਼ਹਿਰੀ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਨੇ ਸ਼ਮ੍ਹਾ ਰੌਸ਼ਨ ਕਰ ਕੇ ਇਸ ਸਮਾਗਮ ਦੀ ਸ਼ੁਰੂਆਤ ਕੀਤੀ । ਜ਼ਿਕਰਯੋਗ ਹੈ ਕਿ ਇਸ ਐਵਾਰਡ ਸਮਾਗਮ ਵਿੱਚ ਬਠਿੰਡਾ ਅਤੇ ਨੇੜਲੇ ਵੱਖ-ਵੱਖ ਜ਼ਿਲ੍ਹਿਆਂ ਦੇ 2300 ਤੋਂ ਵਧੇਰੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਾਲ 2021-22 ਦੌਰਾਨ 10ਵੀਂ ਅਤੇ 12ਵੀਂ ਦੇ ਨਤੀਜਿਆਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲਾਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਸਲਿੰਗ ) ਸ੍ਰੀ ਬੀ.ਡੀ. ਸ਼ਰਮਾ ਨੇ ਇਸ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ, ਹੋਣਹਾਰ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਵੱਖ ਵੱਖ ਸਕੂਲਾਂ ਤੋਂ ਆਏ ਪਿ੍ਰੰਸੀਪਲਾਂ ਅਤੇ ਅਧਿਆਪਕਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਨਤੀਜੇ ਹਾਸਲ ਕਰਨ ਦੀ ਵਧਾਈ ਦਿੱਤੀ।
ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਦਿਆਂ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੈਰੀਅਰ ਗਾਈਡੈਂਸ ਐਂਡ ਕਾਊਸਲਿੰਗ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਡਾ. ਧਾਲੀਵਾਲ ਨੇ ਵਿਦਿਆਰਥੀਆਂ ਨਾਲ ਜ਼ਿੰਦਗੀ ਵਿੱਚ ਕਾਮਯਾਬ ਹੋਣ ਦੇ ਨੁਕਤੇ ਸਾਂਝੇ ਕਰਨ ਦੇ ਨਾਲਨਾਲ ਬੀ.ਐਫ.ਜੀ.ਆਈ. ਦੀਆਂ ਅਹਿਮ ਪ੍ਰਾਪਤੀਆਂ ਬਾਰੇ ਵੀ ਦੱਸਿਆ। ਉਨ੍ਹਾਂ ਨੇ ‘ਅਕੈਡਮਿਕ ਅਚੀਵਰਜ਼ ਐਵਾਰਡ-2022‘ ਨੂੰ ਮਿਲੇ ਭਰਵੇਂ ਹੁੰਗਾਰੇ ਲਈ ਵੱਖ ਵੱਖ ਸਕੂਲਾਂ ਤੋਂ ਆਏ ਹੋਏ ਪਿ੍ਰੰਸੀਪਲਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਸੀ.ਬੀ.ਐਸ.ਈ. ਅਤੇ ਆਈ.ਸੀ.ਐਸ.ਈ. ਬੋਰਡ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕਰਨ ਲਈ ਅਜਿਹਾ ਸਮਾਗਮ ਕਰਵਾਇਆ ਜਾਵੇਗਾ।
ਮੁੱਖ ਮਹਿਮਾਨ ਸ. ਜਗਰੂਪ ਸਿੰਘ ਗਿੱਲ, ਐਮ.ਐਲ.ਏ. (ਬਠਿੰਡਾ ਸ਼ਹਿਰੀ) ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਇਸ ਸਮਾਗਮ ਵਿੱਚ ਸ. ਗੁਰਮੀਤ ਸਿੰਘ ਮੀਤ ਹੇਅਰ, ਮਾਨਯੋਗ ਕੈਬਨਿਟ ਮੰਤਰੀ, ਪੰਜਾਬ ਸਰਕਾਰ ਨੇ ਆਉਣਾ ਸੀ ਜੋ ਅਚਨਚੇਤ ਕਿਸੇ ਜ਼ਰੂਰੀ ਰੁਝੇਵੇਂ ਕਰ ਕੇ ਪਹੁੰਚ ਨਹੀਂ ਸਕੇ ਪਰ ਉਨ੍ਹਾਂ ਨੇ ਹੋਣਹਾਰ ਵਿਦਿਆਰਥੀਆਂ ਅਤੇ ਬੀ.ਐਫ.ਜੀ.ਆਈ. ਸੰਸਥਾ ਲਈ ਆਪਣੀਆਂ ਸ਼ੁੱਭਕਾਮਨਾਵਾਂ ਭੇਜੀਆਂ ਹਨ। ਸ. ਗਿੱਲ ਨੇ ਆਏ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕਰਨ ਨਾਲ ਉਹ ਹੋਰ ਵੀ ਵਧੀਆ ਨਤੀਜੇ ਹਾਸਲ ਕਰਨ ਲਈ ਉਤਸ਼ਾਹਿਤ ਹੁੰਦੇ ਹਨ ਅਤੇ ਹੋਰਨਾਂ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਬਣਦੇ ਹਨ। ਇਸੇ ਉਤਸ਼ਾਹ ਅਤੇ ਪ੍ਰੇਰਨਾ ਸਦਕਾ ਹੀ ਹੋਣਹਾਰ ਵਿਦਿਆਰਥੀ ਆਪਣੇ ਮਾਪਿਆਂ, ਸਕੂਲ ਅਤੇ ਦੇਸ਼ ਦਾ ਨਾਂ ਰੌਸ਼ਨ ਕਰਦੇ ਹਨ। ਉਨ੍ਹਾਂ ਨੇ ਬੀ.ਐਫ.ਜੀ.ਆਈ. ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਜ਼ਿੰਦਗੀ ਵਿੱਚ ਸਫਲਤਾ ਹਾਸਲ ਕਰਨ ਲਈ ਕਿਸੇ ਵੀ ਵਿਅਕਤੀ ਜਾਂ ਸੰਸਥਾ ਦਾ ਵਚਨਬੱਧ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਉਪਰੰਤ ਮੁੱਖ ਮਹਿਮਾਨ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਬਠਿੰਡਾ ਅਤੇ ਨੇੜਲੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਸਕੂਲਾਂ ਦੇ ਪਿ੍ਰੰਸੀਪਲਾਂ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਭਰ ਵਿੱਚੋਂ 10ਵੀਂ ਦੇ ਨਤੀਜੇ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਨੈਨਸੀ ਰਾਣੀ ਅਤੇ 12ਵੀਂ ਦੇ ਨਤੀਜੇ ਵਿੱਚ ਤੀਜਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਕੁਲਵਿੰਦਰ ਕੌਰ ਅਤੇ ਪੰਜਵਾਂ ਸਥਾਨ ਹਾਸਲ ਕਰਨ ਵਾਲੀ ਸਿਮਰਨਜੋਤ ਕੌਰ ਤੇ ਗੁਰਲੀਨ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ।
ਇਸ ਸਮਾਗਮ ਵਿੱਚ ਪਹੁੰਚੇ ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਨੇ ਕਿਹਾ ਕਿ ਇਹ ਬੀ.ਐਫ.ਜੀ.ਆਈ ਦਾ ਬਹੁਤ ਵੱਡਾ ਤੇ ਵਧੀਆ ਉਪਰਾਲਾ ਹੈ ਜਿਸ ਨਾਲ ਹੋਣਹਾਰ ਵਿਦਿਆਰਥੀਆਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਹੈ ਅਤੇ ਉਹ ਭਵਿੱਖ ਵਿੱਚ ਹੋਰ ਵੀ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਉਤਸ਼ਾਹਿਤ ਹੋਏ ਹਨ। ਸਨਮਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਬੀ.ਐਫ.ਜੀ.ਆਈ ਦੀ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਅਕੈਡਮਿਕ ਅਚੀਵਰਜ਼ ਐਵਾਰਡ‘ ਪ੍ਰਾਪਤ ਕਰ ਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਅਤੇ ਹੌਸਲਾ ਅਫਜਾਈ ਮਿਲੀ ਹੈ। ਜ਼ਿਕਰਯੋਗ ਹੈ ਕਿ ਇਸ ਐਵਾਰਡ ਸਮਾਗਮ ਵਿੱਚ ਵੱਖ ਵੱਖ ਜ਼ਿਲ੍ਹਿਆਂ ਤੋਂ ਆਉਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸੰਸਥਾ ਵੱਲੋਂ ਮੁਫ਼ਤ ਬੱਸ ਸਰਵਿਸ ਮੁਹੱਈਆ ਕਰਵਾਈ ਗਈ ਸੀ। ਅੰਤ ਵਿੱਚ ਸੰਸਥਾ ਦੇ ਡਿਪਟੀ ਡਾਇਰੈਕਟਰ ਸ. ਹਰਪਾਲ ਸਿੰਘ ਨੇ ਇਸ ਸਮਾਗਮ ਦੀ ਸਫਲਤਾ ਲਈ ਹਰ ਇੱਕ ਦਾ ਤਹਿ ਦਿਲੋਂ ਧੰਨਵਾਦ ਕੀਤਾ।
Share the post "ਬੀ.ਐਫ.ਜੀ.ਆਈ. ਵਿਖੇ ‘ਅਕੈਡਮਿਕ ਅਚੀਵਰਜ਼ ਐਵਾਰਡ-2022‘ ਦਾ ਸਫਲਤਾਪੂਰਵਕ ਆਯੋਜਨ ਹੋਇਆ"