ਮੁਹੱਲਾ ਵਾਸੀਆਂ ਨੂੰ ਪਤਾ ਲੱਗਿਆ ’ਤੇ ਪੁਲਿਸ ਨੇ ਲਾਸ਼ ਨੂੰ ਹਸਪਤਾਲ ਪਹੁੰਚਾਇਆ
ਪਰ ਨੂੰ ਵਿਅਕਤੀ ਦੇ ਜਿੰਦਾ ਹੋਣ ਦਾ ਸੀ ਵਹਿਮ
ਪੰਜਾਬੀ ਖ਼ਬਰਸਾਰ
ਕਾਨਪੁਰ, 23: ਉਤਰ ਪ੍ਰਦੇਸ਼ ਦੇ ਕਾਨਪੁਰ ਇਲਾਕ ‘ਚ ਇਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਨੇ ਜਿੰਦਾ ਹੋਣ ਦੇ ਵਹਿਮ ’ਚ ਇੱੱਕ ਮੈਂਬਰ ਦੀ ਲਾਸ਼ ਨੂੰ ਕਰੀਬ ਡੇਢ ਸਾਲ ਤੋਂ ਘਰ ਵਿਚ ਹੀ ਆਕਸ਼ੀਜਨ ’ਤੇ ਰੱਖਿਆ ਹੋਇਆ ਸੀ। ਇਸ ਘਟਨਾ ਦਾ ਇਲਾਕੇ ਵਿਚ ਪਤਾ ਲੱਗਦੇ ਹੀ ਸਹਿਮ ਫੈਲ ਗਿਆ ਤੇ ਪੁਲਿਸ ਤੇ ਸਿਹਤ ਵਿਭਾਗ ਨੂੰ ਸੂਚਨਾ ਮਿਲਣ ’ਤੇ ਲਾਸ਼ ਨੂੰ ਘਰੋਂ ਚੁੱਕ ਕੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਲਾਸ਼ ਦੀ ਹਾਲਾਤ ਕਾਫ਼ੀ ਖ਼ਰਾਬ ਹੋ ਚੁੱਕੀ ਸੀ। ਮਿ੍ਰਤਕ ਦੀ ਪਹਿਚਾਣ ਵਿਮਲੇਸ ਦੀਕਸਤ ਦੇ ਤੌਰ ’ਤੇ ਹੋਈ ਹੈ, ਜਿਸਦੀ ਕੋਰੋਨਾ ਕਾਲ ਦੌਰਾਨ 22 ਅਪ੍ਰੈਲ 2021 ਨੂੰ ਮੌਤ ਹੋ ਗਈ ਸੀ। ਉਹ ਆਮਦਨ ਕਰ ਵਿਭਾਗ ਵਿਚ ਨੌਕਰੀ ਕਰਦਾ ਸੀ। ਸਾਹਮਣੇ ਆਈ ਸੂਚਨਾ ਮੁਤਾਬਕ ਵਿਮਲੇਸ਼ ਨੂੰ ਇੱਕ ਨਹੀਂ ਦੋ ਹਸਪਤਾਲਾਂ ਦੇ ਡਾਕਟਰਾਂ ਨੇ ਮਿ੍ਰਤਕ ਐਲਾਨ ਦਿੱਤਾ ਸੀ ਪ੍ਰੰਤੂ ਪ੍ਰਵਾਰਕ ਮੈਂਬਰਾਂ ਨੂੰ ਉਸਦੇ ਮਰਨ ਦਾ ਦਾਅਵਾ ਗਲਤ ਲੱਗਿਆ ਤੇ ਉਨ੍ਹਾਂ ਨੂੰ ਲੱਗਿਆ ਕਿ ਉਹ ਕੋਮਾ ਵਿਚ ਚਲਾ ਗਿਆ ਹੈ ਤੇ ਇੱਕ ਦਿਨ ਜਿੰਦਾ ਹੋ ਜਾਵੇਗਾ। ਉਹ ਲਾਸ਼ ਨੂੰ ਅਪਣੇ ਨਾਲ ਘਰ ਲੈ ਆਏ, ਜਿੱਥੈ ਉਸਨੂੰ ਆਕਸ਼ੀਜਨ ’ਤੇ ਰੱਖਿਆ ਹੋਇਆ ਸੀ। ਇਸਤੋਂ ਇਲਾਵਾ ਦੇਹ ਵਿਚੋਂ ਮੁਸ਼ਕ ਨਾ ਆਵੇ, ਇਸਦੇ ਲਈ ਹਰ ਰੋਜ਼ ਉਸ ਉਪਰ ਗੰਗਾ ਜਲ ਛਿੜਕਿਆ ਜਾ ਰਿਹਾ ਸੀ। ਮੁਹੱਲਾ ਵਾਸੀਆਂ ਤੇ ਰਿਸਤੇਦਾਰਾਂ ਨੂੰ ਵੀ ਉਸਦੇ ਜਿੰਦਾ ਹੋਣ ਬਾਰੇ ਦਸਿਆ ਜਾਂਦਾ ਸੀ। ਜਦੋਂਕਿ ਜਿਸ ਹਸਪਤਾਲ ਵਿਚ ਵਿਮਲੇਸ਼ ਦੀ ਮੌਤ ਹੋਈ ਸੀ, ਉਸਨੇ ਉਸਦੀ ਮੌਤ ਦਾ ਸਰਟੀਫਿਕੇਟ ਵੀ ਜਾਰੀ ਕੀਤਾ ਹੋਇਆ ਸੀ। ਮੁਢਲੀ ਪੜਤਾਲ ਮੁਤਾਬਕ ਮਿ੍ਰਤਕ ਦੀ ਘਰ ਵਾਲੀ ਵੀ ਡਿਪਰੇਸ਼ਨ ਵਿਚ ਚਲੀ ਗਈ ਸੀ ਤੇ ਉਸਨੇ ਅੱਜ ਘਰ ਲਾਸ਼ ਲੈਣ ਆਏ ਪੁਲਿਸ ਤੇ ਸਿਹਤ ਵਿਭਾਗ ਦੀ ਟੀਮ ਦਾ ਵਿਰੋਧ ਕੀਤਾ ਪ੍ਰੰਤੂ ਉਸਨੂੰ ਕਿਸੇ ਤਰ੍ਹਾਂ ਸਮਝਾ ਕੇ ਹਸਪਤਾਲ ਨਾਲ ਲਿਜਾਇਆ ਗਿਆ, ਜਿੱਥੇ ਉਸਦੀ ਵੀ ਇਲਾਜ਼ ਕੀਤਾ ਜਾ ਰਿਹਾ ਹੈ।
Share the post "ਯੂ.ਪੀ ’ਚ ਇੱਕ ਪ੍ਰਵਾਰ ਨੇ ਕਰੋਨਾ ਨਾਲ ਮਰੇਂ ਵਿਅਕਤੀ ਦੀ ਲਾਸ਼ ਡੇਢ ਸਾਲ ਤੋਂ ਘਰ ਵਿਚ ਰੱਖੀ"