ਸੁਖਜਿੰਦਰ ਮਾਨ
ਬਠਿੰਡਾ, 1 ਨਵੰਬਰ: ਪਿਛਲੇ ਦਿਨੀਂ ਸਥਾਨਕ ਸ਼ਹਿਰ ਦੇ ਇੱਕ ਵਕੀਲ ਗੁਰਪ੍ਰੀਤ ਸਿੰਘ ਸਿੱਧੂ ਦੇ ਘਰ ਐਨ.ਆਈ.ਏ ਦੀ ਟੀਮ ਵਲੋਂ ਕੀਤੀ ਛਾਪੇਮਾਰੀ ਦੇ ਵਿਰੋਧ ’ਚ ਚਲ ਰਹੇ ਸੰਘਰਸ਼ ਤਹਿਤ ਅੱਜ ਬਠਿੰਡਾ ਬਾਰ ਐਸੋੋਸੀਏਸ਼ਨ ਦੇ ਜਨਰਲ ਹਾਊਸ ਦੀ ਹੋਈ ਮੀਟਿੰਗ ਵਿਚ ਅਣਮਿਥੇ ਸਮੇਂ ਲਈ ਕੰਮਛੋੜ ਹੜਤਾਲ ਦਾ ਫੈਸਲਾ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਹੋਏ ਜਨਰਲ ਹਾਊਸ ਵਿੱਚ ਵੱਡੀ ਗਿਣਤੀ ਵਿਚ ਸਮੂਹ ਵਕੀਲਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਐੱਨ ਆਈ ਏ ਏਜੰਸੀ ਵੱਲੋਂ ਐਡਵੋਕੇਟ ਗੁਰਪ੍ਰੀਤ ਸਿੰਘ ਦੇ ਘਰ ਕੀਤੀ ਛਾਪੇਮਾਰੀ ਦੀ ਨਿਖੇਧੀ ਕਰਨ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਅਣ ਮਿੱਥੇ ਸਮੇਂ ਲਈ ਬਠਿੰਡਾ ਦੇ ਵਕੀਲ ਜਿਲ੍ਹਾ ਅਦਾਲਤ ਵਿੱਚ ਹਾਜ਼ਰ ਨਹੀਂ ਹੋਣਗੇ ਤੇ ਰੋਜਾਨਾ 11 ਤੋਂ 1 ਵਜੇ ਤਕ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਐਨ ਆਈ ਏ ਐਡਵੋਕੇਟ ਗੁਰਪ੍ਰੀਤ ਸਿੰਘ ਬਾਰੇ ਆਪਣਾ ਰੁਖ ਸਪੱਸ਼ਟ ਕਰੇ ਤੇ ਜੋ ਮੋਬਾਈਲ ਜਬਤ ਕੀਤਾ ਹੈ ਉਸ ਨੂੰ ਵਾਪਸ ਕਰੇ ।ਉਨ੍ਹਾਂ ਕਿਹਾ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੰਘਰਸ਼ ਜਾਰੀ ਰਹੇਗਾ ਤੇ ਆਉਣ ਵਾਲੇ ਸਮੇਂ ਵਿਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸਦੇ ਨਾਲ ਹੀ ਕੰਮ ਬੰਦ ਕਰ ਕੇ ਸੂਬਾ ਪੱਧਰੀ ਕਾਲ ਦੇਣ ਬਾਰੇ ਫੈਸਲਾ ਕੀਤਾ ਹੈ।ਇਸ ਮੌਕੇ ਪ੍ਰਧਾਨ ਵਰਿੰਦਰ ਕੁਮਾਰ ਸ਼ਰਮਾ, ਸੁਨੀਲ ਕੁਮਾਰ ਤਿ੍ਰਪਾਠੀ ਸਕੱਤਰ, ਸੂਰੀਆ ਕਾਂਤ ਸਿੰਗਲਾ ਉਪ ਪ੍ਰਧਾਨ, ਗੁਰਪ੍ਰੀਤ ਸਿੰਘ ਮੌੜ ਜੁਆਇੰਟ ਸਕੱਤਰ, ਸਤਵੀਰ ਕੌਰ ਖਜਾਨਚੀ,ਗੁਰਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਵਕੀਲ ਹਾਜ਼ਰ ਸਨ ।
Share the post "ਮਾਮਲਾ ਐਨ.ਆਈ.ਏ ਦੇ ਛਾਪੇ ਦਾ: ਵਕੀਲਾਂ ਵਲੋਂ ਅਣਮਿਥੇ ਸਮੇਂ ਲਈ ਕੰਮਛੋੜ ਹੜਤਾਲ"