ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 5 ਨਵੰਬਰ –ਸੀਨੀਅਰ ਭਾਜਪਾ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ‘ਆਪ‘ ਸਰਕਾਰ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਵਿੱਚ ਪੂਰੀ ਤਰ੍ਹਾਂ ਨਾਲ ਨਾਕਾਮ ਰਹੀ ਹੈ। ਪੰਜਾਬ ਹੁਣ ਮੁੜ ਤੋਂ 1980 ਦੇ ਕਾਲੇ ਦੌਰ ਵੱਲ ਜਾ ਰਿਹਾ ਹੈ, ਜੋ ਕਿ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਿਵ ਸੈਨਾ ਆਗੂ ਸੁਧੀਰ ਸੂਰੀ ਦਾ ਦਿਨ ਦਿਹਾੜੇ ਕੀਤਾ ਗਿਆ ਕਤਲ ਬਹੁਤ ਹੀ ਮੰਦਭਾਗੀ ਘਟਨਾ ਹੈ। ਇਹ ਅਮਨ-ਕਾਨੂੰਨ ਬਣਾਈ ਰੱਖਣ ਵਿੱਚ ‘ਆਪ‘ ਸਰਕਾਰ ਦੀ ਨਾਕਾਮੀ ਦਾ ਇੱਕ ਹੋਰ ਸਬੂਤ ਹੈ ਜੋ ਉਨ੍ਹਾਂ ਦੇ ਮਾੜੇ ਪ੍ਰਸਾਸਨ ਅਤੇ ਉਨ੍ਹਾਂ ਦੀ ਭਰੋਸੇਯੋਗਤਾ ਉੱਤੇ ਸਵਾਲ ਖੜਾ ਕਰਦਾ ਹੈ। ਅਜਿਹੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਤੋਂ ਇਹ ਸਪੱਸਟ ਹੁੰਦਾ ਹੈ ਕਿ ਸਰਕਾਰ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਨਜਿੱਠਣ ਵਿਚ ਨਾ ਕਾਮਯਾਬ ਸਿੱਧ ਹੋ ਰਹੀ ਹੈ ਅਤੇ ਉਨ੍ਹਾਂ ਦੇ ਹੌਸਲੇ ਬੁੰਲਦ ਹੋ ਰਹੇ ਹਨ। ਜਦੋਂਕਿ ਹੁਣ ਤਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਇਨਸਾਫ ਨਹੀਂ ਮਿਲਿਆ। ਗੈਂਗਸਟਰ ਇੱਕ ਤੋਂ ਬਾਅਦ ਇੱਕ ਕਤਲ ਕਰਕੇ ਇਸ ਦੀ ਜਿੰਮੇਵਾਰੀ ਲੈ ਰਹੇ ਹਨ। ਪੁਲਿਸ ਅਧਿਕਾਰੀ ਗੈਂਗਸਟਰਾਂ ਨੂੰ ਹਿਰਾਸਤ ‘ਚੋਂ ਭੱਜਣ ‘ਚ ਮਦਦ ਕਰ ਰਹੇ ਹਨ। ਇਸ ਨਾਲ ਪੁਲਿਸ ਦੀ ਕਾਰਜਪ੍ਰਣਾਲੀ ਉੱਤੇ ਸਵਾਲਿਆ ਚਿੰਨ੍ਹ ਲਗਦਾ ਹੈ। ਪੰਜਾਬ ਵਿੱਚ ਇਨਸਾਫ ਮਹਿਜ ਇੱਕ ਮਜ਼ਾਕ ਬਣ ਕੇ ਰਹਿ ਗਿਆ ਹੈ, ਜਿਸ ਕਾਰਨ ਆਮ ਲੋਕਾਂ ਦੇ ਮਨਾਂ ਵਿੱਚ ਬਹੁਤ ਡਰ ਹੈ।ਇਹ ਗੱਲ ‘ਆਪ‘ ਸਰਕਾਰ ਨੂੰ ਸਪੱਸਟ ਤੌਰ ‘ਤੇ ਪਤਾ ਹੋਣੀ ਚਾਹੀਦੀ ਹੈ ਕਿ ਅਜਿਹੀਆਂ ਘਟਨਾਵਾਂ ਇਕਦਮ ਦੋ ਧੜਿਆਂ ਵਿਚਕਾਰ ਫਿਰਕੂ ਤਣਾਅ ਪੈਦਾ ਕਰ ਸਕਦੀਆਂ ਹਨ। ਇਸ ਨਾਲ ਪੰਜਾਬ ਵਿਚ ਅਮਨ ਤੇ ਸ਼ਾਂਤੀ ਭੰਗ ਹੋ ਸਕਦੀ ਹੈ, ਜੋ ਕਿ ਮੰਦਭਾਗੀ ਗੱਲ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਉਹ ਆਪਸੀ ਭਾਈਚਾਰਾ ਬਣਾ ਕੇ ਰੱਖਣ ਅਤੇ ਅਫ਼ਵਾਹਾਂ ‘ਤੇ ਧਿਆਨ ਨਾ ਦੇਣ । ‘ਆਪ‘ ਆਗੂਆਂ ਨੂੰ ਇਸ ਮਾਮਲੇ ਉੱਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਸੁਰੱਖਿਆ ਏਜੰਸੀਆਂ ਨੂੰ ਅਜਿਹੇ ਸਰਾਰਤੀ ਆਂਸਰਾ ਨਾਲ ਨਜਿੱਠਣ ਲਈ ਸਖਤ ਨਿਰਦੇਸ਼ ਦੇਣੇ ਚਾਹੀਦੇ ਹਨ।
*ਪਰਾਲੀ ਸਾੜਨ ਦੇ ਮੁੱਦੇ ‘ਤੇ ‘ਆਪ‘ ਫੇਲ੍ਹ*
ਸਾਬਕਾ ਮੰਤਰੀ ਬਲਵੀਰ ਸਿੱਧੂ ਨੇ ਕਿਹਾ ਕਿ ਪਰਾਲੀ ਸਾੜਨ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ੍ਹ ਹੋਈ । ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਬੇਮਿਸਾਲ 20 ਫੀਸਦੀ ਵਾਧਾ ਹੋਇਆ ਹੈ, ਖਾਸ ਤੌਰ ਉੱਤੇ ਮੁੱਖ ਮੰਤਰੀ ਭਗਵੰਤ ਮਾਨ (ਸੰਗਰੂਰ) ਦੇ ਗ੍ਰਹਿ ਜਿਲ੍ਹੇ ਵਿੱਚ। ਉਨ੍ਹਾਂ ਕਿਹਾ ਕਿ ‘ਆਪ’ ਨੇ ਚੋਣਾਂ ਤੋਂ ਪਹਿਲਾਂ ਪਰਾਲੀ ਸਾੜਨ ਦੇ ਮੁੱਦੇ ਨੂੰ ਸੁਲਝਾਉਣ ਲਈ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਇਹ ਦਾਅਵੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਲਈ ਝੂਠੇ ਅਤੇ ਖੋਖਲੇ ਸਾਬਤ ਹੋਏ। ‘ਆਪ‘ ਸਰਕਾਰ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ 2500 ਪ੍ਰਤੀ ਰੁਪਏ ਪ੍ਰਤੀ ਏਕੜ ਦੇਣ ਵਿਚ ਵੀ ਅਸਫਲ ਰਹੀ ਅਤੇ ਜਦੋਂ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਤਾਂ ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ, ਸ੍ਰੀ ਨਰਿੰਦਰ ਮੋਦੀ ਉੱਤੇ ਸਾਥ ਨਾ ਦੇਣ ਦਾ ਆਰੋਪ ਲਗਾਇਆ ਹੈ, ਜੋ ਕਿ ਸਰਾਸਰ ਗਲਤ ਹੈ।
Share the post "ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਰੱਖਣ ’ਚ ਆਪ ਸਰਕਾਰ ਹੋਈ ਨਾਕਾਮ: ਬਲਵੀਰ ਸਿੱਧੂ"