ਪ੍ਰਵਾਰ ਨੇ ਇਨਸਾਫ਼ ਲਈ ਐਸ.ਐਸ.ਪੀ ਦਫ਼ਤਰ ਅੱਗੇ ਲਗਾਇਆ ਧਰਨਾ
ਸੁਖਜਿੰਦਰ ਮਾਨ
ਬਠਿੰਡਾ, 7 ਜਨਵਰੀ: ਬਠਿੰਡਾ ਦੇ ਲਾਈਨੋਂਪਾਰ ਇਲਾਕੇ ਨੂੰ ਜੋੜਣ ਵਾਲੇ ਰੇਲਵੇ ਓਵਰ ਬ੍ਰਿਜ ’ਤੇ ਬੀਤੀ ਰਾਤ ਕਾਰ ਅਤੇ ਬੁਲਟ ਮੋਟਰਸਾਈਕਲ ਦੀ ਹੋਈ ਟੱਕਰ ਵਿਚ ਬਲਵਿੰਦਰ ਸਿੰਘ ਨਾਂ ਦੇ ਇਕ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ ਵਿਚ ਇਨਸਾਫ਼ ਲੈਣ ਲਈ ਅੱਜ ਪੀੜਤ ਪਰਿਵਾਰ ਵਲੋਂ ਜਿਲ੍ਹਾ ਪੁਲਿਸ ਮੁੱਖੀ ਬਠਿੰਡਾ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਇਹ ਹਾਦਸਾ ਨਹੀਂ ਬਲਕਿ ਬਲਵਿੰਦਰ ਨੂੰ ਤਿੰਨ-ਚਾਰ ਵਾਰ ਟੱਕਰ ਮਾਰ ਕੇ ਮਾਰਿਆ ਗਿਆ ਹੈ, ਪਰਿਵਾਰ ਨੇ ਇਨਸਾਫ਼ ਨਾ ਮਿਲਣ ਤੇ ਲਾਸ਼ ਦਾ ਸਸਕਾਰ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ, ਜਦੋਂ ਕਿ ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦੇ ਰਹੇ ਹਨ। ਦੱਸਣਾ ਬਣਦਾ ਹੈ ਕਿ ਬੀਤੇ ਰਾਤ ਬਠਿੰਡਾ ਦੇ ਰੇਲਵੇ ਓਵਰ ਬ੍ਰਿਜ ਤੇ ਇਕ ਮੋਟਰਸਾਈਕਲ ਕਾਰ ਦੀ ਟੱਕਰ ਨਾਲ 32 ਸਾਲਾ ਨੌਜਵਾਨ ਬਲਵਿੰਦਰ ਸਿੰਘ ਦੀ ਮੌਤ ਹੋ ਗਈ ਸੀ । ਮ੍ਰਿਤਕ ਨੌਜਵਾਨ ਜੋ ਕਿ ਇਕ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਹੈ ਆਪਣੇ ਦੋ ਸਾਥੀਆਂ ਨਾਲ ਘਰ ਜਾ ਰਿਹਾ ਸੀ ਤਾਂ ਉਹ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਇਕਲ ਵਿੱਚ ਟੱਕਰ ਮਾਰ ਦਿੱਤੀ ਜਿਸ ਨਾਲ ਨੌਜਵਾਨ ਦੀ ਮੌਤ ਹੋ ਗਈ ਅਤੇ ਉਸਦੇ 2 ਸਾਥੀ ਗੰਭੀਰ ਜ਼ਖਮੀ ਹੋ ਗਏ। ਪਰਿਵਾਰਿਕ ਮੈਂਬਰਾਂ ਨੇ ਇਨਸਾਫ ਨਾ ਮਿਲਦਾ ਦੇਖ ਜਿਲ੍ਹਾ ਪੁਲੀਸ ਮੁੱਖੀ ਦੇ ਦਫਤਰ ਅੱਗੇ ਹੰਗਾਮਾ ਕੀਤਾ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵਿਰੁਧ ਜੰਮ ਕੇ ਨਾਅਰੇਬਾਜ਼ੀ ਕੀਤੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਾਰ ਚਲਾਉਣ ਵਾਲਾ ਰਾਜਨੀਤਿਕ ਆਗੂਆਂ ਦਾ ਖ਼ਾਸ ਹੈ ਜਿਸ ਕਰਕੇ ਉਸ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ, ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਵਿਚ ਕਾਰ ਸਵਾਰ ਨੇ ਤਿੰਨ ਵਾਰ ਟੱਕਰ ਮਾਰ ਕੇ ਨੌਜਵਾਨ ਨੂੰ ਮਾਰਿਆ ਹੈ ਇਸ ਕਰਕੇ ਉਸ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਉਧਰ ਡੀਐਸਪੀ ਵਿਸਵਜੀਤ ਸਿੰਘ ਮਾਨ ਨੇ ਕਿਹਾ ਕਿ ਪ੍ਰਵਾਰ ਨੂੰ ਇਨਸਾਫ਼ ਦਾ ਭਰੋਸਾ ਦਿਵਾਇਆ ਗਿਆ ਹੈ ਤੇ ਜਲਦੀ ਹੀ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ਼ ਕਰਕੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਕਾਰ ਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ’ਚ ਨੌਜਵਾਨ ਦੀ ਮੌਤ
5 Views