ਠੰਢ ਦੇ ਨਾਲ-ਨਾਲ ਸਾਰਾ ਦਿਨ ਧੁੰਦ ਦੀ ਚਾਦਰ ਵੀ ਛਾਈ ਰਹੀ
ਸੁਖਜਿੰਦਰ ਮਾਨ
ਬਠਿੰਡਾ, 9 ਜਨਵਰੀ : ਬਠਿੰਡਾ ਨੇ ਅੱਜ ਮੁੜ ਠੰਢ ਵਾਲਾ ਰਿਕਾਰਡ ਤੋੜ ਦਿੱਤਾ। ਸੂਬੇ ਦੇ ਬਾਕੀ ਸਮੂਹ ਜ਼ਿਲ੍ਹਿਆਂ ਦੇ ਮੁਕਾਬਲੇ ਸੋਮਵਾਰ ਨੂੰ ਬਠਿੰਡਾ ਪੱਟੀ ’ਚ ਰਿਕਾਰਡ ਤੋੜ ਠੰਢ ਰਹੀ। ਮੌਸਮ ਵਿਭਾਗ ਵਲੋਂ ਦਿੱਤੇ ਅੰਕੜਿਆਂ ਮੁਤਾਬਕ ਬਠਿੰਡਾ ’ਚ ਅੱਜ ਤਾਪਮਾਨ 2 ਸੈਲੀਅਸ ਡਿਗਰੀ ਤੱਕ ਪਹੁੰਚ ਗਿਆ, ਜੋਕਿ ਸ਼ਿਮਲਾ ਦੇ ਬਰਾਬਰ ਹੀ ਸੀ। ਠੰਢ ਦੇ ਨਾਲ-ਨਾਲ ਅੱਜ ਸਾਰਾ ਦਿਨ ਧੁੰਦ ਦੀ ਚਾਦਰ ਵੀ ਛਾਈ ਰਹੀ ਅਤੇ ਕੋਹਰੇ ਨੇ ਵੀ ਲੋਕਾਂ ਉਪਰ ਪ੍ਰਭਾਵ ਪਾਇਆ। ਧੁੰਦ ਦੇ ਕਾਰਨ ਵਿਜੀਬਿਲਟੀ ਵੀ ਨਾਮਾਤਰ ਹੀ ਰਹੀ, ਜਿਸ ਕਾਰਨ ਜਿਆਦਾਤਰ ਲੋਕ ਸੜਕ ਹਾਦਸਿਆਂ ਤੋਂ ਬਚਦੇ ਸੜਕਾਂ ’ਤੇ ਵਹੀਕਲ ਨਿਕਲਣ ਤੋਂ ਬਚਦੇ ਰਹੇ। ਉਂਜ ਵੀ ਠੰਢ ਦੇ ਮੌਸਮ ਚੱਲਦਿਆਂ ਆਮ ਲੋਕ ਸਾਰਾ ਦਿਨ ਰਜਾਈਆਂ ’ਚ ਵੜ ਕੇ ਰਹਿਣ ਲਈ ਮਜਬੂਰ ਹੋਏ ਰਹੇ। ਸਰਕਾਰੀ ਦਫ਼ਤਰਾਂ ’ਚ ਵੀ ਠੰਢ ਦਾ ਪ੍ਰਛਾਵਾ ਦੇਖਣ ਨੂੰ ਮਿਲਿਆ ਤੇ ਸੁੰਨ ਛਾਈ ਰਹੀ। ਅੰਕੜਿਆਂ ਮੁਤਾਬਕ ਬਠਿੰਡਾ ਦਾ ਤਾਪਮਾਨ ਅੱਜ ਵੱਧ ਤੋਂ ਵੱਧ 11.6 ਸੈਲਸੀਅਸ ਡਿਗਰੀ ਰਿਹਾ, ਜੋਕਿ ਬੀਤੇ ਕੱਲ ਦੇ ਮੁਕਾਬਲੇ 2.4 ਘੱਟ ਸੀ। ਇਸੇ ਤਰ੍ਹਾਂ ਇਸ ਇਲਾਕੇ ਦਾ ਘੱਟ ਤੋਂ ਘੱਟ ਤਾਪਮਾਨ ਵੀ 2 ਸੈਲਸੀਅਸ ਡਿਗਰੀ ਤੱਕ ਪੁੱਜ ਗਿਆ, ਜੋਕਿ ਬੀਤੇ ਕੱਲ ਦੇ ਮੁਕਾਬਲੇ 1.4 ਘੱਟ ਸੀ। ਗੌਰਤਲਬ ਹੈ ਕਿ ਬੇਸ਼ੱਕ ਠੰਢ ਅਤੇ ਧੁੰਦ ਦਾ ਮੌਸਮ 14 ਦਸੰਬਰ ਤੋਂ ਚੱਲ ਰਿਹਾ ਹੈ ਪ੍ਰੰਤੂ ਨਵੇਂ ਸਾਲ ਦੇ ਪਹਿਲੇ ਤਿੰਨ ਦਿਨ ਬਠਿੰਡਾ ਦਾ ਤਾਪਮਾਨ ਲਗਭਗ 0 ਡਿਗਰੀ ਦੇ ਬਰਾਬਰ ਤੱਕ ਪੁੱਜ ਗਿਆ ਸੀ। ਹਾਲਾਂਕਿ ਇਸਤੋਂ ਬਾਅਦ ਵੀ ਠੰਢ ਨਹੀਂ ਘਟੀ ਅਤੇ 4 ਜਨਵਰੀ ਤੋਂ ਲੈ ਕੇ 8 ਜਨਵਰੀ ਤੱਕ ਹੇਠਲਾਂ ਤਾਪਮਾਨ 4 ਡਿਗਰੀ ਤੋਂ ਘੱਟ ਹੀ ਰਿਹਾ। ਪ੍ਰੰਤੂ ਅੱਜ ਮੁੜ ਘਟੇ ਤਾਪਮਾਨ ਨੇ ਇਸ ਮੈਦਾਨੀ ਇਲਾਕੇ ਨੂੰ ਪਹਾੜਾਂ ਤੋਂ ਵੀ ਠੰਢਾ ਕਰ ਦਿੱਤਾ। ਮੌਸਮ ਵਿਭਾਗ ਦੇ ਮਾਹਰਾਂ ਮੁਤਾਬਕ ਆਉਣ ਵਾਲੇ ਦਿਨਾਂ ’ਚ ਮਾਘੀ ਤੱਕ ਠੰਡ ਦੇ ਘਟਣ ਦੀ ਕੋਈ ਸੰਭਾਵਨਾ ਨਹੀਂ ਜਦੋਂਕਿ ਲਗਾਤਾਰ ਧੁੰਦ ਪੈਣ ਦੀ ਚੇਤਾਵਨੀ ਜਰੂਰ ਦਿੱਤੀ ਗਈ ਹੈ। ਧੂੰਦ ਦੇ ਨਾਲ-ਨਾਲ ਕੋਹਰਾ ਵੀ ਵਧ ਸਕਦਾ ਹੈ, ਜਿਹੜਾ ਸਬਜੀਆਂ ਦੀਆਂ ਫ਼ਸਲਾਂ ਲਈ ਘਾਤਕ ਹੋ ਸਕਦਾ ਹੈ। ਹਾਲਾਂਕਿ ਠੰਢ ਕਣਕ ਅਤੇ ਕਿੰਨੂ ਆਦਿ ਦੀ ਫ਼ਸਲ ਲਈ ਚੰਗੀ ਮੰਨੀ ਜਾ ਰਹੀ ਹੈ। ਦੂਜੇ ਪਾਸੇ ਠੰਢ ਦੇ ਜਿਆਦਾ ਵਧਣ ਕਾਰਨ ਹਸਪਤਾਲਾਂ ਵਿਚ ਖੰਘ, ਜੁਖ਼ਾਮ, ਬੁਖਾਰ, ਸਾਹ, ਦਮੇ ਅਤੇ ਦਿਲ ਦੇ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ ਵੀ ਵਧਣ ਲੱਗੀ ਹੈ। ਇਸਤੋਂ ਇਲਾਵਾ ਛੋਟੇ ਬੱਚਿਆਂ ਅਤੇ ਬਜੁਰਗਾਂ ਲਈ ਵੀ ਇਹ ਠੰਢ ਕਿਸੇ ਆਫ਼ਤ ਤੋਂ ਘੱਟ ਨਹੀਂ ਹੈ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦਸਿਆ ਕਿ ਪਹਿਲਾਂ ਤੋਂ ਹੀ ਉਕਤ ਬੀਮਾਰੀਆਂ ਦੇ ਮਰੀਜ਼ ਚੱਲੇ ਆ ਰਹੇ ਲੋਕਾਂ ਲਈ ਵਿਸ਼ੇਸ ਪ੍ਰਹੇਜ਼ ਰੱਖਣ ਦੀ ਜਰੂਰਤ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਠੰਡ ਦੇ ਮੌਸਮ ਕਾਰਨ ਸਿਹਤ ਸਬੰਧੀ ਕੋਈ ਵੀ ਸਮੱਸਿਆ ਹੋਣ ’ਤੇ ਨਜ਼ਦੀਕੀ ਹਸਪਤਾਲ ਸੰਪਰਕ ਕੀਤਾ ਜਾਵੇ । ਉਧਰ ਸਹਾਰਾ ਜਨ ਸੇਵਾ ਵਲੋਂ ਸ਼ਹਿਰ ’ਚ ਗਰੀਬਾਂ ਨੂੰ ਠੰਢ ਤੋਂ ਬਚਾਉਣ ਲਈ ਕੰਬਲ ਵੰਡਣ ਅਤੇ ਅੱਗ ਬਾਲਣ ਲਈ ਲੱਕੜਾਂ ਦਾ ਪ੍ਰਬੰਧ ਕੀਤਾ ਜਾ ਰਿਹਾ। ਸੰਸਥਾ ਦੇ ਪ੍ਰਧਾਨ ਵਿਜੇ ਗੋਇਲ ਨੇ ਦਸਿਆ ਕਿ ਜ਼ਰੂਰੀ ਹੈ ਕਿ ਸ਼ਹਿਰ ‘ਚ ਵਸਦੇ ਬੇਘਰੇ ਅਤੇ ਲੋੜਵੰਦਾਂ ਨੂੰ ਇਸ ਸਰਦੀਆਂ ਦੇ ਮੌਸਮ ਦੌਰਾਨ ਗਰਮ ਰੱਖਣ ਲਈ ਲੋੜੀਂਦੇ ਸਾਧਨ ਮੁਹੱਈਆ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਸ਼ਹਿਰ ਦੇ ਕਿਸੇ ਵੀ ਹਿੱਸੇ ਵਿਚ ਪਏ ਬੇਸਹਾਰਿਆਂ ਨੂੰ ਰੈਣ-ਬਸੇਰਿਆਂ ਵਿਚ ਭੇਜਿਆ ਜਾ ਰਿਹਾ।
ਬਠਿੰਡਾ ਪੰਜਾਬ ’ਚ ਮੁੜ ਸਭ ਤੋਂ ਠੰਢਾ, ਲੋਕ ਘਰਾਂ ਅੰਦਰ ਰਹਿਣ ਲਈ ਮਜਬੂਰ
13 Views