ਵੀਰਵਾਰ ਤੋਂ ਮੁੜ ਸ਼ੁਰੂ ਹੋਣਗੇ ਕੰਮਕਾਜ਼
ਸੁਖਜਿੰਦਰ ਮਾਨ
ਬਠਿੰਡਾ, 11 ਜਨਵਰੀ: ਭ੍ਰਿਸਟਾਚਾਰ ਦੇ ਮਾਮਲੇ ’ਚ ਆਈ.ਏ.ਐਸ ਅਤੇ ਪੀ.ਸੀ.ਐਸ ਅਫ਼ਸਰਾਂ ਨੂੰ ਵਿਜੀਲੈਂਸ ਬਿਊਰੋ ਵਲੋਂ ਕਾਬੂ ਕਰਨ ਦੇ ਵਿਰੋਧ ’ਚ ਸੂਬੇ ਦੀ ਅਫ਼ਸਰਸ਼ਾਹੀ ਵਲੋਂ ਸਰਕਾਰ ਵਿਰੁਧ ਖੋਲਿਆ ਮੋਰਚਾ ਦੋਨਾਂ ਧਿਰਾਂ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਬੇਸ਼ੱਕ ਖ਼ਤਮ ਹੋ ਗਿਆ ਪ੍ਰੰਤੂ ਜ਼ਿਲ੍ਹਾ ਪੱਧਰੀ ਦਫ਼ਤਰਾਂ ’ਚ ਮੁਲਾਜਮ ਬੇਸੱਕ ਵਾਪਸ ਦਫ਼ਤਰਾਂ ’ਚ ਮੁੜਦੇ ਦਿਖ਼ਾਈ ਦਿੱਤੇ ਪ੍ਰੰਤੂ ਅਫ਼ਸਰਾਂ ਦੇ ਦਫ਼ਤਰ ਸ਼ਾਮ ਤੱਕ ਭਾਂਅ-ਭਾਂਅ ਕਰਦੇ ਰਹੇ। ਇੱਥੋਂ ਤੱਕ ਡਿਪਟੀ ਕਮਿਸ਼ਨਰ ਨੂੰ ਅੱਜ ਦੋਨੋਂ ਪਾਸਿਓ ਬੰਦ ਦਿਖ਼ਾਈ ਦਿੱਤਾ। ਹਾਲਾਂਕਿ ਇਹ ਵੀ ਸੂਚਨਾ ਮਿਲੀ ਕਿ ਡਿਪਟੀ ਕਮਿਸ਼ਨਰ ਵਲੋਂ ਅਪਣੀ ਰਿਹਾਇਸ਼ ’ਤੇ ਸਥਿਤ ਕੈਂਪ ਆਫ਼ਿਸ ਵਿਚ ਹੀ ਮੀਟਿੰਗਾਂ ਕੀਤੀਆਂ ਗਈਆਂ। ਇਸੇ ਤਰ੍ਹਾਂ ਏਡੀਸੀ ਅਤੇ ਐਸ.ਡੀ.ਐਮ ਵੀ ਅੱਜ ਤੀਜ਼ੇ ਦਿਨ ਦਫ਼ਤਰਾਂ ਵਿਚੋਂ ਗੈਰ-ਹਾਜ਼ਰ ਰਹੇ। ਐਸ.ਡੀ.ਐਮ ਦਫ਼ਤਰ ਦੇ ਜਿਆਦਾਤਰ ਮੁਲਾਜਮ ਹੜਤਾਲ ਖੁੱਲਣ ਤੋਂ ਬਾਅਦ ਅਪਣੇ ਦਫ਼ਤਰ ਵਿਚ ਬੈਠੇ ਨਜ਼ਰ ਆਏ। ਜਦੋਂਕਿ ਦੂਜੇ ਪਾਸੇ ਏਡੀਸੀ ਅਤੇ ਡੀਸੀ ਦਫ਼ਤਰ ਦੀਆਂ ਜਿਆਦਾਤਰ ਬ੍ਰਾਂਚਾਂ ਵਿਚ ਟਾਵੇਂ-ਟਾਵੇਂ ਮੁਲਾਜਮ ਹੀ ਬੈਠੇ ਹੋਏ ਸਨ। ਜ਼ਿਲ੍ਹਾ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਸੂਬਾ ਆਗੂ ਕੁਲਦੀਪ ਸ਼ਰਮਾ ਨੇ ਪੱਤਰਕਾਰਾਂ ਨੂੰ ਦਸਿਆ ਕਿ ਜਥੇਬੰਦੀ ਵਲੋਂ ਮਿਲੇ ਆਦੇਸ਼ਾਂ ਤੋਂ ਬਾਅਦ ਸਰਕਾਰੀ ਕੰਮਕਾਜ਼ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀ ਭ੍ਰਿਸਟਾਚਾਰ ਵਿਰੋਧੀ ਮੁਹਿੰਮ ਵਿਚ ਨਾਲ ਹਨ ਪ੍ਰੰਤੂ ਧੱਕੇਸ਼ਾਹੀ ਨਾਲ ਕਿਸੇ ਮੁਲਾਜਮ ਜਾਂ ਅਧਿਕਾਰੀ ਵਿਰੁਧ ਕਾਰਵਾਈ ਦੇ ਸਖ਼ਤ ਵਿਰੋਧ ਵਿਚ ਹਨ। ਸ਼੍ਰੀ ਸਰਮਾ ਨੇ ਉਮੀਦ ਜ਼ਾਹਰ ਕੀਤੀ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੱਗੇ ਤੋਂ ਵਿਜੀਲੈਂਸ ਨੂੰ ਇਸ ਸਬੰਧ ਵਿਚ ਸਖ਼ਤ ਹਿਦਾਇਤਾਂ ਕਰੇਗੀ ਕਿ ਉਹ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ। ਉਧਰ ਆਰਟੀਏ ਦਫ਼ਤਰ ਵਿਚ ਵੀ ਉਦਾਸੀ ਵਾਲਾ ਮਾਹੌਲ ਰਿਹਾ। ਬਾਅਦ ਦੁਪਿਹਰ ਹੜਤਾਲ ਖੁੱਲਣ ਦੇ ਐਲਾਨ ਤੋਂ ਬਾਅਦ ਤਹਿਸੀਲ ਦਫ਼ਤਰ ’ਚ ਸੁੰਨ-ਸਰਾਂ ਰਹੀ। ਹਾਲਾਂਕਿ ਇੱਥੇ ਇੱਕ-ਦੋ ਅਧਿਕਾਰੀ ਬੈਠੇ ਨਜ਼ਰ ਜਰੂਰ ਆਉਂਦੇ ਪ੍ਰੰਤੂ ਕੰਮਕਾਜ਼ ਪੂਰ ਤਰ੍ਹਾਂ ਠੱਪ ਰਿਹਾ। ਅਧਿਕਾਰੀਆਂ ਨੇ ਮੰਨਿਆ ਕਿ ਹੜਤਾਲ ਦੀ ਪੂਰੇ ਸੂਬੇ ਵਿਚ ਚਰਚਾ ਹੋਣ ਕਾਰਨ ਅੱਜ ਜਿਆਦਾਤਰ ਲੋਕ ਵੀ ਮਿੰਨੀ ਸਕੱਤਰੇਤ ਨਹੀਂ ਪੁੱਜੇ ਹੋਏ ਸਨ। ਜਿਸਦੇ ਚੱਲਦੇ ਛੁੱਟੀ ਵਾਲਾ ਮਾਹੌਲ ਹੀ ਰਿਹਾ। ਉਨ੍ਹਾਂ ਕਿਹਾ ਕਿ ਭਲਕ ਤੋਂ ਸਰਕਾਰੀ ਦਫ਼ਤਰਾਂ ‘ਚ ਕੰਮਕਾਜ਼ ਆਮ ਦਿਨਾਂ ਦੀ ਤਰ੍ਹਾਂ ਸ਼ੁਰੂ ਹੋ ਜਾਵੇਗਾ। ਜਿਕਰਯੋਗ ਹੈ ਕਿ ਸਰਕਾਰ ਤੇ ਬਿਉਰੋਕਰੇਸੀ ਵਿਚਕਾਰ ਪੈਦਾ ਹੋਏ ਵਿਵਾਦ ਦੌਰਾਨ ਜਿਆਦਾਤਰ ਆਮ ਲੋਕ ਸਰਕਾਰ ਦੇ ਪੱਖ ਵਿਚ ਖੜਦੇ ਨਜ਼ਰ ਆਏ।
Share the post "ਫੈਸਲੇ ਤੋਂ ਬਾਅਦ ਮੁਲਾਜਮ ਦਫ਼ਤਰਾਂ ’ਚ ਮੁੜੇ, ਅਫ਼ਸਰਾਂ ਦੇ ਦਫ਼ਤਰ ਕਰਦੇ ਰਹੇ ਭਾਂਅ-ਭਾਂਅ"