ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੀ ਅਗਵਾਈ ਹੇਠ ਕਿਸਾਨਾਂ ਨੇ ਵੀ ਦਿਤਾ ਸਮਰਥਨ
ਸੁਖਜਿੰਦਰ ਮਾਨ
ਬਠਿੰਡਾ, 20 ਫ਼ਰਵਰੀ : ਪਿਛਲੇ ਦਸ ਦਿਨਾਂ ਤੋਂ ਜ਼ਿਲ੍ਹੇ ਦੇ ਦੋ ਦਲਿਤ ਪ੍ਰਵਾਰਾਂ ਨਾਲ ਹੋਈਆਂ ਧੱਕੇਸ਼ਾਹੀਆਂ ਦੇ ਮਾਮਲੇ ਵਿਚ ਇਨਸਾਫ਼ ਲਈ ਡੀਸੀ ਦਫ਼ਤਰ ਅੱਗੇ ਪੱਕਾ ਧਰਨਾ ਲਗਾਈ ਬੈਠੇ ਖੇਤ ਮਜਦੂਰਾਂ ਨੇ ਅੱਜ ਐਸ.ਐਸ.ਪੀ ਦੇ ਦਫ਼ਤਰ ਦਾ ਘਿਰਾਓ ਕੀਤਾ। ਇਸ ਮੌਕੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਿਰੁਧ ਮਜਦੂਰਾਂ ਨੇ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਐਸ.ਪੀ ਗੁਰਵਿੰਦਰ ਸੰਘਾ ਵਲੋਂ ਧਰਨੇ ’ਚ ਪੁੱਜ ਕੇ ਮਜਦੂਰਾਂ ਨੂੰ ਇੱਕ ਹਫ਼ਤੇ ਵਿਚ ਇਨਸਾਫ਼ ਦਾ ਭਰੋਸਾ ਦਿੱਤਾ, ਜਿਸਤੋਂ ਬਾਅਦ ਮਜਦੂਰਾਂ ਨੇ ਧਰਨਾ ਚੁੱਕ ਲਿਆ। ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੀ ਅਗਵਾਈ ਹੇਠ ਕਿਸਾਨਾਂ ਨੇ ਵੀ ਸਮਰਥਨ ਦਿੱਤਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਖੇਤ ਮਜਦੂਰ ਯੂਨੀਅਨ ਦੇ ਆਗੂ ਜੋਰਾ ਸਿੰਘ ਨਸਰਾਲੀ ਨੇ ਦੋਸ਼ ਲਗਾਇਆ ਕਿ ਲੋਕ ਗਾਇਕ ਜਗਸੀਰ ਸਿੰਘ ਜੀਦਾ ਦੀ ਜ਼ਮੀਨ ਦਾ ਪਿੰਡ ਦੇ ਧਨਾਢਾਂ ਨੇ ਰਾਸਤਾ ਅਤੇ ਪਾਣੀ ਬੰਦ ਕਰ ਦਿੱਤਾ ਹੈ, ਜਿਸ ਕਾਰਨ ਪਿਛਲੇ ਸਾਲ ਤੋਂ ਜਮੀਨ ਵਿਹਲੀ ਪਈ ਹੈ। ਮਜਦੂਰ ਆਗੂ ਨੇ ਦਾਅਵਾ ਕੀਤਾ ਕਿ ਦੂਜੀ ਧਿਰ ਨੂੰ ਅਕਾਲੀ ਦਲ ਦੇ ਵੱਡੇ ਆਗੂਆਂ ਦੀ ਹਿਮਾਇਤ ਹੈ। ਇਸੇ ਤਰ੍ਹਾਂ ਦੂਜੇ ਮਾਮਲੇ ਦਾ ਜਿਕਰ ਕਰਦਿਆਂ ਮਜਦੂਰ ਆਗੂ ਨੇ ਦਸਿਆ ਕਿ ਪਿੰਡ ਜਿਉਂਦ ਦੀ ਇੱਕ ਦਲਿਤ ਮਜ਼ਦੂਰ ਔਰਤ ਅਮਰਜੀਤ ਕੌਰ ਨੂੰ ਪਿੰਡ ਦੇ ਹੀ ਧਨਾਢ ਵਿਅਕਤੀ ਵਲੋਂ ਜਾਤੀ ਸੂਚਕ ਗਾਲਾਂ ਕੱਢਣ ਦੇ ਮਾਮਲੇ ਵਿਚ ਐਸ ਸੀ ਐਸ ਟੀ ਐਕਟ ਤਹਿਤ ਪਰਚਾ ਦਰਜ ਹੋਣ ਤੋਂ ਬਾਵਜੂਦ ਉਸਨੂੰ ਬਚਾਇਆ ਜਾ ਰਿਹਾ ਹੈ। ਇਸ ਧਰਨੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਸੂਬਾ ਮੀਤ ਪ੍ਰਧਾਨ ਸਿੰਗਾਰਾ ਸਿੰਘ ਮਾਨ ਨੇ ਐਲਾਨ ਕੀਤਾ ਕਿ ਖੇਤ ਮਜਦੂਰਾਂ ਤੇ ਕਿਸਾਨਾਂ ਦਾ ਸਦੀਆਂ ਤੋਂ ਰਿਸ਼ਤਾ ਹੈ ਤੇ ਦੋਵੇ ਇੱਕ ਦੂਜੇ ਦੇ ਪੂਰਕ ਹਨ, ਜਿਸਦੇ ਚੱਲਦੇ ਮਜਦੂਰਾਂ ਉਪਰ ਧੱਕੇਸ਼ਾਹੀ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਖੇਤ ਮਜਦੂਰਾਂ ਨੂੰ ਕਿਸਾਨ ਜਥੇਬੰਦੀ ਵਲੋਂ ਪੂਰਨ ਹਿਮਾਇਤ ਦਾ ਐਲਾਨ ਕੀਤਾ। ਅੱਜ ਦੇ ਧਰਨੇ ਨੂੰ ਖੇਤ ਮਜਦੂਰ ਯੂਨੀਅਨ ਅਤੇ ਕਿਸਾਨ ਯੂਨੀਅਨ ਉਗਰਾਹਾ ਤੋ ਇਲਾਵਾ ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਵੀ ਹਿਮਾਇਤ ਦਿੱਤੀ ਗਈ। ਮਜ਼ਦੂਰ ਆਗੂ ਜ਼ੋਰਾ ਸਿੰਘ ਨਸਰਾਲੀ ਨੇ ਇੱਕ ਹਫ਼ਤੇ ਲਈ ਧਰਨੇ ਨੂੰ ਮੁਲਤਵੀ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਜੇਕਰ ਇੱਕ ਹਫ਼ਤੇ ਦੇ ਵਿੱਚ ਮਸਲਿਆਂ ਦਾ ਤਸੱਲੀਬਖ਼ਸ਼ ਨਿਪਟਾਰਾ ਨਾ ਕੀਤਾ ਤਾਂ ਉਹਨਾਂ ਦੀ ਜਥੇਬੰਦੀ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ। ਧਰਨੇ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ , ਜਿਲਾ ਕਨਵੀਨਰ ਮਾਸਟਰ ਸੇਵਕ ਸਿੰਘ ਮਹਿਮਾ ਸਰਜਾ , ਮਨਦੀਪ ਸਿੰਘ ਸਿਵੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਮੱਖਣ ਸਿੰਘ ਰਾਮਗੜ੍ਹ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਜਗਸੀਰ ਸਿੰਘ ਮਹਿਰਾਜ,ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਆਗੂ ਮੱਖਣ ਸਿੰਘ ਤਲਵੰਡੀ , ਨੌਜਵਾਨ ਭਾਰਤ ਸਭਾ ਦੇ ਆਗੂ ਜਸਕਰਨ ਸਿੰਘ ਕੋਟਗੁਰੂ ਤੇ ਲੋਕ ਮੋਰਚਾ ਪੰਜਾਬ ਦੇ ਆਗੂ ਜਗਮੇਲ ਸਿੰਘ ਨੇ ਸੰਬੋਧਨ ਕੀਤਾ।
ਦਲਿਤਾਂ ਨਾਲ ਧੱਕੇਸ਼ਾਹੀ ਵਿਰੁਧ ਖੇਤ ਮਜਦੂਰਾਂ ਨੇ ਘੇਰਿਆਂ ਐਸ.ਐਸ.ਪੀ ਦਾ ਦਫ਼ਤਰ
7 Views