ਸਿੱਧੂ ਮੂਸੇਵਾਲਾ ਦੇ ਪ੍ਰਵਾਰ ਨਾਲ ਕੀਤੀ ਮੁਲਾਕਾਤ
ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ/ਮਾਨਸਾ, 15 ਮਾਰਚ:ਬੀਤੇ ਕੱਲ ਤੋਂ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਪ੍ਰਾਈਵੇਟ ਚੈਨਲ ਨਾਲ ਇੰਟਰਵਿਊ ਦੇ ਮਾਮਲੇ ’ਚ ਸਪੱਸ਼ਟ ਕਰਦਿਆਂ ਆਈ.ਜੀ ਜਸਕਰਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਇਹ ਇੰਟਰਵਿਊ ਬਠਿੰਡਾ ਜੇਲ੍ਹ ਵਿਚ ਨਹੀਂ ਹੋਈ ਹੈ। ਪੰਜਾਬ ਸਰਕਾਰ ਵਲੋਂ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਲਈ ਬਣਾਈ ਵਿਸੇਸ ਜਾਂਚ ਟੀਮ ਦੇ ਮੁਖੀ ਜਸਕਰਨ ਸਿੰਘ ਵਲੋਂ ਅੱਜ ਮਾਨਸਾ ਦੇ ਐਸ.ਐਸ.ਪੀ ਡਾ ਨਾਨਕ ਸਿੰਘ ਅਤੇ ਐਸ.ਪੀ ਬਾਲਕਿਸ਼ਨ ਸਿੰਗਲਾ ਦੇ ਨਾਲ ਮਹਰੂਮ ਗਾਇਕ ਦੇ ਮਾਤਾ-ਪਿਤਾ ਨਾਲ ਉਨ੍ਹਾਂ ਪਿੰਡ ਵਿਚਲੇ ਘਰ ਵਿਖੇ ਮੁਲਾਕਾਤ ਕੀਤੀ। ਜਿੱਥੇ ਜਾਂਚ ਟੀਮ ਵਲੋਂ ਸਿੱਧੂ ਦੇ ਮਾਪਿਆਂ ਨੂੰ ਹੁਣ ਤਕ ਚੱਲ ਰਹੀ ਜਾਂਚ ਤੋਂ ਜਾਣੂ ਕਰਵਾਉਂਦਿਆਂ ਪੂਰੇ ਇਨਸਾਫ਼ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਇਸ ਕਾਂਡ ’ਚ ਕਾਫ਼ੀ ਸਾਰੇ ਮੁਜ਼ਰਮ ਜੇਲ੍ਹਾਂ ਵਿਚ ਬੰਦ ਹਨ ਤੇ ਜੋ ਰਹਿੰਦੇ ਹਨ, ਉਨ੍ਹਾਂ ਨੂੰ ਵੀ ਵਿਦੇਸ਼ ਵਿਚੋਂ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸਦੇ ਨਾਲ ਹੀ ਆਈ.ਜੀ ਜਸਕਰਨ ਸਿੰਘ ਨੇ ਦੱਸਿਆ ਕਿ ਪੰਜਾਬ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਕੋਈ ਇੰਟਰਵਿਊ ਨਹੀਂ ਹੋਈ ਹੈ।