ਸੁਖਜਿੰਦਰ ਮਾਨ
ਬਠਿੰਡਾ 24 ਮਾਰਚ: ਭਿਰਸ਼ਟਾਚਾਰ ਦੇ ਦੋਸ਼ਾਂ ਹੇਠ ਜੇਲ੍ਹ ਵਿੱਚ ਬੰਦ ਵਿਧਾਇਕ ਅਮਿਤ ਰਤਨ ਕੋਟ ਫੱਤਾ ਦੇ ਨਿੱਜੀ ਪੀਏ ਰਿਸ਼ਮ ਗਰਗ ਦੀ ਅਦਾਲਤ ਵੱਲੋਂ ਅੱਜ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਰਿਸ਼ਮ ਗਰਗ ਨੂੰ ਵਿਜੀਲੈਂਸ ਬਿਊਰੋ ਵੱਲੋ ਲੰਘੀ16 ਫਰਵਰੀ ਨੂੰ ਉਸ ਵੇਲੇ ਸਰਕਟ ਹਾਊਸ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਸ ਵੱਲੋਂ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਦੇ ਪਤੀ ਪ੍ਰਿਤਪਾਲ ਉਰਫ ਕਾਕਾ ਕੋਲੋਂ ਗਰਾਂਟਾਂ ਰਿਲੀਜ਼ ਕਰਨ ਬਦਲੇ 4 ਲੱਖ ਰੁਪਏ ਰਿਸ਼ਵਤ ਲਈ ਜਾ ਰਹੀ ਸੀ। ਮਹੱਤਵਪੂਰਨ ਗੱਲ ਇਹ ਵੀ ਸੀ ਕਿ ਉਸ ਸਮੇਂ ਵਿਧਾਇਕ ਅਮਿਤ ਰਤਨ ਵੀ ਸਰਕਟ ਹਾਊਸ ਵਿਖੇ ਹਾਜ਼ਰ ਸੀ, ਜਿਸਨੂੰ ਬਾਅਦ ਵਿਚ ਵਿਜੀਲੈਂਸ ਬਿਊਰੋ ਨੇ ਕੇਸ ਵਿਚ ਨਾਮਜ਼ਦ ਕਰਕੇ 22 ਫ਼ਰਵਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜੋਕਿ ਮੌਜੂਦਾ ਸਮੇਂ ਪਟਿਆਲਾ ਜੇਲ ਵਿਚ ਬੰਦ ਹਨ। ਰਿਸ਼ਮ ਗਰਗ ਜੋ ਬਠਿੰਡਾ ਜੇਲ੍ਹ ਵਿਚ ਬੰਦ ਹੈ, ਉਸ ਵੱਲੋਂ ਵਧੀਕ ਸੈਸ਼ਨ ਜੱਜ ਰਾਮ ਕੁਮਾਰ ਗੋਇਲ ਦੀ ਅਦਾਲਤ ਵਿਚ ਆਪਣੀ ਜ਼ਮਾਨਤ ਕਰਵਾਉਣ ਲਈ ਅਰਜ਼ੀ ਦਾਖਲ ਕੀਤੀ ਸੀ । ਇਸ ਮੌਕੇ ਵਿਜੀਲੈਂਸ ਵੱਲੋਂ ਵੀ ਰਿਸ਼ਮ ਗਰਗ ਖ਼ਿਲਾਫ਼ ਆਪਣਾ ਮਜ਼ਬੂਤੀ ਨਾਲ ਪੱਖ ਰੱਖਿਆ ਗਿਆ। ਦੋਨਾਂ ਧਿਰ ਦੀਆ ਦਲੀਲਾਂ ਸੁਣਨ ਤੋਂ ਬਾਅਦ ਐਡੀਸ਼ਨਲ ਸੈਸ਼ਨ ਜੱਜ ਰਾਮ ਕੁਮਾਰ ਗੋਇਲ ਦੀ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਰਿਸ਼ਮ ਗਰਗ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਗਈ।
ਅਦਾਲਤ ਵਲੋਂ ਵਿਧਾਇਕ ਅਮਿਤ ਰਤਨ ਦੇ ਪ੍ਰਾਈਵੇਟ ਪੀਏ ਦੀ ਜ਼ਮਾਨਤ ਅਰਜ਼ੀ ਰੱਦ
10 Views