ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਕੀਤਾ ਜਾਵੇਗਾ ਗੰਭੀਰਤਾ ਨਾਲ ਫੋਕਸ-ਭੁਪਿੰਦਰ ਕੌਰ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 24 ਮਾਰਚ:ਨਵੇਂ ਸ਼ੈਸਨ ਤੋਂ ਸਰਕਾਰੀ ਸਕੂਲਾਂ ਚ ਗੁਣਾਤਮਕ ਸਿੱਖਿਆ ਦੀ ਮਜਬੂਤੀ ਲਈ ਸਿੱਖਿਆ ਵਿਭਾਗ ਅਧਿਆਪਕਾਂ ਨੂੰ ਅਗੇਤੇ ਹੀ ਟਰੇਨਿੰਗਾਂ ਦੇਣ ਲੱਗਿਆ ਹੈ। ਮਾਨਸਾ ਜ਼ਿਲ੍ਹੇ ਚ ਸਿੱਖਿਆ ਟਰੇਨਿੰਗਾਂ ਦੀ ਸ਼ੁਰੂਆਤ ਕਰਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਭੁਪਿੰਦਰ ਕੌਰ ਨੇ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਪੰਜਵੀਂ ਤੱਕ ਹਰ ਬੱਚੇ ‘ਤੇ ਫੋਕਸ ਕਰਦਿਆਂ ਸਰਕਾਰੀ ਸਕੂਲਾਂ ਦੀ ਬੇਹਤਰੀ ਲਈ ਹਰ ਉਪਰਾਲੇ ਕੀਤੇ ਜਾਣਗੇ। ਬਲਾਕ ਸਿੱਖਿਆ ਦਫਤਰ ਮਾਨਸਾ ਵਿਖੇ ਡੀ ਈ ਓ ਐਲੀਮੈਂਟਰੀ ਭੁਪਿੰਦਰ ਕੌਰ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਚ ਪੜ੍ਹ ਰਹੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਮਾਪਿਆਂ ਨੂੰ ਅਧਿਆਪਕਾਂ ਤੋਂ ਵੱਡੀਆਂ ਆਸਾਂ ਨੇ। ਕਿਉਂਕਿ ਜਿਹੜੇ ਲੋੜਵੰਦ ਪਰਿਵਾਰਾਂ ਦੇ ਬੱਚੇ ਸਰਕਾਰੀ ਸਕੂਲਾਂ ਚ ਪੜ੍ਹ ਰਹੇ ਹਨ,ਉਹ ਆਪਣੀਆਂ ਆਰਥਿਕ ਮਜਬੂਰੀਆਂ ਦੇ ਰਝੇਵਿਆਂ ਚ ਆਪਣੇ ਬੱਚਿਆਂ ਪ੍ਰਤੀ ਜ਼ਿਆਦਾ ਸਮਾਂ ਨਹੀਂ ਦੇ ਸਕਦੇ। ਜਿਸ ਕਰਕੇ ਅਧਿਆਪਕਾਂ ਨੂੰ ਹੋਰ ਗੰਭੀਰਤਾ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦੇ ਹਰ ਪੱਖ ਨੂੰ ਦੇਖਣਾ ਪਵੇਗਾ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਵਿਸ਼ੇਸ਼ ਯਤਨ ਕਰਨੇ ਪੈਣਗੇ। ਸਿੱਖਿਆ ਅਫਸਰ ਨੇ ਮਾਨਸਾ ਜ਼ਿਲ੍ਹੇ ਚ ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖਲਿਆਂ ਲਈ ਵੀ ਜ਼ੋਰ ਦਿੱਤਾ। ਉਨ੍ਹਾਂ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਵਧਾਈ ਵੀ ਦਿੱਤੀ,ਜਿੰਨਾਂ ਨੇ ਸਕੂਲਾਂ ਚ ਨਵੇਂ ਦਾਖਲਿਆਂ ਲਈ ਵੱਡੇ ਹੰਭਲੇ ਮਾਰੇ। ਉਨ੍ਹਾਂ ਬਾਕੀ ਅਧਿਆਪਕਾਂ ਨੂੰ ਵੀ ਹੱਲਾਸ਼ੇਰੀ ਦਿੱਤੀ ਕਿ ਉਹ ਆਪਣੇ ਟੀਚਿਆਂ ਦੀ ਪੂਰਤੀ ਲਈ ਗੰਭੀਰ ਉਪਰਾਲੇ ਕਰਨ ਤਾਂ ਕਿ ਮਾਨਸਾ ਜ਼ਿਲ੍ਹੇ ਨੂੰ ਪੰਜਾਬ ਦੇ ਮੋਹਰੀ ਸਕੂਲਾਂ ਚ ਲਿਆਂਦਾ ਜਾਵੇਗਾ। ਬਲਾਕ ਸਿੱਖਿਆ ਅਫਸਰ ਅਮਨਦੀਪ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਗੁਰਨੈਬ ਮੰਘਾਣੀਆਂ,ਬਲਾਕ ਕੋਆਰਡੀਨੇਟਰ ਸੁਖਪਾਲ ਜੋਗਾ ਨੇ ਪੜ੍ਹਨ ਪੜ੍ਹਾਉਣ ਦੀਆਂ ਵੱਖ ਵੱਖ ਵਿਧੀਆਂ ‘ਤੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ।
Share the post "ਸਰਕਾਰੀ ਸਕੂਲਾਂ ਚ ਗੁਣਾਤਮਕ ਸਿੱਖਿਆ ਲਈ ਅਧਿਆਪਕਾਂ ਦੀਆਂ ਅਗੇਤੇ ਹੀ ਟਰੇਨਿੰਗਾਂ ਸ਼ੁਰੂ"