ਕਮਿਊਨਿਟੀ ਹੈਲਥ ਸੈਂਟਰ ਵਿਖੇ ਵਿਸ਼ਵ ਓਰਲ ਹੈਲਥ ਦਿਵਸ ਮਨਾਇਆ
ਪੰਜਾਬੀ ਖ਼ਬਰਸਾਰ ਬਿਉਰੋ
ਨਥਾਣਾ, 10 ਅਪ੍ਰੈਲ : ਸਿਵਲ ਸਰਜਨ ਡਾਕਟਰ ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਨਥਾਣਾ ਡਾਕਟਰ ਗੁਰਮੇਲ ਸਿੰਘ ਦੀ ਅਗਵਾਈ ਵਿਚ ਕਮਿਊਨਿਟੀ ਹੈਲਥ ਸੈਂਟਰ ਨਥਾਣਾ ਵਿਖੇ ਵਿਸ਼ਵ ਓਰਲ ਹੈਲਥ ਦਿਵਸ ਮਨਾਇਆ ਗਿਆ। ਇਹ ਦਿਨ ਦੁਨੀਆ ਭਰ ਦੇ ਲੋਕਾਂ ਵਿਚ ਮੂੰਹ ਦੀ ਸਿਹਤ ਦੀ ਜ਼ਰੂਰਤ ਬਾਰੇ ਜਾਗਰੂਕਤਾ ਫੈਲਾਉਣ ਅਤੇ ਲੋਕਾਂ ਨੂੰ ਆਪਣੇ ਮੂੰਹ ਨੂੰ ਸਿਹਤਮੰਦ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਐਸਐਮਓ ਡਾ. ਗੁਰਮੇਲ ਸਿੰਘ ਅਤੇ ਦੰਦਾਂ ਦੇ ਡਾਕਟਰ ਲਵਦੀਪ ਰੋਹਲ ਨੇ ਦੱਸਿਆ ਕਿ ਮੂੰਹ ਦੀ ਸਿਹਤ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਵਿਚ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ, ਜੋ ਵੀ ਅਸੀਂ ਖਾਂਦੇ ਹਾਂ ਉਹ ਸਾਡੇ ਮੂੰਹ ਰਾਹੀਂ ਸਾਡੇ ਸਰੀਰ ਤੱਕ ਪਹੁੰਚਦਾ ਹੈ। ਅਜਿਹੇ ’ਚ ਜੇਕਰ ਕਿਸੇ ਕਾਰਨ ਸਾਡੇ ਮੂੰਹ ਵਿਚ ਕੋਈ ਇਨਫੈਕਸ਼ਨ ਜਾਂ ਬੀਮਾਰੀ ਲੱਗ ਜਾਂਦੀ ਹੈ ਤਾਂ ਸਾਡੇ ਮੂੰਹ ਰਾਹੀਂ ਸਰੀਰ ’ਚ ਦਾਖਲ ਹੋਣ ਵਾਲਾ ਭੋਜਨ ਵੀ ਦੂਸ਼ਿਤ ਹੋ ਸਕਦਾ ਹੈ। ਦੰਦਾਂ ਅਤੇ ਮੂੰਹ ਦੀ ਨਿਯਮਤ ਸਫਾਈ ਕਈ ਬਿਮਾਰੀਆਂ ਅਤੇ ਸਮੱਸਿਆਵਾਂ ਤੋਂ ਬਚਾ ਸਕਦੀ ਹੈ।ਵਿਸ਼ਵ ਓਰਲ ਹੈਲਥ ਡੇ 2023 ਮੁਹਿੰਮ ’ਬੀ ਪ੍ਰਾਊਡ ਆਫ ਯੂਅਰ ਮਾਊਥ’ ਥੀਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਸਾਰੇ ਲੋਕਾਂ ਨੂੰ ਆਪਣੀ ਮੁਸਕਰਾਹਟ ਦਾ ਪੂਰਾ ਖਿਆਲ ਰੱਖਣ ਲਈ ਮੂੰਹ ਦੀ ਸਿਹਤ ਦਾ ਖਿਆਲ ਰੱਖਣ ਲਈ ਕਿਹਾ ਜਾ ਰਿਹਾ ਹੈ। ਮਹੱਤਵਪੂਰਨ ਤੌਰ ’ਤੇ ਮੂੰਹ ਦੇ ਕੈਂਸਰ ਨੂੰ ਦੁਨੀਆ ਭਰ ਦੇ 10 ਸਭ ਤੋਂ ਆਮ ਕੈਂਸਰਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦਿਨ ਵਿਚ ਘੱਟੋ-ਘੱਟ ਦੋ ਵਾਰ ਨਰਮ ਬੁਰਸ਼ ਨਾਲ ਦੰਦਾਂ ਨੂੰ ਨਿਯਮਿਤ ਤੌਰ ’ਤੇ ਸਾਫ਼ ਕਰਨਾ ਚਾਹੀਦਾ ਹੈ। ਜਿੱਥੋਂ ਤੱਕ ਹੋ ਸਕੇ ਤਾਜ਼ਾ ਅਤੇ ਪਚਣ ਵਾਲਾ ਭੋਜਨ ਖਾਣਾ ਚਾਹੀਦਾ ਹੈ, ਜਿਸ ਵਿਚ ਤਾਜ਼ੇ ਫਲ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਸਾਬਤ ਅਨਾਜ ਨੂੰ ਭਰਪੂਰ ਮਾਤਰਾ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ। ਸ਼ੂਗਰ ਅਤੇ ਪ੍ਰੋਸੈਸਡ ਭੋਜਨ ਤੋਂ ਦੂਰ ਰਹੋ।ਬਲਾਕ ਐਕਸਟੈਨਸ਼ਨ ਐਜੂਕੇਟਰ ਰੋਹਿਤ ਜਿੰਦਲ ਨੇ ਦੱਸਿਆ ਕਿ ਭੋਜਨ ਨੂੰ ਚੰਗੀ ਤਰ੍ਹਾਂ ਚਬਾਉਣ ਨਾਲ ਮੂੰਹ ’ਚ ਜ਼ਰੂਰੀ ਐਨਜ਼ਾਈਮਜ਼ ਸਹੀ ਢੰਗ ਨਾਲ ਨਿਕਲਦੇ ਹਨ, ਜੋ ਪਾਚਨ ਕਿਰਿਆ ਨੂੰ ਠੀਕ ਰੱਖਣ ਵਿਚ ਬਹੁਤ ਫਾਇਦੇਮੰਦ ਹੁੰਦਾ ਹੈ। ਪਾਨ ਮਸਾਲਾ, ਤੰਬਾਕੂ ਅਤੇ ਗੁਟਖਾ ਆਦਿ ਦੇ ਸੇਵਨ ਅਤੇ ਸਿਗਰਟਨੋਸ਼ੀ ਤੋਂ ਬਚਣਾ ਚਾਹੀਦਾ ਹੈ। ਸਾਲ ਵਿਚ ਇੱਕ ਵਾਰ ਦੰਦਾਂ ਦੇ ਡਾਕਟਰ ਨੂੰ ਆਪਣੇ ਮੂੰਹ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਜੇਕਰ ਦੰਦਾਂ ਜਾਂ ਮੂੰਹ ਵਿਚ ਕੋਈ ਸਮੱਸਿਆ ਹੋਵੇ ਤਾਂ ਉਸ ਦਾ ਸਮੇਂ ਸਿਰ ਪਤਾ ਲਗਾਇਆ ਜਾ ਸਕੇ ਅਤੇ ਇਸ ਦਾ ਇਲਾਜ ਕੀਤਾ ਜਾ ਸਕੇ।
’ਦੰਦਾਂ ਤੇ ਮੂੰਹ ਦੀ ਨਿਯਮਤ ਸਫ਼ਾਈ ਕਈ ਬਿਮਾਰੀਆਂ ਤੋਂ ਕਰ ਸਕਦੀ ਹੈ ਬਚਾਅ’
24 Views