ਦੋ ਦਿਨ ਪਹਿਲਾਂ ਲੜਕੇ ਦੀ ਸ਼ੱਕੀ ਹਾਲਾਤਾਂ ‘ਚ ਇੱਕ ਖਾਲੀ ਪਲਾਟ ਵਿਚੋਂ ਬਰਾਮਦ ਹੋਈ ਸੀ ਲਾਸ਼
ਸੁਖਜਿੰਦਰ ਮਾਨ
ਬਠਿੰਡਾ, 14 ਮਈ : ਸਥਾਨਕ ਸਹਿਰ ਦੇ ਹਰਪਾਲ ਨਗਰ ਵਿਚੋਂ ਦੋ ਦਿਨ ਪਹਿਲਾਂ ਸ਼ੱਕੀ ਹਾਲਾਤ ’ਚ ਬਰਾਮਦ ਹੋਈ ਲਾਸ ਦੇ ਮਾਮਲੇ ਦੀ ਤਹਿਕੀਕਾਤ ਤੋਂ ਬਾਅਦ ਪੁਲਿਸ ਨੇ ਪਰਸਰਾਮ ਨਗਰ ਦੇ ਇੱਕ ਬਾਪ-ਬੇਟੇ ਨੂੰ ਕਾਬੂ ਕੀਤਾ ਹੈ, ਜਿੰਨ੍ਹਾਂ ਨੇ ਅਪਣੀ ਲੜਕੀ ਨੂੰ ਭਜਾਉਣ ਦੇ ਸ਼ੱਕ ਵਿਚ ਇਹ ਕਤਲ ਕੀਤਾ ਸੀ। ਮ੍ਰਿਤਕ ਨੌਜਵਾਨ ਦੀ ਪਹਿਚਾਣ 21 ਸਾਲ ਰਾਹੁਲ ਵਾਸੀ ਚੰਦਸਰ ਦੇ ਤੌਰ ’ਤੇ ਹੋਈ ਸੀ, ਜਿਸਦੇ ਭਰਾ ਹਿਤੈਸ ਦੇ ਬਿਆਨਾਂ ਉਪਰ ਸਿਵਲ ਲਾਈਨ ਪੁਲਿਸ ਨੇ ਕਥਿਤ ਦੋਸੀਆਂ ਲਛਮਣ ਅਤੇ ਉਸਦੇ ਪੁੱਤਰ ਲਾਲੂ ਪੁੱਤਰ ਹੁਣ ਧਾਰਾ 302 ਅਤੇ 34 ਆਈ.ਪੀ.ਸੀ ਤਹਿਤ ਕੇਸ ਦਰਜ਼ ਕੀਤਾ ਹੈ। ਸੀਆਈਏ-1 ਵਿੰਗ ਵਲੋਂ ਕੀਤੀ ਪੜਤਾਲ ਦੌਰਾਨ ਅਹਿਮ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਕਥਿਤ ਦੋਸੀਆਂ ਨੇ ਲੜਕੀ ਨੂੰ ਭੱਜਣ ਤੋਂ ਬਾਅਦ ਕਾਬੂ ਕਰਕੇ ਕੁੱਝ ਦਿਨਾਂ ਬਾਅਦ ਹੀ ਕਤਲ ਕਰ ਦਿੱਤਾ ਸੀ ਤੇ ਉਸ ਕਤਲ ਨੂੰ ਵੀ ਆਤਮਹੱਤਿਆ ਦਾ ਰੂਪ ਦੇ ਦਿੱਤਾ ਸੀ। ਉਸ ਸਮੇਂ ਕਿਸੇ ਸਿਕਾਇਤਕਰਤਾ ਦੇ ਸਾਹਮਣੇ ਨਾ ਆਉਣ ਕਾਰਨ ਇਹ ਘਟਨਾ ਦਬ ਕੇ ਰਹਿ ਗਈ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮ੍ਰਿਤਕ ਰਾਹੁਲ ਵਾਸੀ ਚੰਦਸਰ ਬਸਤੀ ਲੰਘੀ 11 ਮਈ ਦੀ ਰਾਤ ਨੂੰ ਘਰੋ ਨਿਕਲਿਆ ਸੀ ਅਤੇ 12 ਮਈ ਦੀ ਸਵੇਰ ਨੂੰ ਉਸਦੀ ਲਾਸ਼ ਹਰਪਾਲ ਨਗਰ ਦੇ ਇੱਕ ਖ਼ਾਲੀ ਪਲਾਟ ਵਿਚ ਮਿਲੀ ਸੀ। ਮ੍ਰਿਤਕ ਦੇ ਗਲੇ ਉਪਰ ਨਿਸ਼ਾਨ ਸਨ ਤੇ ਇਸਤੋਂ ਇਲਾਵਾ ਕੁੱਟਮਾਰ ਦਾ ਵੀ ਸ਼ੱਕ ਜਾਹਰ ਕਰਦਿਆਂ ਉਸਦੇ ਭਰਾ ਹਿਤੈਸ ਨੇ ਪੁਲਿਸ ਨੂੰ ਮਾਮਲੇ ਦੀ ਜਾਂਚ ਲਈ ਕਿਹਾ ਸੀ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਇੱਕ ਵਾਰ 174 ਦੀ ਕਾਰਵਾਈ ਕਰ ਦਿੱਤੀ ਸੀ ਤੇ ਮਾਮਲੇ ਦੀ ਜਾਂਚ ਸੀਆਈਏ ਹਵਾਲੇ ਕਰ ਦਿੱਤੀ ਸੀ। ਸੀਆਈਏ ਵਲਂੋ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਕਥਿਤ ਦੋਸੀ ਲਛਮਣ ਦੀ ਬੇਟੀ ਕੁੱਝ ਮਹੀਨੇ ਪਹਿਲਾਂ ਮ੍ਰਿਤਕ ਰਾਹੁਲ ਦੇ ਇੱਕ ਦੋਸਤ ਨਾਲ ਘਰੋਂ ਭੱਜ ਗਈ ਸੀ। ਹਾਲਾਂਕਿ ਲੜਕੀ ਨੂੰ ਕੁੱਝ ਸਮੇਂ ਬਾਅਦ ਹੀ ਕਾਬੂ ਕਰ ਲਿਆ ਗਿਆ ਸੀ ਅਤੇ ਬਾਅਦ ਵਿਚ ਉਸਦੀ ਮੌਤ ਵੀ ਹੋ ਗਈ ਸੀ। ਸੂਤਰਾਂ ਮੁਤਾਬਕ ਮ੍ਰਿਤਕ ਰਾਹੁਲ ਦੀ ਜਿੱਥੇ ਲੜਕੀ ਨੂੰ ਭਜਾਉਣ ਵਾਲੇ ਲੜਕੇ ਨਾਲ ਵੀ ਦੋਸਤੀ ਸੀ, ਉਥੇ ਉਸਦੀ ਦੋਸਤੀ ਲੜਕੀ ਦੇ ਭਰਾ ਲਾਲੂ ਦੇ ਨਾਲ ਵੀ ਸੀ। ਹੁਣ ਮੁੜ ਰਾਹੁਲ ਤੇ ਲਾਲੂ ਨੇ ਇੱਕ ਦੂਜੇ ਨਾਲ ਬੋਲਣਾ ਸੁਰੂ ਕਰ ਦਿੱਤਾ ਸੀ। ਘਟਨਾ ਵਾਲੀ ਰਾਤ ਰਾਹੁਲ ਪਰਸਰਾਸ ਨਗਰ ਵਿਚ ਸਥਿਤ ਲਾਲੂ ਦੇ ਘਰ ਗਿਆ ਹੋਇਆ ਸੀ, ਜਿੱਥੇ ਕਥਿਤ ਤੌਰ ’ਤੇ ਲਛਮਣ ਨੇ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਬਾਅਦ ਵਿਚ ਉਸਦੇ ਹੀ ਮੋਟਰਸਾਈਕਲ ਉਪਰ ਵਿਚਾਲੇ ਬਿਠਾ ਕੇ ਦੋਨਾਂ ਪਿਊ-ਪੁੱਤਾਂ ਨੇ ਲਾਸ ਨੂੰ ਹਰਪਾਲ ਨਗਰ ਵਿਚ ਇੱਕ ਖਾਲੀ ਪਲਾਟ ’ਚ ਸੁੱਟ ਦਿੱਤਾ। ਪ੍ਰੰਤੂ ਉਨ੍ਹਾਂ ਮ੍ਰਿਤਕ ਰਾਹੁਲ ਦਾ ਫ਼ੋਨ ਖੁਦ ਅਪਣੇ ਕੋਲ ਰੱਖ ਲਿਆ। ਜਿਸਦੇ ਆਧਾਰ ’ਤੇ ਪੁਲਿਸ ਉਨ੍ਹਾਂ ਤੱਕ ਜਾ ਪੁੱਜੀ ਤੇ ਜਦ ਸਖ਼ਤੀ ਨਾਲ ਪੁਛਗਿਛ ਕੀਤੀ ਤਾਂ ਸਾਰੀ ਪੋਲ ਖੁੱਲ ਗਈ। ਸੀਆਈਏ ਟੀਮ ਦੇ ਅਧਿਕਾਰੀਆਂ ਮੁਤਾਬਕ ਕਥਿਤ ਦੋਸੀਆ ਨੇ ਪੁਛਗਿਛ ਦੌਰਾਨ ਇਹ ਵੀ ਮੰਨਿਆ ਕਿ 2 ਸਤੰਬਰ 2022 ਨੂੰ ਉਨ੍ਹਾਂ ਅਪਣੀ ਬੇਟੀ ਪੂਨਮ ਦਾ ਗਲਾ ਘੋਟ ਕੇ ਹੱਤਿਆ ਕੀਤੀ ਅਤੇ ਬਾਅਦ ਵਿਚ ਉਸਦੀ ਲਾਸ ਨੂੰ ਪੱਖੇ ਨਾਲ ਟੰਗ ਦਿੱਤਾ ਸੀ ਤਾਂ ਕਿ ਇਹ ਕਤਲ ਆਤਮਹੱਤਿਆ ਵਿਚ ਬਦਲ ਜਾਵੇ। ਉਸ ਸਮੇਂ ਉਨ੍ਹਾਂ ਦੀ ਕਹਾਣੀ ਸਫ਼ਲ ਹੋਈ ਤੇ ਸਬੰਧਤ ਥਾਣੇ ਦੀ ਪੁਲਿਸ ਨੇ ਵੀ ਇਸ ਘਟਨਾ ਨੂੰ ਖੁਦਕਸੀ ਮੰਨ ਕੇ 174 ਦੀ ਕਾਰਵਾਈ ਕੀਤੀ ਸੀ।
Share the post "ਲਵਾਰਿਸ ਮਿਲੀ ਲਾਸ ਦਾ ਮਾਮਲਾ: ਕੁੜੀ ਨੂੰ ਭਜਾਉਣ ਦੇ ਸ਼ੱਕ ’ਚ ਪਿਊ-ਪੁੱਤ ਨੇ ਕੀਤਾ ਸੀ ਨੌਜਵਾਨ ਦਾ ਕਤਲ"