ਸੁਖਜਿੰਦਰ ਮਾਨ
ਬਠਿੰਡਾ, 21 ਮਈ : ਸੀ.ਐਚ.ਸੀ. ਗੋਨਿਆਣਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਧੀਰਾ ਗੁਪਤਾ ਨੇ ਦੱਸਿਆ ਕਿ 28 ਮਈ ਨੂੰ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਤੋਂ ਬਚਾਅ ਲਈ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਤਿੰਨ ਚੱਲਣ ਵਾਲੀ ਇਸ ਵਿਸ਼ੇਸ ਮੁਹਿੰਮ ਤਹਿਤ ਪਹਿਲੇ ਦਿਨ ਬੂਥਾਂ ’ਤੇ ਬੂੰਦਾਂ ਪਿਲਾਈਆਂ ਜਾਣਗੀਆਂ ਜਦਕਿ ਦੂਜੇ ਅਤੇ ਤੀਜੇ ਦਿਨ ਟੀਮਾਂ ਘਰ-ਘਰ ਜਾ ਕੇ ਬਾਕੀ ਰਹਿ ਗਏ ਬੱਚਿਆਂ ਨੂੰ ਬੂੰਦਾਂ ਪਿਲਾਉਣਗੀਆਂ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਬੂਥਾਂ ਤੇ ਪਹੁੰਚਕੇ ਆਪਣੇ ਬੱਚਿਆਂ ਨੂੰ ਬੂੰਦਾਂ ਪਿਲਾਈਆਂ ਜਾਣ। ਉਨ੍ਹਾਂ ਕਿਹਾ ਕਿ ਬੇਸ਼ੱਕ ਭਾਰਤ ਨੂੰ ਪੋਲਿਓ ਮੁਕਤ ਦੇਸ਼ ਦਾ ਸਰਟੀਫਿਕੇਟ ਮਿਲਿਆ ਹੋਇਆ ਹੈ ਪਰ ਗੁਆਂਢੀ ਦੇਸ਼ਾਂ ਵਿੱਚ ਪੋਲਿਓ ਦੇ ਕੇਸ ਸਾਹਮਣੇ ਆਉਣ ਕਾਰਨ ਇਸ ਵਾਰ ਇਹ ਮੁਹਿੰਮ ਸੂਬੇ ਦੇ ਕੁੱਝ ਸਰਹੱਦੀ ਜ਼ਿ?ਲਆਂ ਵਿੱਚ ਚਲਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਬਲਾਕ ਗੋਨਿਆਣਾ ਵਿੱਚ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਕੁੱਲ 112 ਬੂਥ ਬਣਾਏ ਜਾਣਗੇ ਜਦਕਿ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨ ਲਈ 5 ਟਰਾਂਜਿਟ ਬੂਥ ਅਤੇ 6 ਮੋਬਾਇਲ ਟੀਮਾਂ ਬੱਚਿਆਂ ਨੂੰ ਬੂੰਦਾਂ ਪਿਲਾਉਣਗੀਆਂ। ਉਨ੍ਹਾਂ ਦੱਸਿਆ ਕਿ ਇਸ ਲਈ ਟੀਮਾਂ ਨੂੰ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਸਮੂਹ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਿਹਤ ਵਿਭਾਗ ਦਾ ਸਹਿਯੋਗ ਦਿੱਤਾ ਜਾਵੇ।