ਸੁਖਜਿੰਦਰ ਮਾਨ
ਬਠਿੰਡਾ,24 ਮਈ :ਅੱਜ ਇੱਥੇ ਟੀਚਰਜ਼ ਹੋਮ ਵਿਖੇ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਜਰਨਲ ਸਕੱਤਰ ਸਰੂਪ ਸਿੰਘ ਰਾਮਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਭਾਕਿਯੂ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ, ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਫੁੱਲੋ ਮਿੱਠੀ, ਭਾਕਿਯੂ ਏਕਤਾ ਮਾਲਵਾ ਦੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਬੱਲੋਂ ਅਤੇ ਭਾਕਿਯੂ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਕਿਹਾ ਕਿ 28 ਮਈ ਨੂੰ ਪੰਜਾਬ ਦੇ ਸਾਰੇ ਐੱਮ. ਪੀ. ਤੇ ਮੈਂਬਰ ਰਾਜ ਸਭਾ ਨੂੰ ਚਿਤਾਵਨੀ ਪੱਤਰ ਰੋਸ ਪ੍ਰਦਰਸ਼ਨ ਕਰ ਕੇ ਦਿੱਤੇ ਜਾਣਗੇ, ਤਾਂ ਕਿ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਪਾਰਲੀਮੈਂਟ ਸੈਸ਼ਨ ਵਿਚ ਮਤਾ ਪਾਸ ਕੀਤਾ ਜਾਵੇ।ਉਕਤ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਫਸਲਾਂ ਤੇ ਐਮ.ਐਸ.ਪੀ ਅਤੇ ਸਰਕਾਰੀ ਖਰੀਦ ਦੀ ਗਰੰਟੀ, ਲਖੀਮਪੁਰ ਘਟਨਾ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੇਦੋਸ਼ੇ ਕਿਸਾਨਾਂ ਨੂੰ ਜੇਲ੍ਹਾਂ ਚੋਂ ਰਿਹਾਅ ਕਰਵਾਉਣ, ਕਿਸਾਨਾਂ ਤੇ ਕੀਤੇ ਪਰਚੇ ਰੱਦ ਕਰਵਾਉਣ, ਬਿਜਲੀ ਬਿੱਲ 2020 ਰੱਦ ਕਰਵਾਉਣ, ਸਮੁੱਚਾ ਕਿਸਾਨਾਂ ਅਤੇ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਨਾ, ਕਿਸਾਨ ਮਜ਼ਦੂਰ ਦੀ ਪੈਨਸ਼ਨ ਲਗਵਾਉਣ, ਦਿੱਲੀ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਤੇ ਇਕ ਜੀਅ ਨੂੰ ਸਰਕਾਰੀ ਨੌਕਰੀ, ਫ਼ਸਲੀ ਬੀਮਾਂ ਯੋਜਨਾ ਲਾਗੂ ਕਰਵਾਉਣ ਆਦਿ ਮੰਗਾਂ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਸਹਿਮਤੀ ਬਣੀ ਸੀ। ਕੇਂਦਰ ਸਰਕਾਰ ਨੇ ਅਜੇ ਤੱਕ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਕੋਈ ਵੀ ਮੀਟਿੰਗ ਨਹੀਂ ਕੀਤੀ। ਇਸ ਸਮੇਂ ਮੀਟਿੰਗ ਵਿੱਚ ਰਾਜਮਹਿੰਦਰ ਸਿੰਘ, ਸਤਿਗੁਰ ਸਿੰਘ,ਨੈਬ ਸਿੰਘ, ਮਲਕੀਤ ਸਿੰਘ ਵੀ ਹਾਜ਼ਰ ਸਨ।
Share the post "28 ਨੂੰ ਦੇਸ਼ ਦੇ ਸਾਰੇ ਐੱਮ. ਪੀਜ਼ ਨੂੰ ਦਿੱਤੇ ਜਾਣਗੇ ਚੇਤਾਵਨੀ ਪੱਤਰ : ਸੰਯੁਕਤ ਕਿਸਾਨ ਮੋਰਚਾ"