ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 27 ਮਈ : ਬਠਿੰਡਾ ਜ਼ਿਲ੍ਹੇ ਦੇ ਪਿੰਡ ਕਿੱਲਿਆਵਾਲੀ ਦੇ ਇੱਕ ਵਿਦਿਆਰਥੀ ਦੇ ਪਾਸਪੋਰਟ ਬਣਾਉਣ ਵਿਚ ਬੇਲੋੜੀ ਦੇਰੀ ਕਰਨ ਦੇ ਇੱਕ ਮਾਮਲੇ ਵਿਚ ਕੀਤੀ ਸਿਕਾਇਤ ਦੀ ਸੁਣਵਾਈ ਕਰਦਿਆਂ ਸਥਾਨਕ ਜ਼ਿਲਾ ਖ਼ਪਤਕਾਰ ਫ਼ੋਰਮ ਨੇ ਪਾਸਪੋਰਟ ਦਫ਼ਤਰ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪੰਜ ਹਜ਼ਾਰ ਰੁਪਏ ਦਾ ਮੁਆਵਜ਼ਾ ਪੀੜਤ ਵਿਦਿਆਰਥੀ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਹਨ। ਪਾਸਪੋਰਟ ਦਫ਼ਤਰ ਦੀ ਇਸ ਬੇਲੋੜੀ ਦੇਰੀ ਕਾਰਨ ਕਰੀਬ ਇੱਕ ਸਾਲ ਤੱਕ ਵਿਦੇਸ ਜਾਣ ਦਾ ਚਾਹਵਾਨ ਇਹ ਵਿਦਿਆਰਥੀ ਆਈਲੇਟਸ ਦਾ ਪੇਪਰ ਨਹੀਂ ਦੇ ਸਕਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਸਿਕਾਇਤਕਰਤਾ ਵਿਦਿਆਰਥੀ ਦੇ ਵਕੀਲ ਵਰੁਣ ਬਾਂਸਲ ਨੇ ਦਸਿਆ ਕਿ ਪਵਿੱਤਰ ਸਿੰਘ ਨੇ 12ਵੀਂ ਜਮਾਤ ਤੋਂ ਬਾਅਦ ਵਿਦੇਸ਼ ਵਿਚ ਸੈਟਲ ਹੋਣ ਲਈ ਆਈਲੈਟਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਉਸਨੇ 23 ਦਸੰਬਰ 2020 ਨੂੰ ਪਾਸਪੋਰਟ ਲਈ ਅਪਲਾਈ ਕਰ ਦਿੱਤਾ ਸੀ, ਜਿਸਦੇ ਬਦਲੇ ਪਾਸਪੋਰਟ ਦਫ਼ਤਰ ਅੰਮ੍ਰਿਤਸਰ ਵਲੋਂ 25 ਜਨਵਰੀ 2021 ਦੀ ਦਸਤਾਵੇਜ਼ ਦੀ ਜਾਂਚ ਲਈ ਤਰੀਕ ਦਿੱਤੀ ਗਈ। ਉਕਤ ਮਿਤੀ ਨੂੰ ਪਵਿੱਤਰ ਸਿੰਘ ਨੇ ਪਾਸਪੋਰਟ ਦਫ਼ਤਰ ਵਿਚ ਪੇਸ਼ ਹੋ ਕੇ ਅਪਣੇ ਸਾਰੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ। ਜਿਸਤੋਂ ਬਾਅਦ 27 ਜਨਵਰੀ 2021 ਨੂੰ ਪੁਲਿਸ ਵੈਰੀਫਿਕੇਸ਼ਨ ਵੀ ਹੋ ਗਈ। ਪ੍ਰੰਤੂ ਪਾਸਪੋਰਟ ਨਾ ਮਿਲਣ ’ਤੇ 22 ਮਾਰਚ 2021 ਨੂੰ ਪਵਿੱਤਰ ਸਿੰਘ ਨੇ ਪਾਸਪੋਰਟ ਦਫ਼ਤਰ ਨੂੰ ਸਿਕਾਇਤ ਭੇਜੀ, ਜਿਸਦੇ ਜਵਾਬ ਵਿਚ 23 ਮਾਰਚ 2021 ਨੂੰ ਦਫ਼ਤਰ ਨੇ ਦਸਿਆ ਕਿ ਉਸਦਾ ਦਸਵੀਂ ਦਾ ਸਰਟੀਫਿਕੇਟ ਜਾਂਚ ਲਈ ਬੋਰਡ ਦਫ਼ਤਰ ਪੰਚਕੂਲਾ ਭੇਜਿਆ ਹੋਇਆ ਹੈ। ਜਿਸਦੇ ਚੱਲਦੇ ਸਿਕਾਇਤਕਰਤਾ ਉਕਤ ਦਫ਼ਤਰ ਵੀ ਗਿਆ, ਜਿਥੇ ਪਤਾ ਚੱਲਿਆ ਕਿ 13 ਅਪ੍ਰੈਲ 2021 ਨੂੰ ਦਸਵੀਂ ਜਮਾਤ ਦੇ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਕਰਕੇ ਪਾਸਪੋਰਟ ਦਫ਼ਤਰ ਨੂੰ ਭੇਜ ਦਿੱਤੀ ਹੈ। ਜਿਸਤੋਂ ਬਾਅਦ ਕਾਫ਼ੀ ਉਡੀਕ ਕਰਨ ਤੋਂ ਬਾਅਦ 31 ਮਈ 2021 ਨੂੰ ਮੁੜ ਪਵਿੱਤਰ ਨੇ ਪਾਸਪੋਰਟ ਦਫ਼ਤਰ ਨੂੰ ਸਿਕਾਇਤ ਭੇਜੀ ਅਤੇ ਅਪਣਾ ਪਾਸਪੋਰਟ ਜਾਰੀ ਕਰਨ ਦੀ ਮੰਗ ਕੀਤੀ। ਇਸਤੋਂ ਇਲਾਵਾ ਜੁਲਾਈ 2021 ਵਿਚ ਅਪਣੇ ਪਾਸਪੋਰਟ ਦਾ ਸਟੇਟਸ ਪਤਾ ਕਰਨ ਲਈ ਆਰਟੀਆਈ ਵੀ ਪਾਈ ਗਈ ਪ੍ਰੰਤੂ ਉਸਦਾ ਵੀ ਜਵਾਬ ਨਹੀਂ ਦਿੱਤਾ। ਅਖੀਰ 2 ਸਤੰਬਰ 2021 ਨੂੰ ਉਸਦਾ ਪਾਸਪੋਰਟ ਭੇਜਿਆ ਗਿਆ, ਜਿਸਤੋਂ ਬਾਅਦ ਉਸ ਵਲੋਂ ਆਈਲੇਟਸ ਦੀ ਮੁੜ ਤਿਆਰੀ ਕਰਕੇ ਪੇਪਰ ਦਿੱਤਾ ਗਿਆ। ਇੰਨੀਂ ਖੱਜਲ ਖੁਆਰੀ ਤੇ ਮਾਨਸਿਕ ਪ੍ਰੇਸਾਨੀ ਝੱਲਣ ਦੇ ਕਾਰਨ ਪਵਿੱਤਰ ਸਿੰਘ ਵਲੋਂ ਅਪਣੇ ਵਕੀਲ ਵਰੁਣ ਬਾਂਸਲ ਰਾਹੀਂ ਖਪਤਕਾਰ ਫ਼ੋਰਮ ਬਠਿੰਡਾ ਵਿੱਚ ਕੇਸ ਦਾਇਰ ਕੀਤਾ। ਇਸ ਕੇਸ ਵਿੱਚ ਹੋਈ ਸੁਣਵਾਈ ਤੋਂ ਬਾਅਦ ਹੁਣ ਫ਼ੋਰਮ ਨੇ ਪਾਸਪੋਰਟ ਦਫ਼ਤਰ ਨੂੰ 5000/- ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।
Share the post "ਪਾਸਪੋਰਟ ਬਣਾਉਣ ’ਚ ਦੇਰੀ ਦੇ ਵਿਰੁਧ ਖਪਤਕਾਰ ਫ਼ੋਰਮ ਵਲੋਂ ਅੰਮ੍ਰਿਤਸਰ ਦੇ ਪਾਸਪੋਰਟ ਦਫਤਰ ਨੂੰ 5000 ਦਾ ਕੀਤਾ ਜੁਰਮਾਨਾ"