ਸੁਖਜਿੰਦਰ ਮਾਨ
ਬਠਿੰਡਾ, 6 ਜੂਨ: ਇੱਕ ਵਕੀਲ ਕੋਲੋਂ ਟੋਲ ਪਲਾਜ਼ੇ ਵਾਲਿਆਂ ਨੂੰ 20 ਰੁਪਏ ਵੱਧ ਵਸੂਲਣੇ ਮਹਿੰਗੇ ਪੈ ਗਏ ਹਨ। ਵਕੀਲ ਵਲੋਂ ਇਸ ਸਬੰਧ ਵਿਚ ਖ਼ਪਤਕਾਰ ਕਮਿਸ਼ਨ ਕੋਲ ਸਿਕਾਇਤ ਦਾ ਫੈਸਲਾ ਸੁਣਾਉਂਦਿਆਂ ਟੋਲ ਪਲਾਜ਼ਾ ਵਾਲਿਆਂ ਨੂੰ ਲਏ ਗਏ ਵਾਧੂ 20 ਰੁਪਏ ਜਿੱਥੇ 9 ਫ਼ੀਸਦੀ ਵਿਆਜ ਨਾਲ ਵਾਪਸ ਕਰਨ ਦੇ ਹੁਕਮ ਦਿੱਤੇ ਹਨ, ਉਥੇ ਮਾਨਸਿਕ ਪ੍ਰੇਸ਼ਾਨੀ ਤੇ ਕੇਸ ਕਰਨ ਲਈ ਕੀਤੇ ਖ਼ਰਚੇ ਵਜੋਂ ਤਿੰਨ ਹਜ਼ਾਰ ਰੁਪਏ ਜੁਰਮਾਨਾ ਦੇਣ ਲਈ ਵੀ ਕਿਹਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਵਾਸੀ ਵਕੀਲ ਰਾਮ ਮਨੋਹਰ ਨੇ ਦੱਸਿਆ ਕਿ ਉਹ 15 ਜਨਵਰੀ 2022 ਨੂੰ ਸਵੇਰੇ 8:11 ਮਿੰਟ ’ਤੇ ਆਪਣੀ ਕਾਰ ਨੰਬਰ ਪੀ.ਬੀ. 03 ਏ.ਸੀ.-0431 ਰਾਹੀਂ ਫ਼ਿਰੋਜਪੁਰ ਜ਼ਿਲ੍ਹੇ ਵਿਚ ਦੇ ਤਲਵੰਡੀ ਭਾਈ ਕੋਲ ਪੈਂਦੇ ਕੋਟ ਕਰੋਰਾ ਕਲਾਂ ਵਿਚੋਂ ਗੁਜਰਿਆਂ ਸੀ। ਇਸ ਦੌਰਾਨ ਟੌਲ ਪਲਾਜਾ ਵਾਲਿਆਂ ਨੇ ਉਸਦੇ ਪੇਟੀਐਮ ਖਾਤੇ ਦੇ ਅਕਾਊਂਟ ਨੰਬਰ 9041222236, ਜ਼ੋ ਕਿ ਫੈਸਟੈਂਗ ਨਾਲ ਜੁੜਿਆ ਹੋਇਆ ਸੀ, ਵਿੱਚੋਂ 40 ਰੁਪਏ ਕੱਟ ਲਏ। ਇਸ ਦੌਰਾਨ ਜਦੋਂ ਉਹ ਦੁਬਾਰਾ ਫਿਰ ਸ਼ਾਮ ਨੂੰ 4:10 ਮਿੰਟ ’ਤੇ ਉਕਤ ਟੌਲ ਪਲਾਜਾ ਤੋਂ ਹੁੰਦੇ ਹੋਏ ਵਾਪਸ ਬਠਿੰਡਾ ਵੱਲ ਆ ਰਿਹਾ ਸੀ ਤਾਂ ਮੁੜ ਟੌਲ ਪਲਾਜਾ ਵਾਲਿਆ ਨੇ ਉਸਦੇ ਖਾਤੇ ਵਿਚੋਂ ਮੁੜ 40 ਰੁਪਏ ਕੱਟੇ ਗਏ। ਜਦੋਂਕਿ ਨਿਯਮਾਂ ਮੁਤਾਬਕ ਜੇਕਰ 24 ਘੰਟਿਆਂ ਵਿੱਚ ਕੋਈ ਵਿਅਕਤੀ ਦੁਬਾਰਾ ਟੌਲ ਕਰਾਸ ਕਰਦਾ ਹੈ ਤਾਂ ਅੱਧੇ ਪੈਸੇ ਕੱਟੇ ਜਾਣੇ ਹਨ। ਇਸ ਸਬੰਧ ਵਿਚ ਵਕੀਲ ਵਲੋਂ 17 ਜਨਵਰੀ 2022 ਨੂੰ ਟੌਲ ਪਲਾਜਾ ਦੇ ਸਬੰਧਿਤ ਅਧਿਕਾਰੀਆਂ ਨਾਲ ਗੱਲ-ਬਾਤ ਕੀਤੀ ਗਈ ਤਾਂ ਉਹ ਇਸ ਗਲਤੀ ਨੂੰ ਮੰਨਦੇ ਹੋਏ ਇੱਕ ਹਫ਼ਤੇ ’ਚ ਵਾਧੂ ਪੈਸੇ ਖਾਤੇ ’ਚ ਵਾਪਸ ਭੇਜਣ ਦਾ ਭਰੋਸਾ ਦਿੱਤਾ ਪ੍ਰੰਤੂ ਕਈ ਮਹੀਨੇ ਬੀਤਣ ਦੇ ਬਾਅਦ ਵੀ ਜਦ ਪੈਸੇ ਵਾਪਸ ਨਹੀਂ ਭੇਜੇ ਤਾਂ ਵਕੀਲ ਰਾਮ ਮਨੋਹਰ ਵੱਲੋਂ 04 ਅਗਸਤ 2022 ਨੂੰ ਕੋਟ ਕਰੋਰਾ ਕਲਾਂ ਟੋਲ ਪਲਾਜਾ ਤਲਵੰਡੀ ਭਾਈ ਜਿਲ੍ਹਾ ਫਿਰੋਜਪੁਰ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆਂ ਦੇ ਖਿਲਾਫ 20 ਰੁਪਏ ਵੱਧ ਵਸੂਲਣ ਦੇ ਸਬੰਧ ਵਿੱਚ ਮਾਨਯੋਗ ਜਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਵਿਖੇ ਕੇਸ ਦਾਇਰ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਬਠਿੰਡਾ ਦੇ ਪ੍ਰਧਾਨ ਲਲਿਤ ਮੋਹਨ ਡੋਗਰਾ ਅਤੇ ਮੈਂਬਰ ਸ਼ਿਵਦੇਵ ਸਿੰਘ ਨੇ ਉਕਤ ਸ਼ਿਕਾਇਤ ਦਾ ਨਿਪਟਾਰਾ ਕਰਦੇ ਹੋਏ ਕੋਟ ਕਰੋਰਾ ਕਲਾਂ ਟੋਲ ਪਲਾਜਾ ਤਲਵੰਡੀ ਭਾਈ, ਜਿਲ੍ਹਾ ਫਿਰੋਜਪੁਰ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆਂ ਨੂੰ ਹੁਕਮ ਦਿੱਤਾ ਹੈ ਕਿ ਉਹ 20 ਰੁਪਏ 9% ਵਿਆਜ ਸਮੇਤ ਅਤੇ 3,000/- ਰੁਪਏ ਹਰਜਾਨੇ ਵਜੋ 45 ਦਿਨਾ ਦੇ ਅੰਦਰ-ਅੰਦਰ ਖਪਤਕਾਰ ਨੂੰ ਅਦਾ ਕਰਨ। ਇੱਥੇ ਇਹ ਵੀ ਦੱਸਣਯੌਗ ਹੈ ਕਿ ਸਾਲ 2021 ਦੌਰਾਨ ਵਕੀਲ ਰਾਮ ਮਨੋਹਰ ਵੱਲੋਂ ਪਹਿਲਾ ਵੀ ਲਹਿਰਾ ਬੇਗਾ ਟੌਗ ਪਲਾਜਾ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆਂ ਨੂੰ ਨਿਯਮਾ ਤੋਂ ਵੱਧ ਰਕਮ ਵਸੂਲਣ ਦੇ ਸਬੰਧ ਵਿੱਚ ਜੁਰਮਾਨਾ ਕਰਵਾਇਆ ਗਿਆ ਸੀ, ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ।
Share the post "ਟੋਲ ਪਲਾਜ਼ੇ ਵਾਲਿਆਂ ਨੂੰ ਵਕੀਲ ਕੋਲੋਂ 20 ਰੁਪਏ ਵੱਧ ਵਸੂਲਣੇ ਮਹਿੰਗੇ ਪਏ, ਅਦਾਲਤ ਨੇ ਠੋਕਿਆ 3,000 ਰੁਪਏ ਜੁਰਮਾਨਾ"