ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ, 21 ਜੁਲਾਈ : ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪੇਂਟਿੰਗ ਦੀਆਂ ਵੱਖ-ਵੱਖ ਤਕਨੀਕਾਂ ਤੇ ਫਾਲਤੂ ਸਮਾਨ ਤੋਂ ਸਜਾਵਟੀ ਸਮਾਨ ਬਣਾਉਣ ਸੰਬੰਧੀ ਦਸ ਰੋਜ਼ਾ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ। ਇਸ ਕੋਰਸ ਚ ਵੱਖ-ਵੱਖ ਪਿੰਡ ਰਾਏਕੇ ਕਲਾਂ, ਜੋਧਪੁਰ ਰੋਮਾਣਾ, ਸੁਖਲੱਧੀ, ਫੁੱਲੋਖਾਰੀ, ਕੋਠੇ ਕੌਰ ਸਿੰਘ ਵਾਲਾ, ਜਗਤ ਸਿੰਘ ਵਾਲਾ, ਭਲਾਈਆਣਾ, ਠੱਠੀ ਭਾਈ, ਮੋਹਾਲਾਂ ਚੁੱਘੇ ਕਲਾਂ, ਗਹਿਰੀ ਬੁਟਰ, ਨਰੂਆਣਾ, ਜੋਗਾਨੰਦ ਅਤੇ ਬੀਬੀ ਵਾਲਾ ਤੋਂ ਆਈਆਂ 24 ਬੀਬੀਆਂ ਨੇ ਭਾਗ ਲਿਆ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਗੁਰਦੀਪ ਸਿੰਘ ਸਿੱਧੂ ਨੇ ਸਿਖਿਆਰਥਣਾਂ ਨੂੰ ਕਿੱਤਾ-ਮੁਖੀ ਸਿਖਲਾਈ ਕੋਰਸਾਂ ਨੂੰ ਸਮੇਂ ਦੀ ਲੋੜ ਦੱਸਦਿਆਂ ਅਜਿਹੇ ਕੋਰਸਾਂ ਵਿੱਚ ਭਾਗ ਲੈਣ ਲਈ ਪ੍ਰੇਰਿਆ। ਇਸ ਮੌਕੇ ਕੋਆਰਡੀਨੇਟਰ ਮੈਡਮ ਜਸਵਿੰਦਰ ਕੌਰ ਬਰਾੜ (ਸਹਿਯੋਗੀ ਪ੍ਰੋਫੈਸਨਲ ਗ੍ਰਹਿ ਵਿਗਿਆਨ) ਨੇ ਬੀਬੀਆਂ ਨੂੰ ਪੇਂਟਿੰਗ ਦੀਆਂ ਵੱਖ-ਵੱਖ ਤਕਨੀਕਾਂ ਸੰਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਵਾਧੂ ਪਈਆਂ ਚੀਜ਼ਾਂ ਦੀ ਯੋਗ ਵਰਤੋਂ ਕਰਨ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ। ਇਸ ਦੌਰਾਨ ਸਿਖਿਆਰਥੀਆਂ ਨੇ ਡਾ. ਬਰਾੜ ਦੀ ਮੱਦਦ ਨਾਲ ਵੱਖ-ਵੱਖ ਤਰ੍ਹਾਂ ਦੀਆਂ ਪੇਂਟਿੰਗ- ਫਰੀ ਹੈਂਡ ਪੇਂਟਿੰਗ, ਬਲਾਕ ਪੇਂਟਿੰਗ, ਸਟੈਨਸਿਲ ਪੇਂਟਿੰਗ, ਪੌਟ-ਪੇਂਟਿੰਗ ਅਤੇ ਗਲਾਸ ਪੇਂਟਿੰਗ ਆਦਿ ਆਰਟੀਕਲ ਤਿਆਰ ਕੀਤੇ। ਸਿਖਲਾਈ ਕੋਰਸ ਦੇ ਸਮਾਪਤੀ ਸਮਾਰੋਹ ਮੌਕੇ ਡਿਪਟੀ ਡਾਇਰੈਕਟਰ ਨੇ ਬੀਬੀਆਂ ਨੂੰ ਇਸ ਕੋਰਸ ਲਈ ਸਿਖਲਾਈ ਨੂੰ ਕਿੱਤੇ ਵਜੋਂ ਅਪਨਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਆਪਣੇ ਪਰਿਵਾਰ ਦੀ ਆਮਦਨ ਵਿੱਚ ਬਣਦਾ ਯੋਗਦਾਨ ਪਾ ਸਕਣ। ਇਸ ਮੌਕੇ ਸਿਖਿਆਰਥਣਾਂ ਵੱਲੋਂ ਬਣਾਏ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਕੇ.ਵੀ.ਕੇ ਵਿਖੇ ਬੀਬੀਆਂ ਲਈ 10 ਰੋਜ਼ਾ ਸਿਖਲਾਈ ਕੈਂਪ ਆਯੋਜਿਤ
196 Views