ਪੰਜਾਬ ’ਚੋਂ ਸਰਕਾਰ ਲਾਪਤਾ, ਹੜ੍ਹ ਪੀੜਤ ਆਪਣੇ ਹਾਲ ’ਤੇ ਛੱਡੇ: ਹਰਗੋਬਿੰਦ ਕੌਰ
ਪੰਜਾਬੀ ਖ਼ਬਰਸਾਰ ਬਿਉਰੋ
ਤਲਵੰਡੀ ਸਾਬੋ, 23 ਜੁਲਾਈ: ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੇ ਅੱਜ ਇਥੇ ਕਿਹਾ ਕਿ ਜਦੋਂ ਪੰਜਾਬ ਵਿਚ ਵੱਡਾ ਇਲਾਕਾ ਪਾਣੀ ਦੀ ਮਾਰ ਹੇਠ ਹੈ ਤਾਂ ਭਗਵੰਤ ਮਾਨ ਤੇ ਕੇਜਰੀਵਾਲ ਹਵਾਈ ਜਹਾਜ਼ ਰਾਹੀਂ ਕਰਨਾਟਕਾ ਤੇ ਦੇਸ਼ ਦੇ ਹੋਰ ਭਾਗਾਂ ਦੇ ਦੌਰੇ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀ ਇਸ ਗੱਲ ਤੋਂ ਹੈਰਾਨ ਹਨ ਕਿ ਹੁਣ ਲੋਕਾਂ ਦਾ ਚੁਣਿਆ ਮੁੱਖ ਮੰਤਰੀ ਕਿਥੇ ਹੈ ਜਿਸਨੂੰ ਫੋਨ ’ਤੇ ਕੀਤੇ ਸਰਵੇਖਣ ਮਗਰੋਂ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਗਿਆ ਸੀ ? ਉਹ ਹਾਸ ਕਲਾਕਾਰ ਵਜੋਂ ਵਿਚਰ ਰਹੇ ਹਨ ਤੇ ਇਕ ਤੋਂ ਬਾਅਦ ਇਕ ਸਟੇਜ ’ਤੇ ਚੁਟਕਲੇ ਸੁਣਾ ਰਹੇ ਹਨ ਜਦੋਂ ਕਿ ਲੋਕ ਹੜ੍ਹਾਂ ਨਾਲ ਵਿਆਪਕ ਤਬਾਹੀ ਦਾ ਮੰਜ਼ਰ ਝੱਲ ਰਹੇ ਹਨ। ਇਸਤਰੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹਨਾਂ ਅਤੇ ਉਹਨਾਂ ਦੀ ਸਰਕਾਰ ਨੇ ਇਹਨਾਂ ਹੜ੍ਹਾਂ ਵਿਚ ਜਾਂ ਵੈਸੇ ਵੀ ਜ਼ਮੀਨੀ ਪੱਧਰ ’ਤੇ ਕੀ ਕੰਮ ਕੀਤਾ ਹੈ।ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬਣਨ ਮਗਰੋਂ ਹਰਗੋਬਿੰਦ ਕੌਰ ਪਹਿਲੀ ਵਾਰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਣ ਆਏ ਸਨ। ਉਹਨਾਂ ਖਾਲਸਾ ਪੰਥ, ਪੰਜਾਬ ਤੇ ਪਾਰਟੀ ਦੀ ਚੜ੍ਹਦੀਕਲਾ ਵਾਸਤੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ।ਇਸ ਮੌਕੇ ਵੱਡੀ ਗਿਣਤੀ ਵਿਚ ਇਸਤਰੀ ਅਕਾਲੀ ਦਲ ਦੇ ਵਰਕਰਾਂ ਨੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਦਾ ਸਵਾਗਤ ਕੀਤਾ। ਉਹਨਾਂ ਦਾ ਤਖਤ ਸਾਹਿਬ ਕੰਪਲੈਕਸ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਵੀ ਸਨਮਾਨ ਕੀਤਾ।ਇਸਤਰੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਗੱਲ ਕਰਦਿਆਂ ਬੀਬੀ ਹਰਗੋਬਿੰਦ ਕੌਰ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ’ਤੇ ਵਿਸ਼ਵਾਸ ਪ੍ਰਗਟਾਇਆ ਹੈ ਤੇ ਜ਼ਿੰਮੇਵਾਰੀ ਸੌਂਪੀ ਹੈ। ਉਹਨਾਂ ਹੋਰ ਕਿਹਾ ਕਿ ਉਹ ਪਾਰਟੀ ਦੇ ਸਾਰੇ ਮਹਿਲਾ ਕੇਡਰਾਂ ਨਾਲ ਸੰਪਰਕ ਕਰਨਗੇ ਤੇ ਉਹਨਾਂ ਦੀ ਗੱਲ ਸੁਣਨ ਉਪਰੰਤ ਹੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਕ ਵਾਰ ਸਾਡਾ ਜਥੇਬੰਦਕ ਢਾਂਚਾ ਪੂਰਾ ਹੋ ਗਿਆ ਤਾਂ ਫਿਰ ਕੋਈ ਵੀ ਤਾਕਤ ਸਾਨੂੰ ਸਫਲ ਹੋਣ ਤੋਂ ਨਹੀਂ ਰੋਕ ਸਕੇਗੀ।
Share the post "ਇਸਤਰੀ ਅਕਾਲੀ ਦਲ ਦੇ ਪ੍ਰਧਾਨ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਏ ਨਤਮਸਤਕ"