ਸੁਖਜਿੰਦਰ ਮਾਨ
ਬਠਿੰਡਾ, 30 ਜੁਲਾਈ: ਐਤਵਾਰ ਬਾਅਦ ਦੁਪਿਹਰ ਸਥਾਨਕ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਉਪਰ ਭੁੱਚੋਂ ਨਜਦੀਕ ਫ਼ਲਾਈ ਓਵਰ ਉਪਰ ਅੱਧੀ ਦਰਜ਼ਨ ਦੇ ਕਰੀਬ ਕਾਰਾਂ ਵਿਚ ਆਪਸ ਵਿਚ ਬੁਰੀ ਤਰ੍ਹਾਂ ਟਕਰਾ ਗਈਆਂ, ਜਿਸ ਕਾਰਨ 15 ਦੇ ਕਰੀਬ ਕਾਰ ਸਵਾਰ ਗੰਭੀਰ ਜਖਮੀ ਹੋ ਗਏ, ਜਿੰਨ੍ਹਾਂ ਨੂੰ ਰਾਹਗੀਰਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਆਦੇਸ਼ ਹਸਪਤਾਲ ਦੇ ਵਿਚ ਦਾਖ਼ਲ ਕਰਵਾਇਆ। ਹਾਲਾਂਕਿ ਇਸ ਭਿਆਨਕ ਹਾਦਸੇ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ । ਇਸ ਮਾਮਲੇ ਦੀ ਥਾਣਾ ਕੈਂਟ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਮਿਲੀ ਸੂਚਨਾ ਮੁਤਾਬਕ ਅੱਜ ਬਾਅਦ ਦੁਪਿਹਰ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ ਫ਼ੌਜੀ ਛਾਉਣੀ ਦੇ ਨਜਦੀਕ ਫ਼ਲਾਈਓਵਰ ਉਪਰ ਇੱਕ ਕਾਰ ਬਠਿੰਡਾ ਤੋਂ ਬਰਨਾਲਾ ਵੱਲ ਜਾ ਰਹੀ ਸੀ, ਇਸ ਦੌਰਾਨ ਇਸ ਤੇਜ ਰਫ਼ਤਾਰ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿਵਾਈਡਰ ਪਾਰ ਕਰਕੇ ਦੂਜੀ ਸਾਈਡ ਚਲੀ ਗਈ। ਜਿਸ ਕਾਰਨ ਦੂਜੇ ਪਾਸਿਓ ਆ ਰਹੀਆਂ ਕਾਰਾਂ ਉਸਦੇ ਨਾਲ ਟਕਰਾ ਗਈਆਂ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕਰੀਬ ਅੱਧੀ ਦਰਜ਼ਨ ਕਾਰਾਂ ਬੁਰੀ ਤਰ੍ਹਾਂ ਚਕਨਾਚੂਰ ਹੋ ਗਈਆਂ। ਘਟਨਾ ਮੌਕੇ ਲੋਕਾਂ ਦਾ ਚੀਕ-ਚਹਾੜਾ ਪੈ ਗਿਆ। ਇਸ ਦੌਰਾਨ ਇਕੱਠੇ ਹੋਏ ਲੋਕਾਂ ਨੇ ਇੰਨ੍ਹਾਂ ਕਾਰਾਂ ਵਿਚ ਫ਼ਸੇ ਹੋਏ ਲੋਕਾਂ ਨੂੰ ਕਾਫ਼ੀ ਮੁਸੱਕਤ ਦੇ ਬਾਅਦ ਬਾਹਰ ਕੱਢਿਆ। ਹਾਦਸੇ ਕਾਰਨ ਸੜਕ ਉਪਰ ਪੂਰੀ ਤਰ੍ਹਾਂ ਜਾਮ ਲੱਗ ਗਿਆ। ਘਟਨਾ ਦਾ ਪਤਾ ਲੱਗਣ ’ਤੇ ਥਾਣਾ ਕੈਂਟ ਦੀ ਪੁਲਿਸ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰ ਵੀ ਮੌਕੇ ’ਤੇ ਪੁੱਜੇ ਅਤੇ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੀਆਂ ਐਬੂਲੇਂਸਾਂ ਅਤੇ ਰਾਹਗੀਰਾਂ ਦੀਆਂ ਕਾਰਾਂ ਵਿਚ ਜਖਮੀਆਂ ਨੂੰ ਆਦੇਸ ਹਸਪਤਾਲ ਵਿਚ ਦਾਖ਼ਲ ਕਰਵਾਇਆ। ਜਖਮੀਆਂ ਵਿਚ ਨੌਜਵਾਨ, ਬਜੁਰਗ, ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ, ਜਿੰਨ੍ਹਾਂ ਦੀ ਹਾਲਾਤ ਸਥਿਤ ਦੱਸੀ ਜਾ ਰਹੀ ਹੈ। ਉਧਰ ਥਾਣਾ ਕੈਂਟ ਦੇ ਮੁਖੀ ਸਬ ਇੰਸਪੈਕਟਰ ਰਵਿੰਦਰ ਸਿੰਘ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਖਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ ਹੈ।
Share the post "ਬਠਿੰਡਾ ਦੇ ਭੁੱਚੋਂ ਰੋਡ ’ਤੇ ਪੰਜ ਕਾਰਾਂ ਵਿਚ ਹੋਇਆ ਭਿਆਨਕ ਹਾਦਸਾ, 15 ਹੋਏ ਜਖਮੀ"