ਪੰਜਾਬੀ ਖ਼ਬਰਸਾਰ ਬਿਉਰੋ
ਐਸ.ਏ.ਐਸ ਨਗਰ, 1 ਅਗਸਤ – ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਸ਼ਹਿਰ ਦੀ ਵਧਦੀ ਆਬਾਦੀ ਨੂੰ ਧਿਆਨ ਵਿੱਚ ਰੱਖਦਿਆਂ 75 ਸਾਲਾਂ ਤੱਕ ਚੱਲ ਸਕਣ ਵਾਲਾ ਨਵਾਂ ਡਰੇਨੇਜ ਸਿਸਟਮ ਬਣਾਇਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਮੁਢਲੀ ਲਾਗਤ ਲਗਭਗ 300ਕਰੋੜ ਰੁਪਏ ਹੋਵੇਗੀ। ਮੇਅਰ ਸਿੱਧੂ ਨੇ ਇਹ ਜਾਣਕਾਰੀ ਅੱਜ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਮੌਜ਼ੂਦਗੀ ਵਿਚ ਨਗਰ ਨਿਗਮ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਹੋਏ ਫੈਸਲੇ ਤੋਂ ਬਾਅਦ ਦਿੱਤੀ। ਉਨ੍ਹਾਂ ਦਸਿਆ ਕਿ ਨਵੇਂ ਨਿਕਾਸੀ ਸਿਸਟਮ ਦਾ ਖਾਕਾ ਬਣਾਉਣ ਲਈ ਸਰਵੇਖਣ ਕਰਨ ਵਾਸਤੇ ਅੱਜ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਸਰਵੇਖਣ ਦੀ ਰਿਪੋਰਟ ਆਉਣ ਤੋਂ ਬਾਅਦ ਇਸ ਨੂੰ ਮਾਹਰਾਂ ਅਤੇ ਸਾਰੀਆਂ ਸਬੰਧਤ ਧਿਰਾਂ ਨਾਲ ਵਿਚਾਰਨ ਤੋਂ ਬਾਅਦ ਅੰਤਿਮ ਤਜਵੀਜ ਤਿਆਰ ਕੀਤੀ ਜਾਵੇਗੀ। ਉਹਨਾਂ ਹੋਰ ਦਸਿਆ ਕਿ ਸੀਵਰੇਜ ਸਿਸਟਮ ਦਾ ਮੌਜੂਦਾ ਡਿਜ਼ਾਈਨ ਕੁਝ ਸਮੇਂ ਲਈ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਹੜ੍ਹਾਂ ਦਾ ਕਾਰਨ ਬਣ ਰਿਹਾ ਹੈ। ਹਾਲਾਂਕਿ, ਕੁਝ ਸਮੇਂ ਬਾਅਦ ਪਾਣੀ ਦਾ ਨਿਕਾਸ ਹੋ ਜਾਂਦਾ ਹੈ।ਮੇਅਰ ਸਿੱਧੂ ਨੇ ਕਿ ਸ਼ਹਿਰ ਵਿਚ ਨਵੇਂ ਡਰੇਨੇਜ ਸਿਸਟਮ ਦੀ ਲੋੜ ਹੈ ਕਿਉਂਕਿ ਮੋਹਾਲੀ ਦੇ ਨਵੇਂ ਬਣੇ ਸੈਕਟਰਾਂ ਨੇ ਪੁਰਾਣੇ ਨਿਕਾਸੀ ਸਿਸਟਮ ’ਤੇ ਬੋਝ ਪਾਇਆ ਹੈ ਜੋ ਕਈ ਦਹਾਕੇ ਪਹਿਲਾਂ ਦੀ ਆਬਾਦੀ ਦੇ ਹਿਸਾਬ ਨਾਲ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਲ 2017 ਵਿੱਚ ਵੀ ਇੱਕ ਸਰਵੇਖਣ ਕੀਤਾ ਗਿਆ ਸੀ ਜਿਸ ਦੀਆਂ ਤਜਵੀਜਾਂ ਨੂੰ ਨੂੰ ਵੀ ਨਵੇਂ ਸਰਵੇਖਣ ਸਮੇਂ ਧਿਆਨ ਵਿਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਮੁਹਾਲੀ ਵਿੱਚ ਪਾਣੀ ਦੇ ਨਕਾਸ ਦੀ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ।
Share the post "ਮੋਹਾਲੀ ਨਿਗਮ ਸ਼ਹਿਰ ’ਚ 300 ਕਰੋੜ ਰੁਪਏ ਦੀ ਲਾਗਤ ਨਾਲ 75 ਸਾਲਾਂ ਤੱਕ ਚੱਲਣ ਵਾਲਾ ਨਵਾਂ ਡਰੇਨੇਜ ਸਿਸਟਮ ਬਣਾਵੇਗੀ-ਮੇਅਰ ਅਮਰਜੀਤ ਸਿੱਧੂ"