9 Views
ਬਠਿੰਡਾ, 12 ਅਕਤੂਬਰ: ਕਰੀਬ ਅੱਠ-ਨੋ ਮਹੀਨੇ ਪਹਿਲਾਂ ਜੰਗਲਾਤ ਵਿਭਾਗ ਦੇ ਗੁੰਮ ਹੋਏ ਦਰਜਨਾਂ ਟਰੀ ਗਾਰਡਾਂ ਦਾ ਖੁਰਾ ਖੋਜ ਹੁਣ ਮਿਲ ਗਿਆ ਹੈ । ਗੁੰਮ ਹੋਏ ਇੰਨਾਂ ਟ੍ਰੀ ਗਾਰਡਾਂ ਵਿੱਚੋਂ 39 ਇਕ ਸਰਕਾਰੀ ਦਫਤਰ ਦੇ ਹੋਸਟਲ ਦੀ ਛੱਤ ਉੱਤੋਂ ਬਰਾਮਦ ਹੋਏ ਹਨ, ਜਿੰਨ੍ਹਾਂ ਨੇ ਇਸ ਸਰਕਾਰੀ ਦਫਤਰ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਸ਼ੱਕ ਦੇ ਦਾਇਰੇ ਵਿਚ ਲੈ ਆਂਦਾ ਹੈ। ਹਾਲਾਂਕਿ ਮੁਢਲੀ ਪੜਤਾਲ ਦੌਰਾਨ ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਤਤਕਾਲੀ ਅਧਿਕਾਰੀਆਂ ਨੇ ਕੁਝ ਬੱਚਿਆਂ ਦੀ ਸਹਾਇਤਾ ਨਾਲ ਜੰਗਲਾਤ ਵਿਭਾਗ ਵੱਲੋਂ ਬੂਟਿਆਂ ਨੂੰ ਜਾਨਵਰਾਂ ਤੋਂ ਬਚਾਉਣ ਲਈ ਲਗਾਏ ਇੰਨਾਂ ਟ੍ਰੀ ਗਾਰਡਾਂ ਨੂੰ ਇੱਥੇ ਰਖਵਾਇਆ ਸੀ। ਇਸ ਸਬੰਧ ਵਿੱਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਕਾਲਝਰਾਣੀ ਵਿਖੇ ਬਣੇ ਸੀ.ਪਾਈਟ ਟਰੇਨਿੰਗ ਸੈਂਟਰ ਦੇ ਮੌਜੂਦਾ ਸੀਨੀਅਰ ਕੋਚ ਬਲਜੀਤ ਸਿੰਘ ਢਿੱਲੋਂ ਵਲੋਂ ਲਿਖਤੀ ਤੌਰ ਤੇ ਪੁਲਿਸ ਸਟੇਸ਼ਨ ਨੰਦਗੜ੍ਹ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਦੋਨਾਂ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਕਾਰਵਾਈ ਕਰਨ ਤੋਂ ਬਚਦੇ ਦਿਖਾਈ ਦੇ ਰਹੇ ਹਨ।
ਇਸ ਸਬੰਧ ਵਿੱਚ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਵੱਲੋਂ ਇਸ ਸੈਂਟਰ ਦਾ ਦੌਰਾ ਰੱਖਿਆ ਗਿਆ ਸੀ, ਜਿਸਦੇ ਚੱਲਦੇ ਸੀ.ਪਾਈਟ ਕੈਂਪਸ ਵਿਚ ਦੀ ਸਫ਼ਾਈ ਕਰਵਾਈ ਜਾ ਰਹੀ ਸੀ ਤਾਂ ਇਹ ਗੁੰਮ ਹੋਏ ਟਰੀ ਗਾਰਡ ਸੀ. ਪਾਈਟ ਦੇ ਹੋਸਟਲ ਨੰਬਰ 1 ਦੀ ਤੀਜੀ ਮੰਜ਼ਿਲ ਤੋਂ ਮਿਲੇ । ਜਾਂਚ ਲਈ ਮੌਕੇ ਥਾਣਾ ਨੰਦਗੜ੍ਹ ਦੀ ਪੁਲੀਸ ਵੀ ਮੌਕੇ ਤੇ ਪੁੱਜੀ ਹੋਈ ਸੀ। ਗੌਰਤਲਬ ਹੈ ਕਿ ਵਣ ਵਿਭਾਗ ਵੱਲੋਂ ਇਸ ਵਰ੍ਹੇ ਜਨਵਰੀ ਮਹੀਨੇ ਦੌਰਾਨ ਜੰਗਲਾਤ ਵਿਭਾਗ ਵੱਲੋਂ ਗੁੰਮ ਹੋਏ ਟਰੀ ਗਾਰਡਾਂ ਨੂੰ ਲੱਭਣ ਲਈ ਪਿੰਡ ਕਾਲਝਰਾਣੀ ਦੇ ਤਿੰਨ ਗੁਰੂ ਘਰਾਂ ਵਿਚ ਹੋਕਾ ਦਵਾਇਆ ਗਿਆ ਸੀ ਕਿ ਜੇਕਰ ਕਿਸੇ ਵਿਅਕਤੀ ਨੇ ਟਰੀ ਗਾਰਡ ਚੋਰੀ ਕੀਤੇ ਹਨ ਤਾਂ ਉਹ ਗੁਰੂ ਘਰੇ ਰੱਖ ਦੇਵੇ ਤਾਂ ਨਹੀਂ ਤਾਂ ਬਣਦੀ ਕਰਵਾਈ ਕੀਤੀ ਜਾਵੇਗੀ। ਕੋਚ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਫ਼ਤਿਹਗੜ੍ਹ ਸਾਹਿਬ ਤੋਂ ਬਦਲ ਕਿ ਇੱਥੇ ਆਏ ਹਨ । ਉਨ੍ਹਾਂ ਦੋਸ਼ ਲਗਾਏ ਕਿ ਉਸ ਵੇਲੇ ਤੈਨਾਤ ਕੋਚ ਹਰਜੀਤ ਸਿੰਘ ਸੰਧੂ ਵੱਲੋਂ ਅਗਨੀ ਵੀਰ ਦੀ ਟਰੇਨਿੰਗ ਮੌਕੇ ਟਰੇਨਿੰਗ ਲੈ ਰਹੇ ਜਵਾਨਾਂ ਤੋਂ ਕਟਰ ਨਾਲ ਕਟਵਾ ਕਿ ਇੰਨਾ ਟਰੀ ਗਾਰਡਾਂ ਨੂੰ ਪਹਿਲਾ ਬਾਥਰੂਮਾਂ ਵਿਚ ਰਖਵਾਇਆ ਅਤੇ ਬਾਅਦ ਵਿਚ ਹੋਸਟਲ ਦੀ ਛੱਤ ਤੇ ਰਖਵਾ ਦਿੱਤਾ। ਢਿੱਲੋਂ ਨੇ ਕਿਹਾ ਕਿ ਇਹ ਕਿਉਂ ਰੱਖੇ ਗਏ ਹਨ ਇਸਦੇ ਬਾਰੇ ਕੋਚ ਹਰਜੀਤ ਸਿੰਘ ਸੰਧੂ ਦੱਸ ਸਕਦੇ ਹਨ।
ਹਾਲਾਂਕਿ ਇਸ ਸਬੰਧੀ ਪੀਟੀਆਈ ਕੋਚ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਦੀ ਬਦਲੀ ਜੂਨ ਮਹੀਨੇ ਦੌਰਾਨ ਬੋੜਵਾਲ ਮਾਨਸਾ ਵਿਖੇ ਹੋਏ ਗਈ ਸੀ ਅਤੇ ਉਨ੍ਹਾਂ ਨੂੰ ਟਰੀ ਗਾਰਡਾਂ ਬਾਰੇ ਕੁੱਝ ਨਹੀਂ ਪਤਾ ਪ੍ਰੰਤੂ ਕੋਚ ਬਲਜੀਤ ਸਿੰਘ ਵੱਲੋਂ ਲਗਾਏ ਜਾ ਰਹੇ ਦੋਸ਼ ਝੂਠੇ ਅਤੇ ਬੇਬਿਨਆਦ ਹਨ ਜਦੋਂ ਕਿ ਉਹ ਇੱਕ ਇੱਕ ਚੀਜ਼ ਦਾ ਚਾਰਜ ਉਸ ਵੇਲੇ ਦੇ ਇੰਚਾਰਜ ਕੈਪਟਨ ਹਰਮੇਲ ਸਿੰਘ ਨੂੰ ਸੌਂਪ ਗਏ ਸਨ।ਇਸ ਸਬੰਧੀ ਥਾਣਾ ਨੰਦਗੜ੍ਹ ਦੇ ਮੁੱਖ ਅਫ਼ਸਰ ਤਰਨਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਟਰੀ ਗਾਰਡਾਂ ਸਬੰਧੀ ਸ਼ਿਕਾਇਤ ਮਿਲੀ ਹੈ ,ਵਣ ਵਿਭਾਗ ਜੇਕਰ ਵਿਭਾਗ ਨੇ ਕੋਈ ਕਾਰਵਾਈ ਲਈ ਲਿਖਿਆ ਤਾਂ ਉਹ ਇਸ ਸਬੰਧੀ ਬਣਦੀ ਕਾਰਵਾਈ ਕਰਨਗੇ।
ਇੰਨਾ ਟਰੀ ਗਾਰਡਾਂ ਦੇ ਚੋਰੀ ਹੋਣ ਸਬੰਧੀ ਰੇਂਜ ਅਫ਼ਸਰ ਅਮਿੰਰਦਰ ਸਿੰਘ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਸੀ.ਪਾਈਟ ਨਜ਼ਦੀਕ ਉਨ੍ਹਾਂ ਦੇ ਵਿਭਾਗ ਵੱਲੋਂ ਛੋਟੋਂ ਪੌਦਿਆਂ ਨੂੰ ਵਾੜ ਕਰਨ ਲਈ ਟਰੀ ਗਾਰਡ ਲਗਾਏ ਸਨ। ਜਨਵਰੀ ਮਹੀਨੇ ਦੌਰਾਨ ਇਹ ਗੁੰਮ ਹੋ ਗਏ ਜਿੰਨਾ ਬਾਰੇ ਬਕਾਇਦਾ ਪਿੰਡਾਂ ਦੇ ਗੁਰੂ ਘਰਾਂ ਵਿਚ ਸਪੀਕਰ ਰਾਹੀ ਸੂਚਨਾ ਵੀ ਦਿੱਤੀ ਗਈ ਸੀ ਕਿ ਜੇਕਰ ਕਿਸੇ ਨੇ ਇਹ ਚੋਰੀ ਕੀਤੇ ਹਨ ਜਾ ਕਿਤੇ ਰੱਖੇ ਹਨ ਤਾਂ ਪਿੰਡ ਦੇ ਡੇਰੇ ਜਾ ਗੁਰੂ ਘਰ ਰਖਵਾ ਦਿੱਤੇ ਜਾਣ ਨਹੀਂ ਤਾਂ ਬਣਦੀ ਕਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਇਹ ਇਹ ਟਰੀ ਗਾਰਡ ਸੀ .ਪਾਈਟ ਦੀ ਛੱਤ ਤੋਂ ਮਿਲੇ ਹਨ ਜਿੰਨਾ ਨੂੰ ਗਿਣਤੀ ਕਰਵਾ ਲਈ ਗਈ ਹੈ। ਇਸ ਬਾਰੇ ਉਹ ਸੀ .ਪਾਈਟ ਦੇ ਇੰਚਾਰਜ ਕੈਪਟਨ ਲਖਵਿੰਦਰ ਸਿੰਘ ਨੂੰ ਪੱਤਰ ਭੇਜ ਕੇ ਪੁਛਣਗੇ ਕਿ ਇਹ ਗਾਰਡ ਇੱਥੇ ਕਿਵੇਂ, ਕਿਉਂ ਅਤੇ ਕਿਸ ਵੱਲੋਂ ਰੱਖੇ ਗਏ।
Share the post "ਜੰਗਲ਼ਾਤ ਵਿਭਾਗ ਦੇ ਗੁੰਮ ਹੋਏ ਟਰੀ ਗਾਰਡ ਸੀ.ਪਾਈਟ ਕੈਂਪ ਕਲਝਰਾਣੀ ਦੇ ਹੋਸਟਲ ਦੀ ਛੱਤ ਤੋਂ ਮਿਲੇ"