ਸੁਖਜਿੰਦਰ ਮਾਨ
ਬਠਿੰਡਾ, 12 ਅਕਤੂਬਰ: ਪਿਛਲੇ ਕੁੱਝ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਬਠਿੰਡਾ ਜ਼ਿਲ੍ਹੇ ਵਿਚ ਸਿਆਸੀ ਉਲਟਫ਼ੇਰ ਹੋਣ ਦੀਆਂ ਚੱਲ ਰਹੀਆਂ ਕਿਆਸਅਰਾਈਆਂ ਦੌਰਾਨ ਅੱਜ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ। ਬੀਤੇ ਕੱਲ ਹੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਅਕਾਲੀ ਦਲ ਅਨੁਸਾਸਨੀ ਕਮੇਟੀ ਨੇ ਸਾਬਕਾ ਵਿਧਾਇਕ ਨੂੰ ਸਿਆਸੀ ਵਿਰੋਧੀ ਕਾਰਵਾਈਆਂ ਦੇ ਦੋਸ਼ਾਂ ਹੇਠ ਪਾਰਟੀ ਵਿਚੋਂ ਮੁਅੱਤਲ ਕਰਦਿਆਂ 24 ਘੰਟਿਆਂ ਵਿਚ ਜਵਾਬਦੇਹੀ ਦਾ ਨੋਟਿਸ ਜਾਰੀ ਕੀਤਾ। ਇਸਤੋਂ ਪਹਿਲਾਂ 24 ਘੰਟੇ ਪੂਰੇ ਹੁੰਦੇ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਂਦੀ ਸਾਬਕਾ ਵਿਧਾਇਕ ਨੇ ਪਹਿਲਾਂ ਹੀ ਵੀਰਵਾਰ ਨੂੰ ਅਪਣੀ ਰਿਹਾਇਸ਼ ’ਤੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਅਕਾਲੀ ਦਲ ਦੇ ਅਹੁਦਿਆਂ ਤੋਂ ਅਸਤੀਫਾ ਦਿੰਦੇ ਹੋਏ ‘ਅਲਵਿਦਾ’ ਆਖ ਦਿੱਤਾ ਗਿਆ।
ਨਸ਼ਾ ਤਸਕਰਾਂ ਨੂੰ ਛੱਡਣ ਦੇ ਮਾਮਲੇ ’ਚ ਫ਼ਸੇ ਸਾਬਕਾ ਪੁਲਿਸ ਇੰਸਪੈਕਟਰ ਨੇ ਕੀਤਾ ਆਤਮ-ਸਮੱਰਪਣ
ਇਸਦੇ ਇਲਾਵਾ ਉਨ੍ਹਾਂ ਇਹ ਵੀ ਇਸ਼ਾਰਾ ਕੀਤਾ ਕਿ ਜਲਦ ਹੀ ਉਹ ਕਿਸੇ ਨਵੀਂ ਸਿਆਸੀ ਪਿੱਚ ’ਤੇ ਪਾਰੀ ਖੇਡਣ ਦੇ ਲਈ ਆਪਣੇ ਸਮਰਥਕਾਂ ਨਾਲ ਸਲਾਹ-ਮਸ਼ਵਰਾ ਕਰਨ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਸਿੱਧੇ ਨਿਸ਼ਾਨੇ ਲਗਾਉਂਦਿਆਂ ਸਪੱਸ਼ਟ ਤੌਰ ‘ਤੇ ਕਿਹਾ ਕਿ ਉਨ੍ਹਾਂ ਕੋਈ ਵੀ ਪਾਰਟੀ ਵਿਰੋਧੀ ਗਤੀਵਿਧੀ ਨਹੀਂ ਕੀਤੀ ਤੇ ਉਸਦੀ ਕੀਤੀ ਮੁਅੱਤਲੀ ਤੇ ਜਾਰੀ ਨੋਟਿਸ ਇੱਕ ਸਾਜਸ਼ ਦਾ ਹਿੱਸਾ ਹੈ, ਜਿਸਦਾ ਜਵਾਬ ਪਾਰਟੀ ਪ੍ਰਧਾਨ ਹੀ ਦੇ ਸਕਦੇ ਹਨ। ਹਾਲਾਂਕਿ ਕਮੇਟੀ ਦਾ ਮੁਅੱਤਲੀ ਸਬੰਧੀ ਜਾਂ ਕਾਰਨ ਦੱਸੋ ਨੋਟਿਸ ਅਧਿਕਾਰਿਤ ਤੌਰ ‘ਤੇ ਹੁਣ ਤੱਕ ਵੀ ਨਹੀਂ ਮਿਲਿਆ ਹੈ।
ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵਲੋਂ ਜੀਤਮਹਿੰਦਰ ਸਿੱਧੂ ਨੂੰ ਪਾਰਟੀ ’ਚੋਂ ਮੁਅੱਤਲ, ਕਾਰਣ ਦੱਸੋ ਨੋਟਿਸ ਜਾਰੀ
ਸਾਬਕਾ ਵਿਧਾਇਕ ਨੇ ਦਾਅਵਾ ਕੀਤਾ ਕਿ ਉਸਦੇ ਮਰਹੂਮ ਪਿਤਾ ਭੁਪਿੰਦਰ ਸਿੰਘ ਸਿੱਧੂ ਦੀ ਮਹਰੂਮ ਪ੍ਰਕਾਸ਼ ਸਿੰਘ ਬਾਦਲ ਨਾਲ ਨੇੜਤਾ ਦੇ ਚਲਦਿਆਂ ਉਨ੍ਹਾਂ 2014 ਵਿਚ ਸਿਟਿੰਗ ਵਿਧਾਇਕ ਹੋਣ ਦੇ ਬਾਵਜੂਦ ਅਕਾਲੀ ਦਲ ਦਾ ਪੱਲਾ ਫ਼ੜਿਆ ਸੀ ਪ੍ਰੰਤੂ ਹੁਣ ਜੋ ਅਕਾਲੀ ਦਲ ਨੇ ਉਸਦੇ ਨਾਲ ਕੀਤਾ ਹੈ, ਉਸਦੀ ਕਤਈ ਉਮੀਦ ਨਹੀਂ ਸੀ। ੲਸਦੇ ਇਲਾਵਾ ਉ੍ਹਨਾਂ ਇਹ ਵੀ ਦੋਸ਼ ਲਗਾਏ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਮੌਕੇ ਉਸ ਨੂੰ ਹਰਾਉੇਣ ਲਈ ਪਾਰਟੀ ਦੇ ਹੀ ਸੀਨੀਅਰ ਆਗੂਆਂ ਨੇ ਕੰਮ ਕੀਤਾ। ਜੀਤ ਮਹਿੰਦਰ ਸਿੱਧੂ ਨੇ ਅਸਿੱਧੇ ਢੰਗ ਨਾਲ ਹਰਸਿਮਰਤ ਕੌਰ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਸਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਬਠਿੰਡਾ ਤੋਂ ਲੜਣੀਆਂ ਹਨ ਤੇ ਜੇਕਰ ਉਹ ਦੂਜੇ ਪਾਸੇ ਚੱਲ ਪਿਆ ਤਾਂ ਨਤੀਜ਼ੇ ਕੁੱਝ ਹੋਰ ਹੋਣਗੇ।
ਮਨਪ੍ਰੀਤ ਬਾਦਲ ਪੁੱਜੇ ਹੁਣ ਹਾਈਕੋਰਟ ਦੀ ਸ਼ਰਨ ’ਚ, ਵਿਜੀਲੈਂਸ ਨੇ ਮੁੜ ‘ਜੋਜੋ’ ਦੀ ਕੋਠੀ ’ਚ ਦਿੱਤੀ ਦਸਤਕ
ਇੱਥੇ ਦਸਣਾ ਬਣਦਾ ਹੈ ਕਿ ਸਾਲ 1997 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਤਲਵੰਡੀ ਸਾਬੋ ਹਲਕੇ ਤੋਂ ਟਿਕਟ ਦਿੱਤੀ ਸੀ ਪ੍ਰੰਤੂ ਉਹ ਚੋਣ ਹਾਰ ਗਏ। ਸਾਲ 2002 ਵਿਚ ਅਕਾਲੀ ਦਲ ਨੇ ਟਿਕਟ ਦੇਣ ਤੋਂ ਇੰਨਕਾਰ ਕਰ ਦਿੱਤਾ ਤੇ ਸਿੱਧੂ ਨੇ ਮਹਿਜ਼ 250 ਵੋਟਾਂ ਦੇ ਅੰਤਰ ਨਾਲ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਨੂੰ ਮਾਤ ਦੇ ਦਿੱਤੀ। ਜਿਸਤੋਂ ਬਾਅਦ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਤੇ ਅਜਾਦ ਜਿੱਤਣ ਤੋਂ ਬਾਅਦ ਜੀਤ ਮਹਿੰਦਰ ਸਿੱਧੂ ਉਨ੍ਹਾਂ ਦੇ ਨਾਲ ਚਲੇ ਗਏ ਤੇ ਸਾਲ 2007 ਅਤੇ 2012 ਦੀਆਂ ਚੋਣਾਂ ਕਾਂਗਰਸ ਪਾਰਟੀ ਦੇ ਨਿਸ਼ਾਨ ’ਤੇ ਜਿੱਤੀਆਂ। 2014 ਦੀਆਂ ਲੋਕ ਸਭਾ ਚੋਣਾਂ ਤੋਂ ਅਚਾਨਕ ਪਹਿਲਾਂ ਮਾਰਚ 2014 ਵਿਚ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਕੇ ਮੁੜ ਅਕਾਲੀ ਦਲ ਵਿਚ ਸਮੂਲੀਅਤ ਕਰ ਲਈ ਤੇ ਇਸੇ ਸਾਲ ਵਿਚ ਹੋਈ ਉਪ ਚੋਣ ਵਿਚ ਮੁੜ ਅਕਾਲੀ ਦਲ ਦੇ ਉਮੀਦਵਾਰ ਵਜੋਂ ਜਿੱਤ ਪ੍ਰਾਪਤ ਕੀਤੀ। ਪ੍ਰੰਤੂ ਸਾਲ 2017 ਅਤੇ 2022 ਵਿਚ ਲਗਾਤਾਰ ਹਾਰ ਦਾ ਮੂੁੰਹ ਦੇਖਣਾ ਪਿਆ ਸੀ।
Share the post "ਸਾਬਕਾ ਵਿਧਾਇਕ ਜੀਤਮਹਿੰਦਰ ਸਿੱਧੂ ਨੇ ਅਕਾਲੀ ਦਲ ਨੂੰ ਕਿਹਾ ਅਲਵਿਦਾ, ਨਵੀਂ ਪਿੱਚ ’ਤੇ ਖੇਡ ਸਕਦੇ ਹਨ ਸਿਆਸੀ ਪਾਰੀ"