23 Views
ਡੀਏਪੀ ਤੇ ਯੂਰੀਆ ਦੀਆਂ ਬੋਰੀਆਂ ਦੇ ਨਾਲ ਥੋਪੀ ਜਾ ਰਹੀ ਹੈ ਨੈਨੋ ਯੂਰੀਆ ਤੇ ਡੀਏਪੀ ਖਾਦ
ਸੁਖਜਿੰਦਰ ਮਾਨ
ਬਠਿੰਡਾ,20 ਅਕਤੂਬਰ: ਆਗਾਮੀ ਕਣਕ ਦੀ ਬੀਜਾਈ ਦੇ ਸੀਜ਼ਨ ਦੌਰਾਨ ਡੀਏਪੀ ਅਤੇ ਯੂਰੀਆਂ ਦੀ ਵਧਦੀ ਮੰਗ ਦੇ ਚੱਲਦਿਆਂ ਇਫ਼ਕੋ ਵਲੋਂ ਸੂਬੇ ਦੀਆਂ ਸਹਿਕਾਰੀ ਸਭਾਵਾਂ ਨੂੰ ਸੌਂਪੇ ਜਾ ਰਹੇ ਜਬਰੀ ‘ਨੈਨੋ’ ਉਤਪਾਦਾਂ ਨੇ ‘ਸਕੱਤਰਾਂ’ ਲਈ ਨਵੀਂ ਮੁਸ਼ਕਿਲ ਖੜ੍ਹੀ ਕਰ ਦਿੱਤੀ ਹੈ। ਇਫ਼ਕੋ ਵਲੋਂ ਸਹਿਕਾਰੀ ਸਭਾਵਾਂ ਨੂੰ ਬੋਰੀਆਂ ਦੇ ਰੂਪ ਵਿੱਚ ਯੂਰੀਆ ਤੇ ਡੀਏਪੀ ਦੇ ਭੇਜੇ ਜਾ ਰਹੇ ਅਲਾਟ ਦੌਰਾਨ ਬਿਨਾਂ ਮੰਗ ਤੋਂ ਨੈਨੋ ਯੂਰੀਆ ਤੇ ਡੀਏਪੀ ਦੇ ਡੱਬਿਆਂ ਦੇ ਡੱਬਿਆਂ ਦਿੱਤੇ ਜਾ ਰਹੇ ਹਨ। ਇੰਨਾਂ ਦਿਨਾਂ ‘ਚ ਯੂਰੀਆ ਤੇ ਡੀਏਪੀ ਦੀ ਮੰਗ ਦੌਰਾਨ ਜਿੱਥੇ ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਲਈ ਕਿਸਾਨਾਂ ਦੀ ਖ਼ਾਦ ਦੀ ਮੰਗ ਪੂਰੀ ਕਰਨੀ ਔਖੀ ਹੋਈ ਪਈ ਹੈ, ਉਥੇ ਇਫ਼ਕੋ ਵਲੋਂ ਬਿਨਾਂ ਮੰਗ ਤੋਂ ਭੇਜੀ ਜਾ ਰਹੀ ਤਰਲ ਨੈਨੋ ਯੂਰੀਆ ਤੇ ਡੀਏਪੀ ਦੀ ਸੇਲ ਕਰਨ ਵਿਚ ਮੁਸ਼ਕਿਲ ਆ ਰਹੀ ਹੈ।
ਬੇਸ਼ੱਕ ਇਫ਼ਕੋ ਵਲੋਂ ਬੋਰੀ ਵਾਲੀ ਯੂਰੀਆ ਤੇ ਡੀਏਪੀ ਦੇ ਮੁਕਾਬਲੇ ਨੈਨੋ ਯੂਰੀਆ ਤੇ ਡੀਏਪੀ ਦੀਆਂ ਬੋਤਲਾਂ ਦੇ ਜ਼ਿਆਦਾ ਪ੍ਰਭਾਵੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰੰਤੂ ਕਿਸਾਨਾਂ ਦੀ ਹਾਲੇ ਵੀ ਬੋਰੀਆਂ ਵਾਲੀ ਯੂਰੀਆ ਤੇ ਡੀਏਪੀ ਪਹਿਲੀ ਪਸੰਦ ਬਣੀ ਹੋਈ ਹੈ। ਇਸਤੋਂ ਇਲਾਵਾ ਦਾਣੇਦਾਰ ਯੂਰੀਆ ਤੇ ਡੀਏਪੀ ਦੀ ਵਰਤੋਂ ਕਿਸਾਨਾਂ ਨੂੰ ਸੌਖੀ ਲੱਗਦੀ ਹੈ ਕਿਉਂਕਿ ਤਰਲ ਯੂਰੀਆ ਦੀ ਜਿੱਥੇ ਪੱਤਿਆਂ ਉਪਰ ਸਪਰੇਹ ਕੀਤੀ ਜਾਣੀ ਹੁੰਦੀ ਹੈ ਉਥੇ ਕਣਕ ਦੀ ਬਿਜਾਈ ਸਮੇਂ ਤਰਲ ਡੀਏਪੀ ਦੀ ਬੀਜ ਉਪਰ ਪਰਤ ਚੜਾਉਣੀ ਪੈਂਦੀ ਹੈ। ਹਾਲਾਂਕਿ ਜਿੰਨ੍ਹਾਂ ਕਿਸਾਨਾਂ ਨੇ ਇਸਦੀ ਵਰਤੋਂ ਪਹਿਲਾਂ ਵੀ ਕੀਤੀ ਹੈ ਉਹ ਇਸਦੇ ਚੰਗੇ ਨਤੀਜੇ ਆਉਣ ਦੀ ਹਾਮੀ ਭਰ ਰਹੇ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਕੇਂਦਰ ਵਲੋਂ ਯੂਰੀਆ ਤੇ ਡੀਏਪੀ ਦੀ ਵਧਦੀ ਮੰਗ ਦੇ ਚੱਲਦੇ ਇਸਦੇ ਬਦਲ ਵਜੋਂ ‘ਤਰਲ’ ਪਦਾਰਥ ਦੇ ਰੂਪ ਵਿੱਚ ਯੂਰੀਆ ਤੇ ਡੀਏਪੀ ਤਿਆਰ ਕੀਤੀ ਗਈ ਹੈ। ਇਫ਼ਕੋ ਦੇ ਅਧਿਕਾਰੀਆਂ ਮੁਤਾਬਕ ਯੂਰੀਆ ਦੀ ਇਕ ਬੋਤਲ ਇਕ ਬੋਰੀ ਦੇ ਬਰਾਬਰ ਕੰਮ ਕਰਦੀ ਹੈ। ਇਸ ਬੋਤਲ ਦੀ ਕੀਮਤ ਬੋਰੀ ਦੇ ਮੁਕਾਬਲੇ ਘੱਟ ਜਾਣੀ 225 ਰੁਪਏ ਰੱਖੀ ਗਈ ਹੈ ਜਦਕਿ ਯੂਰੀਆ ਦੀ ਇਕ 50 ਕਿਲੋ ਬੋਰੀ ਦੀ ਕੀਮਤ 266 ਰੁਪਏ ਹੈ। ਇਸੇ ਤਰ੍ਹਾਂ ਨੈਨੋ ਡੀਏਪੀ ਬੋਤਲ ਦੀ ਕੀਮਤ 600 ਰੁਪਏ ਰੱਖੀ ਹੈ ਜਦਕਿ ਬੋਰੀ ਦੀ ਕੀਮਤ 1350 ਰੁਪਏ ਹੈ ਤੇ ਇਸ ਬੋਤਲ ਦੇ ਇਕ ਬੋਰੀ ਦੇ ਬਰਾਬਰ ਪ੍ਰਭਾਵ ਰੱਖਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੇ ਦੱਸਿਆ ਕਿ ਪੰਜਾਬ ਭਰ ਦੀਆਂ ਸਹਿਕਾਰੀ ਸਭਾਵਾਂ ਵਿਚ ਇਫ਼ਕੋ ਵਲੋਂ ਪ੍ਰਤੀ ਟਰੱਕ 40 ਤੋਂ 50 ਪ੍ਰਤੀਸ਼ਤ ਨੈਨੋ ਯੂਰੀਆ ਤੇ ਡੀਏਪੀ ਭੇਜੀ ਜਾ ਰਹੀ ਹੈ ਜਦਕਿ ਉਨ੍ਹਾਂ ਵੱਲੋਂ ਇਸਦੀ ਕੋਈ ਡਿਮਾਂਡ ਵੀ ਨਹੀਂ ਭੇਜੀ ਹੁੰਦੀ। ਜਿਸ ਕਾਰਨ ਸਹਿਕਾਰੀ ਸਭਾਵਾਂ ਦਾ ਸਕੱਤਰ ਖ਼ਫ਼ਾ ਨਜ਼ਰ ਆ ਰਹੇ ਹਨ ।
ਦੂਜੇ ਪਾਸੇ ਇਫ਼ਕੋ ਤੋਂ ਇਲਾਵਾ ਕੇਂਦਰ ਸਰਕਾਰ ਦੁਆਰਾ ਵੀ ਨੈਨੋ ਯੂਰੀਆ ਨੂੰ ਇੱਕ ਕ੍ਰਾਂਤੀ ਮੰਨਦੇ ਹੋਏ ਨੈਨੋ ਤਰਲ ਬਣਾਉਣ ਵਾਲੇ ਆਪਣੇ ਇੰਜੀਨੀਅਰਾਂ ਦੀ ਪਿੱਠ ਵੀ ਥਾਪੜੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਤਰਲ ਖਾਦ ਨੂੰ ਹੀ ਬੜਾਵਾ ਦੇਣ ਲਈ ਕਿਹਾ ਜਾ ਰਿਹਾ ਹੈ। ਇਸਦੇ ਪਿੱਛੇ ਇਕ ਤਰਕ ਇਹ ਵੀ ਦਿਤਾ ਜਾ ਰਿਹਾ ਹੈ ਕਿ ਜਿੱਥੇ ਬੋਰੀ ਦੀ ਪੈਕਿੰਗ ਵਾਲੀ ਖਾਦ ਲਈ ਬਾਰਦਾਨਾਂ, ਇਸਦੀ ਰੱਖ-ਰਖਾਉ ਤੇ ਉਸਦੀ ਢੋਆ-ਢੁਆਈ ਵੀ ਵੱਡੀ ਚੁਣੌਤੀ ਹੁੰਦੀ ਹੈ ਉਥੇ ਨੈਨੋ ਖਾਦ ਦੇ ਨਾਲ ਕੇਂਦਰ ਉਪਰ ਸਬਸਿਡੀ ਦੇ ਰੂਪ ਵਿੱਚ ਪੈਣ ਵਾਲਾ ਭਾਰ ਵੀ ਘੱਟ ਜਾਵੇਗਾ।
ਗੌਰਤਲਬ ਹੈ ਕਿ ਬਠਿੰਡਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹੇ ਅੰਦਰ 193 ਸਹਿਕਾਰੀ ਸਭਾਵਾਂ ਹਨ, ਜਿੰਨਾ ਵਿਚ ਇਫਕੋ ਵੱਲੋਂ ਇੱਕ ਟਰੱਕ ਪਿੱਛੇ 40 ਤੋਂ 50 ਪ੍ਰਤੀਸ਼ਤ ਨੈਨੋ ਯੂਰੀਆ ਅਤੇ ਨੈਨੋ ਡੀ.ਏ.ਪੀ ਭੇਜੀ ਗਈ ਹੈ । ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਫਕੋ ਵੱਲੋਂ ਨੈਨੋ ਯੂਰੀਆ ਧੱਕੇ ਨਾਲ ਭੇਜੀ ਜਾ ਰਹੀ ਅਤੇ ਉਨ੍ਹਾਂ ਨੂੰ ਅੱਗੇ ਧੱਕੇ ਨਾਲ ਕਿਸਾਨਾਂ ਨੂੰ ਮੜ੍ਹਨੀ ਪੈ ਰਹੀ, ਜਦੋਂ ਕਿ ਕਿਸਾਨ ਨੈਨੋ ਯੂਰੀਆ ਲੈਣ ਤੋਂ ਕੰਨੀ ਕਤਰਾਉਂਦੇ ਹਨ। ਮਿਲੇ ਅੰਕੜਿਆਂ ਮੁਤਾਬਿਕ ਬਠਿੰਡਾ ਜ਼ਿਲ੍ਹੇ ਦੀਆਂ ਸੁਸਇਟੀਆ ਦੀ ਗੱਲ ਕੀਤੀ ਜਾਵੇ ਤਾਂ ਹਰਰੰਗਪੁਰਾ ਵਿਚ 240 ਪੀਸ, ਪੂਹਲਾ 240, ਬਜੂਆਣਾ ਵਿਚ 550, ਚੱਠੇ ਵਾਲਾ 554, ਜਗਾ ਵਿਚ 300, ਜੋਧਪੁਰ ਵਿੱਚ 1440, ਕੋਟਫੱਤਾ ਵਿਚ 245, ਗਿੱਦੜ ਵਿਚ 500, ਕਲਿਆਣ ਸੁੱਖਾ ਵਿਚ 900 , ਨੰਦਗੜ੍ਹ ਵਿਚ 150, ਫ਼ਰੀਦਕੋਟ ਕੋਟਲੀ 450, ਮਹਿਮਾ ਸਰਜਾ ਵਿਚ 500 ਬੋਤਲਾਂ ਦਾ ਸਟਾਕ ਪਿਆ ਹੈ।
ਬਹੁਮੰਤਵੀ ਸਹਿਕਾਰੀ ਖੇਤੀਬਾੜੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਬਲਜਿੰਦਰ ਸ਼ਰਮਾ ਕੋਟ ਸ਼ਮੀਰ ਦਾ ਕਹਿਣਾ ਹੈ ਕਿ ਹਾਲੇ ਤੱਕ ਕਿਸਾਨ ਨੈਨੋ ਯੂਰੀਆ ਤੇ ਡੀਏਪੀ ਦੇ ਮੁਕਾਬਲੇ ਬੋਰੀ ਵਾਲੀ ਖਾਦ ਨੂੰ ਹੀ ਤਰਜੀਹ ਦੇ ਰਹੇ ਹਨ ਜਿਸਦੇ ਚੱਲਦੇ ਤਰਲ ਖਾਦ ਕਿਸਾਨਾਂ ਸੇਲ ਕਰਨ ਵਿਚ ਦਿੱਕਤ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਇਫਕੋ ਅਦਾਰੇ ਵੱਲੋਂ ਪਹਿਲਾ ਕਿਸਾਨਾਂ ਨੂੰ ਨੈਨੋ ਤਰਲ ਯੂਰੀਆ ਪ੍ਰਤੀ ਸੈਮੀਨਾਰ ਲਗਾ ਕੇ ਜਾਣਕਾਰੀ ਦੇਣੀ ਚਾਹੀਦੀ ਤਾਂ ਜੋ ਇਸ ਪ੍ਰਤੀ ਕਿਸਾਨਾਂ ਦਾ ਵਿਸ਼ਵਾਸ ਬਣ ਸਕੇ। ਉਨ੍ਹਾਂ ਮੰਗ ਕੀਤੀ ਕਿ ਇਫਕੋ ਵੱਲੋਂ ਸੁਸਇਟੀਆ ਨਾਲ ਧੱਕੇ ਸ਼ਾਹੀ ਨਾ ਕੀਤੀ ਜਾਵੇ।
ਇਫਕੋ ਦੇ ਪਹਿਲੇ ਮੈਨੇਜਰ ਦਾ ਪੱਖ: ਇਸ ਸਬੰਧੀ ਇਫਕੋ ਦੇ ਜ਼ਿਲ੍ਹਾ ਮੈਨੇਜਰ ਗੌਤਮ ਕੁਮਾਰ ਨੇ ਨੈਨੋ ਯੂਰੀਆ ਤੇ ਡੀਏਪੀ ਸਹਿਕਾਰੀ ਸਭਾਵਾਂ ਨੂੰ ਧੱਕੇ ਨਾਲ ਦੇਣ ਦੇ ਦਾਅਵੇ ਨੂੰ ਗ਼ਲਤ ਦਸਦਿਆਂ ਕਿਹਾ ਕਿ ਇਹ ਫ਼ਸਲਾਂ ਵਿਚ ਬਹੁਤ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਫ਼ਸਲਾਂ ਲਈ ਪਹਿਲਾਂ ਦਾਣੇਦਾਰ ਯੂਰੀਆ ਦੀ ਵਰਤੋਂ ਕੀਤੀ ਜਾਵੇ ਅਤੇ ਬਾਅਦ ਵਿਚ ਦੂਜੀ ਸਪਰੇਅ ਨੈਨੋ ਯੂਰੀਆ ਦੀ ਕੀਤੀ ਜਾਵੇ ਤਾਂ ਬਹੁਤ ਚੰਗਾ ਨਤੀਜਾ ਦਿੰਦੀ ਹੈ। ਉਨ੍ਹਾਂ ਕਿਹਾ ਇਸ ਦੇ ਪ੍ਰਚਾਰ ਲਈ ਬਕਾਇਦਾ ਕੈਂਪ ਵੀ ਲਗਾ ਰਹੇ ਹਨ।