ਸੰਗਰੂਰ ਦੇ ਰੇਲਵੇ ਸਟੇਸ਼ਨ ’ਤੇ ਏਜੰਟ ਕੋਲੋਂ ਲੁੱਟਿਆ ਸੋਨਾ ਬਠਿੰਡਾ ਪੁਲਿਸ ਨੇ ਕਰਵਾਇਆ ਸੀ ਬਰਾਮਦ
ਚਾਰ ਹਾਲੇ ਹੋਰ ਫਰਾਰ, ਕੁਝ ਹੋਰ ਦੇ ਵੀ ਪੁਲਿਸ ਮੁਲਾਜ਼ਮ ਹੋਣ ਦੀ ਹੈ ਸੰਭਾਵਨਾ
ਬਠਿੰਡਾ, 5 ਦਸੰਬਰ : ਚੌਕੀਦਾਰ ਦੇ ਚੋਰਾਂ ਨਾਲ ਰਲਣ ਦੀ ਕਹਾਵਤ ਤਾਂ ਤੁਸੀਂ ਕਈ ਵਾਰ ਸੁਣੀ ਹੋਵੇਗੀ ਪਰ ਜੇ ਕਾਨੂੰਨ ਦਾ ਰਖਵਾਲਾ ਹੀ ਲੁਟੇਰਾ ਬਣ ਜਾਵੇ ਤਾਂ ਫੇਰ ਰੱਬ ਹੀ ਰਾਖਾ ਹੁੰਦਾ ਹੈ। ਅਜਿਹਾ ਹੀ ਇਕ ਮਾਮਲਾ ਹੁਣ ਸਾਹਮਣੇ ਆਇਆ ਹੈ ਜਦ ਕਾਨੂੰਨ ਦੀ ਰਾਖੀ ਲਈ ਪਹਿਨੀਂ ਵਰਦੀ ਦੀ ਦੁਰਵਰਤੋ ਕਰਦਿਆਂ ਇਕ ਪੁਲਿਸ ਮੁਲਾਜ਼ਮ ਆਪਣੇ ਸਾਥੀਆਂ ਨਾਲ ਮਿਲਕੇ ਲੁਟੇਰਾ ਬਣ ਗਿਆ। ਇਹ ਮਾਮਲਾ ਬੀਤੀ ਪਰਸੋਂ ਰਾਤ ਦਾ ਹੈ ਜਦ ਪੰਜ ਵਿਅਕਤੀਆਂ ਨੇ ਦਿੱਲੀ ਤੋਂ ਸੁਨਿਆਰਿਆਂ ਦਾ ਸੋਨਾ ਲੈ ਕੇ ਆਏ ਇਕ ਏਜੰਟ ਕੋਲੋਂ ਸੋਨੇ ਦਾ ਭਰਿਆ ਹੋਇਆ ਬੈਗ ਹਥਿਆਰਾਂ ਦੀ ਨੋਕ ’ਤੇ ਖੋਹ ਲਿਆ ਸੀ। ਇਸ ਬੈਗ ਵਿਚ ਕਰੀਬ ਪੌਣੇ ਚਾਰ ਕਿਲੋ ਸੋਨਾ ਸੀ।
ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਥਾਣਾ ਸਿਵਲ ਲਾਈਨ ਦੇ ਐਸ ਐਚ ਓ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਹੀ ਪੁਲਿਸ ਪਾਰਟੀ ਨੇ ਸੰਗਰੂਰ ਤੋਂ ਲੁੱਟਿਆ ਪੌਣੇ ਚਾਰ ਕਿਲੋ ਸੋਨਾ ਬਰਾਮਦ ਕਰ ਲਿਆ ਸੀ ਪਰੰਤੂ ਲੁਟੇਰੇ ਮੌਕੇ ’ਤੇ ਪੁਲਿਸ ਨਾਲ ਹੱਥੋਪਾਈ ਹੁੰਦੇ ਫਰਾਰ ਹੋ ਗਏ ਸਨ ਪ੍ਰੰਤੂ ਉਨ੍ਹਾਂ ਦੀ ਸਿਨਾਖ਼ਤ ਦੇ ਸਬੂਤ ਪੁਲਿਸ ਹੱਥ ਲੱਗ ਗਏ ਸਨ, ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਬਣਾਈਆਂ ਗਈਆਂ ਸਨ ਤੇ ਅੱਜ ਸਵੇਰੇ ਉਹਨਾਂ ਵਿੱਚੋਂ ਇੱਕ ਮੁਲਜਮ ਅਸੀਮ ਕੁਮਾਰ ਜੋ ਕਿ ਪੰਜਾਬ ਪੁਲਿਸ ਵਿੱਚ ਬਤੌਰ ਕਾਂਸਟੇਬਲ ਤੈਨਾਤ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਮੰਨਿਆ ਕਿ ਬਾਕੀ ਚਾਰ ਹੋਰ ਮੁਜਰਮਾਂ ਵਿੱਚ ਕੁਝ ਪੁਲਿਸ ਮੁਲਾਜ਼ਮ ਹੋ ਸਕਦੇ ਹਨ। ਪ੍ਰੰਤੂ ਇਸਦਾ ਪਤਾ ਗਿਰਫਤਾਰੀ ਤੋਂ ਬਾਅਦ ਹੀ ਲੱਗੇਗਾ।
ਮੁੱਖ ਮੰਤਰੀ ਵੱਲੋਂ ਪੁਲਿਸ ਅਫ਼ਸਰਾਂ ਨੂੰ ਨਸ਼ਿਆਂ ਖਿਲਾਫ਼ ਆਰ-ਪਾਰ ਦੀ ਲੜਾਈ ਨੂੰ ਅੰਜ਼ਾਮ ਤੱਕ ਲਿਜਾਣ ਦੇ ਹੁਕਮ
ਜਿਕਰਯੋਗ ਹੈ ਕਿ ਇਸ ਸਬੰਧ ਵਿਚ ਪੁਲਿਸ ਕੋਲ ਸਾਹਿਲ ਖਿੱਪਲ ਪੁੱਤਰ ਮਨਮੋਹਨ ਸਿੰਘ ਨੇ ਦੱਸਿਆ ਸੀ ਕਿ ਕੰਪਨੀ ਦਾ ਨਾਮ ਸ਼੍ਰੀ ਬਰਾਇਟ ਮਜੈਸਟਿਕ ਕੰਪਨੀ ਹੈ ਜਿਸਦਾ ਦਫਤਰ ਸੂਰਤ ਵਿਖੇ ਹੈ ਜੋ ਸੁਨਿਆਰਿਆ ਦੇ ਆਰਡਰ ਪਰ ਸੋਨਾ ਬਣਾ ਕੇ ਸਪਲਾਈ ਕਰਦੀ ਹੈ। ਅੱਗਿਓ ਉ੍ਹਨਾਂ ਦਾ ਇੱਕ ਕਰਮਚਾਰੀ ਰਾਜੂ ਰਾਮ ਪੁੱਤਰ ਗਵੋਰਧਨ ਵਾਸੀ ਬੀਕਾਨੇਰ ਰਾਜਸਥਾਨ ਦਿੱਲੀ ਤੋਂ ਟਰੇਨ ਰਾਹੀਂ ਸੋਨੇ ਦੇ ਗਹਿਣਿਆਂ ਵਾਲਾ ਬੈਗ ਲੈ ਕੇ ਬਠਿੰਡਾ ਆ ਰਿਹਾ ਸੀ। ਇਸ ਦੌਰਾਨ ਕੁਝ ਨੌਜਵਾਨਾਂ ਨੇ ਸੰਗਰੂਰ ਰੇਲਵੇ ਸਟੇਸ਼ਨ ’ਤੇ ਰਾਜੂ ਰਾਮ ਕੋਲੋਂ ਗਹਿਣਿਆਂ ਵਾਲਾ ਬੈਗ ਖੋਹ ਲਿਆ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਘਟਨਾ ਨੂੰ ਅੰਜਾਮ ਦੇਣ ਸਮੇਂ ਦੋ ਵਿਅਕਤੀਆਂ ਨੇ ਪੰਜਾਬ ਪੁਲਿਸ ਦੀ ਵਰਦੀ ਪਹਿਨੀ ਹੋਈ ਸੀ।
ਭਾਈ ਰੋਡੇ ਦਾ ਸਾਥੀ ਪਰਮਜੀਤ ਸਿੰਘ ਉਰਫ ਢਾਡੀ ਗ੍ਰਿਫਤਾਰ
ਘਟਨਾ ਤੋਂ ਬਾਅਦ ਅਲਰਟ ਹੋਈ ਪੁਲਿਸ ਵਲੋਂ ਮਿਲੀ ਸੂਚਨਾ ਦੇ ਆਧਾਰ ’ਤੇ ਬਠਿੰਡਾ ਪੁਲਿਸ ਨੇ ਬੀਬੀਵਾਲਾ ਚੌਂਕ ਵਿਖੇ ਨਾਕਾ ਲਗਾਇਆ ਸੀ, ਜਿੱਥੇ ਸ਼ੱਕੀ ਇਟਓਸ ਕਾਰ ਨੂੰ ਘੇਰਿਆ ਗਿਆ, ਜਿਸ ਵਿਚ 4 ਨੌਜਵਾਨ ਸਵਾਰ ਸਨ, ਜਿੰਨਾਂ ਵਿਚੋਂ 2 ਨੌਜਵਾਨ ਪੁਲਿਸ ਵਰਦੀ ਵਿਚ ਸਨ। ਇਸ ਦੌਰਾਨ ਪੁਲਿਸ ਮੁਲਾਜਮਾਂ ਦੀ ਇੰਨ੍ਹਾਂ ਨਾਲ ਹੱਥੋਪਾਈ ਵੀ ਹੋਈ ਅਤੇ ਹੱਥੋਪਾਈ ਦੌਰਾਨ ਸੋਨੇ ਵਾਲਾ ਬੈਗ ਕਬਜ਼ੇ ਵਿਚ ਲੈ ਲਿਆ ਗਿਆ ਸੀ ਤੇ ਮੁਜਰਮ ਫ਼ਰਾਰ ਹੋਣ ਵਿਚ ਸਫ਼ਲ ਰਹੇ ਸਨ। ਇਸ ਸਬੰਧੀ ਮੁ ਨੰ 335 ਮਿਤੀ 04.12.2023 ਅ/ਧ 411 ਆਈ ਪੀ ਸੀ ਥਾਣਾ ਸਿਵਲ ਲਾਈਨ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ ਸੀ। ਜਿੰਨ੍ਹਾਂ ਵਿਚ ਅਸੀਮ ਕੁਮਾਰ ਵਾਸੀ ਪਿੰਡ ਰਾਮਸਰਾ ਜ਼ਿਲ੍ਹਾ ਫ਼ਾਜਲਿਕਾ, ਜੈਰਾਮ ਵਾਸੀ ਰਾਏਪੁਰ ਜ਼ਿਲ੍ਹਾ ਫ਼ਾਜਲਿਕਾ, ਵਿਨੋਦ ਕੁਮਾਰ ਵਾਸੀ ਸੀਤੋ ਗੁੰਨੋ ਜ਼ਿਲ੍ਹਾ ਫ਼ਾਜਲਿਕਾ ਅਤੇ ਨਿਸ਼ਾਨ ਸਿੰਘ ਵਾਸੀ ਪਿੰਡ ਸਰਾਵਾਂ ਬੋਦਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਇੱਕ ਅਗਿਆਤ ਵਿਅਕਤੀ ਨਾਮਜਦ ਕੀਤਾ ਗਿਆ ਸੀ।